ਰੂਫਟਾਪ ਸੋਲਰ ਲਾਓ, ਖ਼ੁਦ ਬਿਜਲੀ ਬਣਾਓ, ਬਿੱਲ ਬਚਾਓ ਰੂਫਟਾਪ ਸੋਲਰ ਲਾਓ, ਖੁਦ ਬਿਜਲੀ ਬਣਾਓ, ਬਿੱਲ ਬਚਾਓ
Publish Date: Thu, 08 Oct 2026 07:19 PM (IST)
Updated Date: Thu, 08 Oct 2026 07:20 PM (IST)
ਰੂਫਟਾਪ ਸੋਲਰ ’ਤੇ 78 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਖਪਤਕਾਰਾਂ ਨੂੰ ਜਾਗਰੂਕ ਕਰ ਰਿਹਾ ਪੀਐੱਸਪੀਸੀਐੱਲ ਕਰ ਰਿਹਾ ਜਾਗਰੂਕ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਘਰ ਦੀ ਛੱਤ ’ਤੇ ਸੋਲਰ ਲਗਾ ਕੇ ਖੁਦ ਵਰਤਣਯੋਗ ਬਿਜਲੀ ਬਣਾ ਕੇ ਜਿੱਥੇ ਬਿਜਲੀ ਵੱਡੇ ਬਿਜਲੀ ਬਿੱਲ ਤੋਂ ਬਚਾਅ ਹੋ ਸਕਦਾ ਹੈ, ਉਥੇ ਹੀ ਵਾਧੂ ਬਿਜਲੀ ਗਰਿੱਡ ਨੂੰ ਵੀ ਦਿੱਤੀ ਜਾ ਸਕਦੀ ਹੈ। ਪੀਐੱਮ ਸੂਰਿਆ ਘਰ : ਮੁਫ਼ਤ ਬਿਜਲੀ ਯੋਜਨਾ ਬਾਰੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡੀਐੱਸ ਵੈਸਟ ਡਵੀਜ਼ਨ, ਪਟਿਆਲਾ ਵੱਲੋਂ 7 ਤੋਂ 9 ਅਕਤੂਬਰ 2026 ਤੱਕ ਰੇਲਵੇ ਸਟੇਸ਼ਨ ਨੇੜੇ ਸਥਿਤ ਸਬ-ਡਵੀਜ਼ਨ ਦਫ਼ਤਰ ਵਿਖੇ ਸੇਵਾ ਸੇਤੂ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਇਸ ਪ੍ਰਮੁੱਖ ਪਹਿਲਕਦਮੀ ਤਹਿਤ ਪੂਰੇ ਪੰਜਾਬ ਵਿੱਚ ਚਲਾਏ ਜਾ ਰਹੇ ਸੇਵਾ ਸੇਤੂ ਅਭਿਆਨ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਹਰ ਘਰ ਤੱਕ ਰੂਫਟਾਪ ਸੋਲਰ ਅਤੇ ਪ੍ਰਤੀ ਮਹੀਨਾ 300 ਯੂਨਿਟ ਤੱਕ ਮੁਫ਼ਤ ਬਿਜਲੀ ਪਹੁੰਚਾਉਣਾ ਹੈ। ਪੀਐੱਸਪੀਸੀਐੱਲ ਸੀਨੀਅਰ ਐਕਸੀਅਨ, ਡੀਐੱਸ ਵੈਸਟ ਡਵੀਜ਼ਨ ਇੰਜ. ਜਗਮੋਹਨ ਸਿੰਘ ਨੇ ਕੈਂਪ ਦਾ ਦੌਰਾ ਕੀਤਾ ਅਤੇ ਖਪਤਕਾਰਾਂ ਨਾਲ ਯੋਜਨਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਘਰੇਲੂ ਖਪਤਕਾਰਾਂ ਨੂੰ ਇਕ ਕਿਲੋਵਾਟ ਸਿਸਟਮ ਤੇ 30,000 ਰੁਪਏ, 2 ਕਿਲੋਵਾਟ ’ਤੇ 60,000 ਰੁਪਏ ਅਤੇ 3 ਕਿਲੋਵਾਟ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਸਿਸਟਮ ’ਤੇ ਵੱਧ ਤੋਂ ਵੱਧ 78,000 ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਮਿਲਦੀ ਹੈ। ਪਲਾਂਟ ਤੋਂ ਪੈਦਾ ਹੋਈ ਬਿਜਲੀ ਪਹਿਲਾਂ ਘਰ ਵਿੱਚ ਵਰਤੀ ਜਾਂਦੀ ਹੈ ਅਤੇ ਗਰਿੱਡ ਨੂੰ ਦਿੱਤੀ ਵਾਧੂ ਬਿਜਲੀ ਦਾ ਬਿੱਲ ਵਿੱਚ ਸਮਾਯੋਜਨ ਕੀਤਾ ਜਾਂਦਾ ਹੈ, ਜਿਸ ਨਾਲ ਮਹੀਨਾਵਾਰ ਬਿਜਲੀ ਖਰਚ ਵਿੱਚ ਕਾਫ਼ੀ ਕਮੀ ਆਉਂਦੀ ਹੈ। ਉਨ੍ਹਾਂ ਖਪਤਕਾਰਾਂ ਨੂੰ ਸਲਾਹ ਦਿੱਤੀ ਕਿ ਪਲਾਂਟ ਦੀ ਸਮਰੱਥਾ ਆਪਣੀ ਅਸਲ ਮਹੀਨਾਵਾਰ ਖਪਤ ਅਤੇ ਉਪਲਬਧ ਛੱਤ ਦੀ ਥਾਂ ਦੇ ਆਧਾਰ ਤੇ ਤੈਅ ਕਰਨ, ਸਿਰਫ਼ ਸੂਚੀਬੱਧ ਵੈਂਡਰਾਂ ਨਾਲ ਹੀ ਸੰਪਰਕ ਕਰਨ ਅਤੇ ਕਿਸੇ ਵੀ ਭੁਗਤਾਨ ਤੋਂ ਪਹਿਲਾਂ ਕੋਟੇਸ਼ਨ, ਵਾਰੰਟੀ ਅਤੇ ਆਫਟਰ-ਸੇਲਜ਼ ਸਰਵਿਸ ਦੀਆਂ ਸ਼ਰਤਾਂ ਦੀ ਜਾਂਚ ਜ਼ਰੂਰ ਕਰਨ। ਕੈਂਪ ਵਿੱਚ ਐੱਸਡੀਓ ਵੈਸਟ ਕਮਰਸ਼ੀਅਲ ਸਬ-ਡਵੀਜ਼ਨ ਇੰਜ. ਪ੍ਰੀਤਇੰਦਰ ਸਿੰਘ ਪੀਐੱਸਪੀਸੀਐੱਲ ਸਟਾਫ਼ ਸਮੇਤ ਹਾਜ਼ਰ ਰਹੇ। ਵੱਖ-ਵੱਖ ਸੂਚੀਬੱਧ ਸੋਲਰ ਵੈਂਡਰਾਂ ਨੇ ਖਪਤਕਾਰਾਂ ਨੂੰ ਰੂਫਟਾਪ ਸੋਲਰ ਸਿਸਟਮ, ਪਲਾਂਟ ਦੀ ਸਮਰੱਥਾ, ਉਪਕਰਣਾਂ ਦੀ ਗੁਣਵੱਤਾ ਅਤੇ ਇੰਸਟਾਲੇਸ਼ਨ ਬਾਰੇ ਜਾਗਰੂਕ ਕੀਤਾ। ਬੈਂਕਾਂ ਦੇ ਨੁਮਾਇੰਦਿਆਂ ਨੇ ਸੋਲਰ ਪਲਾਂਟ ਸਿਸਟਮ ਲਈ ਉਪਲਬਧ ਕਰਜ਼ਾ ਸਕੀਮਾਂ, ਜਿਨ੍ਹਾਂ ਵਿੱਚ ਰਿਆਇਤੀ ਦਰਾਂ ’ਤੇ ਬਿਨਾਂ ਗਰੰਟੀ ਕਰਜ਼ਾ ਸ਼ਾਮਲ ਹੈ, ਬਾਰੇ ਜਾਣਕਾਰੀ ਦਿੱਤੀ। ਖਪਤਕਾਰਾਂ ਨੂੰ ਰੂਫਟਾਪ ਸੋਲਰ ਕੁਨੈਕਸ਼ਨ, ਨੈੱਟ ਮੀਟਰਿੰਗ ਅਤੇ ਆਨਲਾਈਨ ਰਜਿਸਟ੍ਰੇਸ਼ਨ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ ਅਤੇ ਮੌਕੇ ’ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਦੇ ਆਖਰੀ ਦਿਨ 9 ਅਕਤੂਬਰ ਨੂੰ ਕੈਂਪ ਵਿੱਚ ਪਹੁੰਚ ਕੇ ਸਵੱਛ ਊਰਜਾ ਅਤੇ ਘੱਟ ਬਿਜਲੀ ਬਿੱਲ ਲਈ ਸਰਕਾਰ ਦੀ ਇਸ ਪਹਿਲਕਦਮੀ ਦਾ ਲਾਭ ਲੈਣ। ਖਪਤਕਾਰ pmsuryaghar.gov.in ਜਾਂ ਪੀਐੱਮ ਸੂਰਿਆ ਘਰ ਮੋਬਾਈਲ ਐਪ ਰਾਹੀਂ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ।