ਮਾਈਨਿੰਗ ਵਿਭਾਗ ਦਾ ਐੱਸਡੀਓ ਵੱਢੀ ਲੈਂਦਾ ਕਾਬੂ ਮਾਈਨਿੰਗ ਵਿਭਾਗ ਦਾ ਐਸ.ਡੀ.ਓ. ਵੱਢੀ ਲੈਂਦਾ ਕਾਬੂ
Publish Date: Thu, 08 Oct 2026 06:38 PM (IST)
Updated Date: Thu, 08 Oct 2026 06:38 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਪੰਜਾਬ ਵਿਜੀਲੈਂਸ ਬਿਊਰੋ ਨੇ ਮਾਈਨਿੰਗ ਵਿਭਾਗ ਨਾਭਾ ਵਿਖੇ ਤਾਇਨਾਤ ਸਬ-ਡਵੀਜ਼ਨਲ ਅਫ਼ਸਰ ਹਰਦੀਪ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਦੇ ਰਹਿਣ ਵਾਲੇ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਐਸ.ਡੀ.ਓ. ਹਰਦੀਪ ਸਿੰਘ ਉਸ ਦੇ ਓਵਰਲੋਡ ਟਿੱਪਰ ਵਾਹਨਾਂ ਦੇ ਚਲਾਨ ਕੱਟਣ ਦੀ ਧਮਕੀ ਦੇ ਰਿਹਾ ਸੀ ਅਤੇ ਕੋਈ ਕਾਰਵਾਈ ਨਾ ਕਰਨ ਬਦਲੇ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਕਿਸੇ ਵੀ ਕਿਸਮ ਦੀ ਰਿਸ਼ਵਤ ਦੇਣ ਤੋਂ ਇਨਕਾਰੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨਾਲ ਰਾਬਤਾ ਕੀਤਾ। ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਐੱਸ.ਡੀ.ਓ. ਹਰਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।