ਅਧਿਕਾਰੀਆਂ ਦੇ ਭਰੋਸੇ ਮਗਰੋਂ ਟੋਲ ਪਲਾਜ਼ਾ ’ਤੇ ਧਰਨਾ ਖ਼ਤਮ ਅਧਿਕਾਰੀਆਂ ਦੇ ਭਰੋਸੇ ਮਗਰੋਂ ਟੋਲ ਪਲਾਜ਼ਾ ’ਤੇ ਧਰਨਾ ਸਮਾਪਤ
Publish Date: Thu, 08 Oct 2026 06:16 PM (IST)
Updated Date: Thu, 08 Oct 2026 06:17 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਪਟਿਆਲਾ ਰਾਜਪੁਰਾ ਰੋਡ ਦੀ ਮਾੜੀ ਹਾਲਤ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਬੁੱਧਵਾਰ ਨੂੰ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਅਣਮਿੱਥੇ ਸਮੇਂ ਲਈ ਟੋਲ ਫ੍ਰੀ ਕਰ ਕੇ ਲਾਇਆ ਗਿਆ ਧਰਨਾ ਪ੍ਰਸ਼ਾਸਨਿਕ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਵਲੋਂ ਲਿਖਤੀ ਭਰੋਸਾ ਦੇਣ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ। ਸਮਾਜਸੇਵੀ ਸੰਸਥਾ ਦਿਲੋ ਸੇਵਾ ਵੈਲਫ਼ੇਅਰ ਸੁਸਾਇਟੀ ਦੇ ਆਗੂ ਅਮਨਿੰਦਰਪਾਲ ਸਿੰਘ ਜਲਾਲਪੁਰ ਨੇ ਦੱਸਿਆ ਕਿ ਬੀਕੇਯੂ ਏਕਤਾ ਸਿੱਧੂਪੁਰ, ਬੀਕੇਯੂ ਏਕਤਾ ਭਟੇੜੀਕਲਾਂ, ਵਾਰਿਸ ਪੰਜਾਬ ਦੇ, ਮਿਸ਼ਨ ਸਤਲੁਜ, ਵਿਦਿਆਰਥੀ ਜਥੇਬੰਦੀ ਪੁਸੋ, ਐਸਓਆਈ, ਯੂਨਾਇਟਡ ਸਿੱਖ ਫੈਡਰੇਸ਼ਨ ਆਦਿ ਸਹਿਯੋਗੀ ਜਥੇਬੰਦੀਆਂ ਦੀ ਹਮਾਇਤ ਨਾਲ ਪਟਿਆਲਾ ਰਾਜਪੁਰਾ ਰੋਡ ਦੀ ਮਾੜੀ ਹਾਲਤ ਅਤੇ ਵਾਹਨ ਚਾਲਕਾਂ ਨੂੰ ਬਣਦੀਆਂ ਸਹੂਲਤਾਂ ਉਪਲੱਬਧ ਨਾ ਕਰਵਾਉਣ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ ਪਰ ਇਸ ਸੜਕ ਦੇ ਹਾਲਾਤ ਸੁਧਾਰਨ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਰੋਡ ਤੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਹਾਈਵੇਅ ਅਥਾਰਟੀ ਵਾਹਨ ਚਾਲਕਾਂ ਤੋਂ ਲੱਖਾਂ ਰੁਪਏ ਟੋਲ ਵਸੂਲਦੀ ਹੈ ਪਰ ਟੋਲ ਰੋਡ ਤੇ ਬਣਦੀਆਂ ਸਹੂਲਤਾਂ ਦੇਣ ਤੋਂ ਇਨਕਾਰੀ ਹੈ। ਸੜਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ, ਨਿਕਾਸੀ ਨਾਲੇ ਬੰਦ ਪਏ ਹਨ, ਨਾਲਿਆਂ ਦੀਆਂ ਸਲੈਬਾਂ ਗਾਇਬ ਹਨ, ਲਾਈਟਾਂ ਬੰਦ ਪਈਆਂ ਹਨ। ਟੋਲ ਪਲਾਜ਼ਾ ਵਿਖੇ ਨਾ ਐਂਬੂਲੈਂਸ ਹੈ ਅਤੇ ਨਾ ਰਾਹਗੀਰਾਂ ਲਈ ਵਾਸ਼ਰੂਮ ਟਾਇਲਟ ਦਾ ਕੋਈ ਪ੍ਰਬੰਧ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਸਮੂਹ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਜਦੋਂ ਹਾਈਵੇਅ ਅਥਾਰਟੀ ਵੱਲੋਂ ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਕੀਤੀ ਨਜ਼ਰ ਨਹੀਂ ਆ ਰਹੀ ਹੈ ਤਾਂ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਫਰੀ ਕਰਨ ਦੀ ਕਾਲ ਦਿੱਤੀ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਡੀਐੱਸਪੀ ਰਣਬੀਰ ਸਿੰਘ ਅਤੇ ਐੱਸਡੀਐੱਮ ਵਲੋਂ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਬਾਅਦ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਹੈ। ਇਸ ਤੋਂ ਬਾਅਦ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਵਲੋਂ ਸਾਰੀਆਂ ਮੰਗਾਂ ਤੇ ਇੱਕ ਮਹੀਨੇ ਵਿੱਚ ਅਮਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਜੇਕਰ ਦਿੱਤੇ ਭਰੋਸੇ ਅਨੁਸਾਰ ਕੰਮ ਨਾ ਸ਼ੁਰੂ ਹੋਇਆ ਤਾਂ ਫੇਰ ਤੋਂ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸਮੂਹ ਸੰਘਰਸ਼ ਚ ਸਾਥ ਦੇਣ ਵਾਲੀਆਂ ਜਥੇਬੰਦੀਆਂ ਦੇ ਆਗੂ ਮੌਜੂਦ ਸਨ।