ਨਿਗਮ ਚੋਣਾਂ ਜਿੱਤ ਕੇ ਵੀ ਹਾਰੇ, ਕੌਂਸਲਰ ਵਿਚਾਰੇ ਨਿਗਮ ਚੋਣਾਂ ਜਿੱਤ ਕੇ ਵੀ ਹਾਰੇ, ਕੌਂਸਲਰ ਵਚਾਰੇ
Publish Date: Thu, 08 Oct 2026 06:08 PM (IST)
Updated Date: Thu, 08 Oct 2026 06:11 PM (IST)
ਵਿਧਾਨ ਸਭਾ ਚੋਣਾਂ ਲੜਨ ਦੇ ਸੁਪਨਿਆਂ ’ਤੇ ਫਿਰਿਆ ਪਾਣੀ ਮੰਤਰੀ ਤੇ ਵਿਧਾਇਕ ਲਈ ਬਣਿਆ ਵੱਕਾਰ ਦਾ ਸਵਾਲ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪਟਿਆਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਏ ਦੇਸ਼ ਦੀ ਸਰਵਉੱਚ ਅਦਾਲਤ ਦੇ ਇਕ ਅਹਿਮ ਫ਼ੈਸਲੇ ਨੇ ਸ਼ਹਿਰ ਦੀ ਸਮੁੱਚੀ ਸਿਆਸਤ ਵਿੱਚ ਵੱਡਾ ਭੂਚਾਲ ਲਿਆ ਦਿੱਤਾ ਹੈ। ਅਦਾਲਤ ਵੱਲੋਂ 28 ਵਾਰਡਾਂ ਦੀਆਂ ਚੋਣਾਂ ਰੱਦ ਕਰ ਕੇ ਉੱਥੇ ਦੁਬਾਰਾ ਚੋਣ ਕਰਵਾਉਣ ਦੇ ਦਿੱਤੇ ਹੁਕਮਾਂ ਨਾਲ ਜੇਤੂ ਰਹੇ ਕੌਂਸਲਰ ‘ਜਿੱਤ ਕੇ ਵੀ ਹਾਰ’ ਗਏ ਹਨ। ਇਸ ਫ਼ੈਸਲੇ ਨੇ ਜਿੱਥੇ ਆਪੋ-ਆਪਣੇ ਵਾਰਡਾਂ ਵਿੱਚ ਜਿੱਤ ਦੇ ਜਸ਼ਨ ਮਨਾ ਚੁੱਕੇ ਆਗੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ, ਉੱਥੇ ਹੀ ਨਗਰ ਨਿਗਮ ਦੀਆਂ ਪੌੜੀਆਂ ਚੜ੍ਹ ਕੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਟਿਕਟ ਹਾਸਲ ਕਰਨ ਦੇ ਦਿਨ-ਰਾਤ ਸੁਪਨੇ ਦੇਖ ਰਹੇ ਕਈ ਦਿੱਗਜ ਚਿਹਰਿਆਂ ਦੀ ਸਿਆਸੀ ਚਿੰਤਾ ਵੀ ਵਧਾ ਦਿੱਤੀ ਹੈ। ਡੱਬੀ ਮੁੜ ਚੋਣ ਦੇ ਘੇਰੇ ’ਚ ਵੱਡੇ ਸਿਆਸੀ ਚਿਹਰੇ : ਫੋਟੋ : 08ਪੀਟੀਐਲ : 35 ਜਿਨ੍ਹਾਂ 28 ਵਾਰਡਾਂ ਵਿੱਚ ਦੁਬਾਰਾ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਸ਼ਹਿਰ ਦੇ ਕਈ ਕੱਦਾਵਰ ਅਤੇ ਸਰਕਾਰ ਵਿੱਚ ਪ੍ਰਭਾਵ ਰੱਖਣ ਵਾਲੇ ਆਗੂ ਸ਼ਾਮਲ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਸਿਹਤ ਮੰਤਰੀ ਦੇ ਪੀ.ਏ. ਜਸਵੀਰ ਗਾਂਧੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਯੂਥ ਪ੍ਰਧਾਨ ਅਨੁਜ ਖੋਸਲਾ ਦੇ ਵਾਰਡ ਸ਼ਾਮਲ ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਹੁਣ ਜਨਤਾ ਦੀ ਕਚਹਿਰੀ ਵਿੱਚ ਮੁੜ ਆਪਣੀ ਕਿਸਮਤ ਅਜ਼ਮਾਉਣੀ ਪਵੇਗੀ। ਡੱਬੀ ਵਿਧਾਨ ਸਭਾ ਦੇ ਸੁਪਨਿਆਂ ’ਤੇ ਫਿਰਿਆ ਪਾਣੀ : ਫੋਟੋ : 08ਪੀਟੀਐਲ : 37 ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਵਿਧਾਨ ਸਭਾ ਚੋਣ ਲੜਨ ਦੀ ਤਾਂਘ ਰੱਖਣ ਵਾਲੇ ਕਈ ਆਗੂ ਹੁਣ ਗੰਭੀਰ ਦੁਚਿੱਤੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਹਨ। ਖ਼ਾਸ ਤੌਰ ’ਤੇ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਨ ਸਭਾ ਟਿਕਟ ਦੀ ਦਾਅਵੇਦਾਰੀ ਜਤਾਉਣ ਲਈ ਹਰਪਾਲ ਜੁਨੇਜਾ ਅਤੇ ਤੇਜਿੰਦਰ ਮਹਿਤਾ ਪੂਰੇ ਜ਼ੋਰ-ਸ਼ੋਰ ਨਾਲ ਜ਼ਮੀਨੀ ਪ੍ਰਚਾਰ ਵਿੱਚ ਜੁਟੇ ਹੋਏ ਸਨ। ਇਸੇ ਤਰ੍ਹਾਂ ਪਟਿਆਲਾ ਦਿਹਾਤੀ ਹਲਕੇ ਦੇ ਵਾਰਡ ਨੰਬਰ 22 ਤੋਂ ਕਾਂਗਰਸੀ ਕੌਂਸਲਰ ਨੇਹਾ ਸ਼ਰਮਾ ਦੇ ਪਤੀ ਸੰਜੀਵ ਸ਼ਰਮਾ ਕਾਲੂ ਵੀ ਵਿਧਾਨ ਸਭਾ ਚੋਣ ਲੜਨ ਦੇ ਮਕਸਦ ਨਾਲ ਦਿਹਾਤੀ ਖੇਤਰ ਵਿੱਚ ਸਰਗਰਮੀ ਵਧਾ ਚੁੱਕੇ ਸਨ। ਪਰ ਸੁਪਰੀਮ ਕੋਰਟ ਦੇ ਇਸ ਅਚਾਨਕ ਆਏ ਫ਼ੈਸਲੇ ਨੇ ਇਨ੍ਹਾਂ ਆਗੂਆਂ ਦੇ ਸਿਆਸੀ ਮਨਸੂਬਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਡੱਬੀ ਬਿਨਾਂ ਵਿਰੋਧ ਜਿੱਤਣ ਵਾਲੇ ਤੇ ਹੰਗਾਮੇ ਦੇ ਦੋਸ਼ਾਂ ’ਚ ਘਿਰੇ ਵਾਰਡ ਰੱਦ ਹੋਈਆਂ ਚੋਣਾਂ ਵਿੱਚ 13 ਵਾਰਡ ਅਜਿਹੇ ਸਨ, ਜਿੱਥੇ ਉਮੀਦਵਾਰ ਬਿਨਾਂ ਵਿਰੋਧ ਚੋਣ ਜਿੱਤ ਗਏ ਸਨ। ਇਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਸੋਨੀਆ, ਵਾਰਡ 12 ਤੋਂ ਜਗਦੀਪ ਸਿੰਘ ਜੱਗਾ, ਵਾਰਡ 32 ਤੋਂ ਰਣਜੀਤ ਸਿੰਘ, ਵਾਰਡ 33 ਤੋਂ ਗੀਤਾ ਰਾਣੀ, ਵਾਰਡ 36 ਤੋਂ ਹਰਪ੍ਰੀਤ ਸਿੰਘ, ਵਾਰਡ 41 ਤੋਂ ਅਮਨਪ੍ਰੀਤ ਕੌਰ, ਵਾਰਡ 43 ਤੋਂ ਰਮਨਪ੍ਰੀਤ ਕੌਰ, ਵਾਰਡ 44 ਤੋਂ ਗੁਰਸ਼ਰਨ ਸਿੰਘ, ਵਾਰਡ 45 ਤੋਂ ਮੀਨਾ ਦੇਵੀ, ਵਾਰਡ 48 ਤੋਂ ਰਾਜੇਸ਼ ਕੁਮਾਰ ਰਾਜੂ ਸਾਹਨੀ, ਵਾਰਡ 50 ਤੋਂ ਹਰਮਨਜੀਤ ਸੰਧੂ, ਵਾਰਡ 51 ਤੋਂ ਕਿਰਨ ਅਹੂਜਾ ਅਤੇ ਵਾਰਡ 52 ਤੋਂ ਸਾਗਰ। ਦੂਜੇ ਪਾਸੇ ਚੋਣਾਂ ਦੌਰਾਨ ਹੰਗਾਮੇ, ਧਾਂਦਲੀਆਂ ਅਤੇ ਬੇਨਿਯਮੀਆਂ ਦੇ ਦੋਸ਼ਾਂ ਹੇਠ ਆਏ ਬਾਕੀ ਵਾਰਡਾਂ ਦੀ ਚੋਣ ਵੀ ਰੱਦ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵਾਰਡ ਨੰਬਰ 4 ਮਨਦੀਪ, ਵਾਰਡ 6 ਜਸਵੀਰ ਸਿੰਘ, ਵਾਰਡ 14 ਗੁਰਕ੍ਰਿਪਾਲ ਸਿੰਘ, ਵਾਰਡ 16 ਜਸਵੰਤ, ਵਾਰਡ 22 ਨੇਹਾ ਸ਼ਰਮਾ, ਵਾਰਡ 26 ਕੁਲਵੰਤ, ਵਾਰਡ 28 ਹਰਿੰਦਰ ਕੋਹਲੀ, ਵਾਰਡ 38 ਹਰਪਾਲ ਜੁਨੇਜਾ, ਵਾਰਡ 40 ਅਨੁਜ ਖੋਸਲਾ, ਵਾਰਡ 46 ਜਗਤਾਰ ਸਿੰਘ, ਵਾਰਡ 53 ਵੰਦਨਾ ਜੋਸ਼ੀ, ਵਾਰਡ 55 ਕੰਵਲਜੀਤ ਕੌਰ ਜੱਗੀ ਅਤੇ ਵਾਰਡ 57 ਰਮਿੰਦਰ ਕੌਰ ਸ਼ਾਮਲ ਹਨ। ਡੱਬੀ ਸ਼ਹਿਰੀ ਤੇ ਦਿਹਾਤੀ ਵਿਧਾਇਕਾਂ ਲਈ ਬਣਿਆ ‘ਲਿਟਮਸ ਟੈਸਟ’ : ਫੋਟੋ : 08ਪੀਟੀਐਲ : 38 ਜਿਨ੍ਹਾਂ 28 ਵਾਰਡਾਂ ਦੀ ਚੋਣ ਰੱਦ ਹੋਈ ਹੈ, ਉਨ੍ਹਾਂ ਵਿੱਚੋਂ 19 ਵਾਰਡ ਪਟਿਆਲਾ ਸ਼ਹਿਰੀ ਹਲਕੇ ਦੇ ਅਤੇ 9 ਵਾਰਡ ਪਟਿਆਲਾ ਦਿਹਾਤੀ ਹਲਕੇ ਅਧੀਨ ਆਉਂਦੇ ਹਨ। ਪਾਰਟੀ ਪੱਧਰ ਤੇ ਦੇਖਿਆ ਜਾਵੇ ਤਾਂ ਇਨ੍ਹਾਂ ਵਿੱਚੋਂ 25 ਕੌਂਸਲਰ ‘ਆਪ’, ਦੋ ਭਾਜਪਾ ਅਤੇ ਇੱਕ ਕਾਂਗਰਸ ਨਾਲ ਸਬੰਧਤ ਸੀ। ਪਟਿਆਲਾ ਸ਼ਹਿਰੀ ਤੋਂ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਹਲਕੇ ਵਿੱਚ 19 ਵਾਰਡ ਹੋਣ ਕਾਰਨ ਇੱਥੇ ਮੁੜ ਸਾਰੀਆਂ ਸੀਟਾਂ ਜਿੱਤਣਾ ਉਨ੍ਹਾਂ ਲਈ ਸਿੱਧਾ ਵੱਕਾਰ ਦਾ ਸਵਾਲ ਬਣ ਗਿਆ ਹੈ। ਇਸੇ ਤਰ੍ਹਾਂ ਹਲਕਾ ਦਿਹਾਤੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਲਈ ਵੀ ਇਹ ਚੋਣਾਂ ਟੇਢੀ ਖੀਰ ਸਾਬਤ ਹੋਣਗੀਆਂ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੋਵਾਂ ਵਿਧਾਇਕਾਂ ਲਈ ਇਹ ਮੁੜ ਚੋਣ ਇੱਕ ਵੱਡਾ ਲਿਟਮਸ ਟੈਸਟ ਮੰਨੀ ਜਾ ਰਹੀ ਹੈ। ਡੱਬੀ ਮੇਅਰ ਦੀ ਕੁਰਸੀ ਫ਼ਿਲਹਾਲ ਸੁਰੱਖਿਅਤ ਇਸ ਸਾਰੇ ਸਿਆਸੀ ਉਲਟਫੇਰ ਦੇ ਬਾਵਜੂਦ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਦੀ ਕੁਰਸੀ ਫ਼ਿਲਹਾਲ ਪੂਰੀ ਤਰ੍ਹਾਂ ਸੁਰੱਖਿਅਤ ਮੰਨੀ ਜਾ ਰਹੀ ਹੈ। ਨਗਰ ਨਿਗਮ ਦੇ ਕੁੱਲ 60 ਵਾਰਡਾਂ ਵਿੱਚੋਂ ਇਸ ਵੇਲੇ 32 ਕੌਂਸਲਰ ਮੌਜੂਦ ਹਨ, ਜਿਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਸਪੱਸ਼ਟ ਬਹੁਮਤ ਕਾਇਮ ਹੈ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਆਉਣ ਵਾਲੀਆਂ ਮੁੜ ਚੋਣਾਂ ਦੌਰਾਨ 28 ਵਿੱਚੋਂ ਬਹੁਤੀਆਂ ਸੀਟਾਂ ਵਿਰੋਧੀ ਧਿਰਾਂ ਦੇ ਹਿੱਸੇ ਵੀ ਚਲੀਆਂ ਜਾਂਦੀਆਂ ਹਨ, ਤਾਂ ਵੀ ਮੌਜੂਦਾ ਸੰਖਿਆਤਮਕ ਸਮੀਕਰਨਾਂ ਅਨੁਸਾਰ ਮੇਅਰ ਬਦਲਣ ਦੀ ਸੰਭਾਵਨਾ ਬੇਹੱਦ ਘੱਟ ਹੈ। ਹਾਲਾਂਕਿ, ਸ਼ਹਿਰ ਵਿੱਚ ਮੁੜ ਸ਼ੁਰੂ ਹੋਣ ਵਾਲੀ ਸਿਆਸੀ ਜੰਗ ਨੇ ਪਟਿਆਲਾ ਦਾ ਮਾਹੌਲ ਪੂਰੀ ਤਰ੍ਹਾਂ ਭਖਾ ਦਿੱਤਾ ਹੈ।