ਨਸ਼ਾ ਕਰਨ ਦੀ ਵੀਡੀਓ ਹੋਈ ਵਾਇਰਲ, ਪੁਲਿਸ ਨੇ ਵਿੱਢੀ ਤਲਾਸ਼ੀ ਮੁਹਿੰਮ ਨਸ਼ਾ ਕਰਨ ਦੀ ਵੀਡੀਓ ਹੋਈ ਵਾਇਰਲ, ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ
Publish Date: Thu, 17 Sep 2026 07:21 PM (IST)
Updated Date: Fri, 18 Sep 2026 04:14 AM (IST)
* ਅੱਠ ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਹੋਵੇਗਾ ਡੋਪ ਟੈਸਟ ਫੋਟੋ : 17ਪੀਟੀਐਲ : 41 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਲਾਹੌਰੀ ਗੇਟ ਪੁਲਿਸ ਵੱਲੋਂ 17 ਸਤੰਬਰ ਨੂੰ ਭੀਮ ਨਗਰ, ਸਫ਼ਾਬਾਦੀ ਗੇਟ ਅਤੇ ਢੇਰਾ ਬਸਤੀ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਲਾਕੇ ਵਿੱਚ ਕੁਝ ਨੌਜਵਾਨਾਂ ਵੱਲੋਂ ਨਸ਼ਾ ਕਰਨ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ। ਥਾਣਾ ਮੁਖੀ ਸੌਰਵ ਸਭਰਵਾਲ ਦੀ ਅਗਵਾਈ ਹੇਠ ਕੋਤਵਾਲੀ ਥਾਣਾ, ਡਿਵੀਜ਼ਨ ਨੰਬਰ ਦੋ ਅਤੇ ਸਿਵਲ ਲਾਈਨ ਥਾਣੇ ਦੇ ਮੁਲਾਜ਼ਮਾਂ ਦੀਆਂ ਟੀਮਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਕਰੀਬ 35 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਨੇ ਲਗਭਗ ਦੋ ਘੰਟੇ ਤੱਕ ਇਲਾਕੇ ਵਿੱਚ ਤਲਾਸ਼ੀ ਲਈ। ਇਸ ਦੌਰਾਨ ਵਾਹਨਾਂ, ਦੋਪਹੀਆ ਵਾਹਨਾਂ ਅਤੇ ਘਰਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਫੇਸ ਐਪ ਰਾਹੀਂ ਵੀ ਜਾਂਚ ਕੀਤੀ। ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੇ ਡੋਪ ਟੈਸਟ ਕਰਵਾਏ ਜਾਣ ਦੀ ਗੱਲ ਕਹੀ ਗਈ ਹੈ। ਥਾਣਾ ਮੁਖੀ ਸੌਰਵ ਸੱਭਰਵਾਲ ਨੇ ਦੱਸਿਆ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਪਹਿਲਾਂ ਵੀ ਸਰਚ ਕੀਤੀ ਜਾ ਚੁੱਕੀ ਹੈ ਅਤੇ ਸ਼ੱਕੀ ਥਾਵਾਂ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾਂਦੀ ਹੈ। ਦੱਸਿਆ ਗਿਆ ਕਿ ਇਲਾਕੇ ਦੇ ਇੱਕ ਹੋਟਲ ਸੰਚਾਲਕ ਵੱਲੋਂ ਸੀਸੀਟੀਵੀ ਫੁਟੇਜ ਇੰਟਰਨੈੱਟ ’ਤੇ ਵਾਇਰਲ ਕੀਤੀ ਗਈ ਸੀ। ਇਸ ਵੀਡੀਓ ਵਿੱਚ ਕੁਝ ਨੌਜਵਾਨ ਆਪਣੇ ਸਰੀਰ ਵਿੱਚ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ।