ਨਿਗਮ ਨੇ ਹੁਣ ਤੱਕ 9 ਕਰੋੜ ਤੋਂ ਵੱਧ ਟੈਕਸ ਕੀਤਾ ਵਸੂਲ; 6 ਹਜ਼ਾਰ ਨੂੰ ਨੋਟਿਸ ਜਾਰੀ ਨਿਗਮ ਨੇ ਹੁਣ ਤੱਕ 9 ਕਰੋੜ ਤੋਂ ਵੱਧ ਟੈਕਸ ਕੀਤਾ ਵਸੂਲ; 6 ਹਜ਼ਾਰ ਨੂੰ ਨੋਟਿਸ ਜਾਰੀ
Publish Date: Thu, 17 Sep 2026 06:55 PM (IST)
Updated Date: Fri, 18 Sep 2026 04:12 AM (IST)
- 10 ਫ਼ੀਸਦੀ ਛੋਟ ਨਾਲ ਪ੍ਰਾਪਰਟੀ ਟੈਕਸ ਭਰਨ ਦਾ ਆਖ਼ਰੀ ਮੌਕਾ 30 ਸਤੰਬਰ ਤੱਕ ਫੋਟੋ : 17ਪੀਟੀਐਲ : 37 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਵਾਸੀਆਂ ਲਈ ਆਪਣਾ ਪ੍ਰਾਪਰਟੀ ਟੈਕਸ 10 ਫ਼ੀਸਦੀ ਵੱਡੀ ਛੋਟ ਨਾਲ ਭਰਨ ਲਈ ਹੁਣ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਏ ਹਨ। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਦੇ ਪ੍ਰਾਪਰਟੀ ਟੈਕਸ ਤੇ ਦਿੱਤੀ ਜਾ ਰਹੀ 10 ਫ਼ੀਸਦੀ ਰਿਬੇਟ ਦਾ ਫ਼ਾਇਦਾ ਚੁੱਕਣ ਦੀ ਅੰਤਿਮ ਮਿਤੀ 30 ਸਤੰਬਰ 2026 ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਰਦਾਤਾ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਅਤੇ ਸਮੇਂ ਸਿਰ ਟੈਕਸ ਭਰ ਕੇ ਬੇਲੋੜੇ ਵਿੱਤੀ ਬੋਝ, ਭਾਰੀ ਜੁਰਮਾਨਿਆਂ ਅਤੇ ਲੱਗਣ ਵਾਲੇ ਵਿਆਜ ਤੋਂ ਆਪਣੇ ਆਪ ਨੂੰ ਬਚਾਉਣ। ਜਾਣਕਾਰੀ ਅਨੁਸਾਰ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਮੁਨਾਦੀ ਕਰਵਾਈ ਗਈ, ਲਗਭਗ 90 ਹਜ਼ਾਰ ਐਸ.ਐਮ.ਐਸ. ਭੇਜੇ ਗਏ ਅਤੇ 91.1 ਐਫ.ਐਮ. ਰੇਡੀਓ ਰਾਹੀਂ ਵੀ ਪ੍ਰਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਟੈਕਸ ਨਾ ਭਰਨ ਵਾਲੇ ਕਰਦਾਤਿਆਂ ਨੂੰ ਲਗਭਗ 6 ਹਜਾਰ ਨੋਟਿਸ ਜਾਰੀ ਕਰਕੇ ਉਗਰਾਹੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦੇ ਇਨ੍ਹਾਂ ਯਤਨਾਂ ਸਦਕਾ ਵਿੱਤੀ ਸਾਲ 2026-27 ਲਈ ਹੁਣ ਤੱਕ 9 ਕਰੋੜ 85 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਰਿਕਵਰ ਕੀਤਾ ਜਾ ਚੁੱਕਾ ਹੈ। ਮੇਅਰ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਘਰ ਬੈਠੇ ਹੀ ਪੰਜਾਬ ਸਰਕਾਰ ਦੇ ‘ਐਮ-ਸੇਵਾ’ ਪੋਰਟਲ ਰਾਹੀਂ ਆਨਲਾਈਨ ਟੈਕਸ ਭਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਵਿਖੇ ਕੈਸ਼, ਚੈੱਕ, ਆਨਲਾਈਨ, ਯੂ.ਪੀ.ਆਈ., ਕਿਊ.ਆਰ. ਕੋਡ ਅਤੇ ਕ੍ਰੈਡਿਟ/ਡੈਬਿਟ ਕਾਰਡ ਰਾਹੀਂ ਵੀ ਭੁਗਤਾਨ ਕਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੇਅਰ ਨੇ ਸ਼ਹਿਰੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।