
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਇੱਕ ਸ਼ਾਮ ਸ਼ਿਵ ਦੇ ਨਾਮ’ ਸਮਾਗਮ 31 ਅਗਸਤ ਨੂੰ ਰਾਜਪੁਰਾ ਵਿੱਚ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ‘ਇੱਕ ਸ਼ਾਮ ਸ਼ਿਵ ਦੇ ਨਾਮ’ ਤਹਿਤ ਰਾਜਪੁਰਾ ਵਿਚ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਵਿਸ਼ਾਲ ਭਜਨ ਸੰਧਿਆ ਕਰਵਾਈ ਜਾ ਰਹੀ ਹੈ। ਇਹ ਸਮਾਗਮ 31 ਅਗਸਤ 2026 ਨੂੰ ਨਵੀਂ ਅਨਾਜ ਮੰਡੀ, ਰਾਜਪੁਰਾ ਵਿਖੇ ਸ਼ਾਮ 6:30 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾਵੇਗਾ। ਸਮਾਗਮ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਆਯੋਜਨ ਵਿੱਚ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਦਾ ਵਿਸ਼ੇਸ਼ ਸਹਿਯੋਗ ਹੈ। ਵਿਧਾਇਕਾ ਨੀਨਾ ਮਿੱਤਲ ਵੱਲੋਂ ਰਾਜਪੁਰਾ ਵਿਚ ‘ਇੱਕ ਸ਼ਾਮ ਸ਼ਿਵ ਦੇ ਨਾਮ’ ਸਮਾਗਮ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਵਿਸ਼ੇਸ਼ ਤੌਰ ’ਤੇ ਗੁਜ਼ਾਰਸ਼ ਕੀਤੀ ਗਈ ਸੀ। ਇਸ ਉਪਰਾਲੇ ਦੇ ਸਦਕਾ ਰਾਜਪੁਰਾ ਵਾਸੀਆਂ ਨੂੰ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਇਸ ਵਿਸ਼ੇਸ਼ ਭਜਨ ਸੰਧਿਆ ਵਿਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਸਮਾਗਮ ਨੂੰ ਸਫਲ ਬਣਾਉਣ ਲਈ ਵਿਧਾਇਕਾ ਨੀਨਾ ਮਿੱਤਲ ਵੱਲੋਂ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਉਹ ਪ੍ਰਾਚੀਨ ਨਲਾਸ ਮੰਦਿਰ ਵਿਖੇ ਪਹੁੰਚੇ ਅਤੇ ਸ੍ਰੀ ਲਾਲਗਿਰੀ ਮਹਾਰਾਜ ਜੀ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਤੋਂ ਇਲਾਵਾ ਖਾਟੂ ਸ਼ਿਆਮ ਮੰਦਿਰ, ਦੁਰਗਾ ਮੰਦਿਰ ਰਾਜਪੁਰਾ ਟਾਊਨ, ਬ੍ਰਹਮ ਕੁਮਾਰੀ ਆਸ਼ਰਮ ਅਤੇ ਸ਼ਹਿਰ ਦੇ ਹੋਰਨਾਂ ਮੰਦਰਾਂ, ਗੁਰਦੁਆਰਾ ਸਾਹਿਬਾਨ, ਧਾਰਮਿਕ ਟਰੱਸਟਾਂ, ਕਲੱਬਾਂ, ਐਸੋਸੀਏਸ਼ਨਾਂ ਅਤੇ ਲੋਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਪੱਤਰ ਦਿੱਤੇ ਗਏ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ‘ਇੱਕ ਸ਼ਾਮ ਸ਼ਿਵ ਦੇ ਨਾਮ’ ਸਿਰਫ਼ ਇੱਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਆਪਸੀ ਭਾਈਚਾਰੇ, ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਵੀ ਇਕ ਸੁੰਦਰ ਉਪਰਾਲਾ ਹੈ।