ਨਗਰ ਨਿਗਮ ਦੀ ਨਵੀਂ ਪਹਿਲ : ਜਨਰਲ ਹਾਊਸ ’ਚ ਮਤਾ ਪਾਸ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਸ਼ਹਿਰ ਵਿੱਚ ਖੁੱਲ੍ਹੇ ’ਚ ਕੂੜਾ-ਕਰਕਟ ਸੁੱਟਣ, ਸੜਕਾਂ ਅਤੇ ਜਨਤਕ ਥਾਵਾਂ ਤੇ ਗੰਦਗੀ ਫੈਲਾਉਣ ਅਤੇ ਨਿਰਮਾਣ ਸਮੱਗਰੀ ਸੜਕਾਂ ’ਤੇ ਰੱਖਣ ਵਾਲਿਆਂ ਤੇ ਹੁਣ ਨਗਰ ਨਿਗਮ ਵੱਲੋਂ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਗਰ ਨਿਗਮ ਦੀ ਮੰਗਲਵਾਰ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਏਜੰਡੇ ਵਿੱਚ ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੀ ਆਦਤ ਤੇ ਰੋਕ ਲਗਾਉਣ ਲਈ ਵੱਖ-ਵੱਖ ਸ੍ਰੇਣੀਆਂ ਵਿੱਚ ਜੁਰਮਾਨਾ ਨਿਰਧਾਰਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਇਸ ਏਜੰਡੇ ਨੂੰ ਪਾਸ ਵੀ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਗਿੱਲੇ ਕੂੜੇ ਅਤੇ ਹੋਰ ਕਿਸਮ ਦੇ ਕੂੜੇ ਦੇ ਨਾਲ-ਨਾਲ ਮਲਬਾ ਸੁੱਟਣ ਤੇ ਵੀ ਵੱਖ-ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ। ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ ਤੇ ਪਸ਼ੂਆਂ ਨੂੰ ਛੱਡਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਵੀ ਨਿਗਮ ਵੱਲੋਂ ਫਲਾਇੰਗ ਟੀਮਾਂ ਗਠਿਤ ਕਰਨ ਦਾ ਫੈਸਲਾ ਲਿਆ ਗਿਆ। ਇਹ ਟੀਮਾਂ ਰਾਤ ਦੇ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੈਕਿੰਗ ਕਰਨਗੀਆਂ ਅਤੇ ਪਸ਼ੂਆਂ ਨੂੰ ਸੜਕਾਂ ਤੇ ਛੱਡਣ ਵਾਲੇ ਵਿਅਕਤੀਆਂ ਨੂੰ ਫੜਿਆ ਜਾਵੇਗਾ ਤੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ। ਇਸ ਤੋਂ ਇਲਾਵਾ ਜੋ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸੜਕ ਤੇ ਛੱਡ ਰਹੇ ਹਨ, ਪਹਿਲੀ ਵਾਰ ਫੜੇ ਜਾਣ ਤੇ 3 ਹਜ਼ਾਰ, ਦੂਜੀ ਵਾਰ 5 ਹਜ਼ਾਰ ਅਤੇ ਤੀਜੀ ਵਾਰ 7 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਨਗਰ ਨਿਗਮ ਦੇ ਜਨਰਲ ਹਾਊਸ ਵਿੱਚ ਪੰਜਾਹ ਮਤਿਆਂ ਨੂੰ ਹਾਊਸ ਦੀ ਸਿਹਮਤੀ ਨਾਲ ਪਾਸ ਕੀਤਾ ਗਿਆ। ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਹੋਈ ਜਨਰਲ ਹਾਊਸ ਦੀ ਬੈਠਕ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਸੀਨੀਅਰ ਡਿਪਟੀ ਮੇਅਰ ਹਰਿੰਦਰਪਾਲ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ ਸਮੇਤ ਵੱਡੀ ਗਿਣਤੀ ਕੌਂਸਲਰ ਮੋਜੂਦ ਰਹੇ। ਡੱਬੀ ਕਿਸਨੂੰ ਹੋਵੇਗਾ, ਕਿੰਨਾ ਜੁਰਮਾਨਾ ਸੜਕ, ਗਲੀ, ਪਾਰਕ ਆਦਿ ਜਨਤਕ ਥਾਵਾਂ ਤੇ ਕੂੜਾ ਫੈਲਾਉਣ ਤੇ ਇਕ ਹਜ਼ਾਰ ਰੁਪਏ ਜੁਰਮਾਨਾ, ਘਰ ਦੇ ਮਾਲਕ ਜਾਂ ਕਬਜ਼ਾਧਾਰੀ ਵੱਲੋਂ ਖੁੱਲ੍ਹੀ ਥਾਂ ਤੇ ਕੂੜਾ ਸੁੱਟਣ ਜਾਂ ਨਿੱਜੀ ਖਾਲੀ ਪਲਾਟ ਵਿੱਚ ਕੂੜਾ ਸੁੱਟਣ ਜਾਂ ਕਿਸੇ ਹੋਰ ਵਿਅਕਤੀ ਨੂੰ ਅਜਿਹਾ ਕਰਨ ਦੇਣ ਤੇ ਇਕ ਹਜ਼ਾਰ, ਦੁਕਾਨਦਾਰ ਵੱਲੋਂ ਖੁੱਲ੍ਹੀ ਥਾਂ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਇਕ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਹੋਟਲ ਜਾਂ ਰੈਸਟੋਰੈਂਟ ਮਾਲਕ ਵੱਲੋਂ ਖੁੱਲ੍ਹੀ ਥਾਂ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਦੋ ਹਜ਼ਾਰ ਰੁਪਏ, ਗ਼ੈਰ-ਖ਼ਤਰਨਾਕ ਕੂੜਾ ਪੈਦਾ ਕਰਨ ਵਾਲੀਆਂ ਉਦਯੋਗਿਕ ਸੰਸਥਾਵਾਂ ਵੱਲੋਂ ਖੁੱਲ੍ਹੀ ਥਾਂ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਸਿੱਖਿਅਕ ਸੰਸਥਾਵਾਂ ਵੱਲੋਂ ਖੁੱਲ੍ਹੀ ਥਾਂ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਦੋ ਹਜ਼ਾਰ ਰੁਪਏ, ਗ਼ੈਰ-ਖ਼ਤਰਨਾਕ ਕੂੜਾ ਪੈਦਾ ਕਰਨ ਵਾਲੀਆਂ ਸਿਹਤ ਸੰਸਥਾਵਾਂ ਵੱਲੋਂ ਖੁੱਲ੍ਹੀ ਥਾਂ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਪੰਜ ਹਜ਼ਾਰ ਰੁਪਏ, ਸੰਸਥਾ ਜਾਂ ਸੰਗਠਨ ਵੱਲੋਂ ਖੁੱਲ੍ਹੀ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਇਕ ਹਜ਼ਾਰ ਰੁਪਏ, ਮੀਠਾਈ ਦੀਆਂ ਦੁਕਾਨਾਂ ਵੱਲੋਂ ਖੁੱਲ੍ਹੀ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਦੋ ਹਜ਼ਾਰ ਰੁਪਏ, ਚਾਟ, ਫਾਸਟ ਫੂਡ, ਆਈਸਕ੍ਰੀਮ, ਗੰਨੇ ਦਾ ਰਸ, ਸਬਜ਼ੀ, ਫ਼ਲ ਆਦਿ ਵੇਚਣ ਵਾਲਿਆਂ ਵੱਲੋਂ ਖੁੱਲ੍ਹੀ ਜਾਂ ਜਨਤਕ ਥਾਂ ਤੇ ਕੂੜਾ ਸੁੱਟਣ ਤੇ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜਨਤਕ ਜ਼ਮੀਨ, ਸੜਕ ਜਾਂ ਗਲੀ ਦੇ ਕਿਨਾਰੇ ਬਿਨਾਂ ਇਜਾਜ਼ਤ ਦੇ ਇਕ ਟਨ ਤੱਕ ਨਿਰਮਾਣ ਅਤੇ ਤੋੜ-ਭੰਨ ਸਮੱਗਰੀ ਰੱਖਣ ਤੇ ਦੋ ਹਜ਼ਾਰ ਰੁਪਏ, ਜਲ ਸਰੋਤਾਂ ਜਾਂ ਸੀਵਰੇਜ ਵਿੱਚ ਠੋਸ ਕੂੜਾ ਸੁੱਟਣ ਤੇ ਪੰਜ ਹਜ਼ਾਰ ਰੁਪਏ, ਸਬਜ਼ੀ ਵਿਕਰੇਤਾਵਾਂ ਵੱਲੋਂ ਸੜਕਾਂ ਤੇ ਕੂੜਾ ਸੁੱਟਣ ਤੇ 15 ਸੌ ਰੁਪਏ, ਹੇਅਰ ਕਟਿੰਗ ਸੈਲੂਨ ਵੱਲੋਂ ਸੜਕਾਂ ਤੇ ਕੂੜਾ ਸੁੱਟਣ ਤੇ ਇਕ ਹਜ਼ਾਰ ਰੁਪਏ, ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਮੈਡੀਕਲ ਸਟੋਰ, ਲੈਬ ਆਦਿ ਵੱਲੋਂ ਸੜਕ, ਜਨਤਕ ਥਾਂ, ਰਸਤੇ ਜਾਂ ਫੁੱਟਪਾਥ ਤੇ ਗ਼ੈਰ-ਖ਼ਤਰਨਾਕ ਕੂੜਾ ਫੈਲਾਉਣ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਡੱਬੀ ਕਮੇਟੀ ਮੀਟਿੰਗ ਨਾ ਹੋਣ ’ਤੇ ਹੰਗਾਮਾ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਚੱਲ ਰਹੀਆਂ ਕਮਰਸ਼ੀਅਲ ਗਤੀਵਿਧੀਆਂ ਨੂੰ ਨਿਯਮਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਭਾਵੇਂਕਿ ਸੜਕਾਂ ਨੂੰ ਕਮਰਸ਼ੀਅਲ ਘੋਸ਼ਿਤ ਕਰਨ ਸਬੰਧੀ ਪਿਛਲੇ ਜਨਰਲ ਹਾਊਸ ਵਿਚ ਕੇਮਟੀ ਦਾ ਗਠਨ ਕੀਤਾ ਗਿਆ ਸੀ ਪਰ ਇਸ ਕਮੇਟੀ ਦੀ ਮੀਟਿੰਗ ਨਾ ਹੋਣ ’ਤੇ ਮੈਂਬਰ ਦੀ ਸਲਾਹ ਤੋਂ ਬਗੈਰ ਅੱਜ ਦੇ ਹਾਊਸ ਵਿਚ ਸੜਕਾਂ ਘੋਸ਼ਿਤ ਕਰਨ ਦਾ ਐਲਾਨ ਕੀਤਾ ਗਿਆ। ਜਿਸ ’ਤੇ ਡਿਪਟੀ ਮੇਅਰ ਸਮੇਤ ਸਮੂਹ ਕੌਂਸਲਰਾਂ ਵਲੋਂ ਇਤਰਾਜ ਜਤਾਇਆ ਗਿਆ। ਇਨਾਂ ਸੜਕਾਂ ਨਾ ਬੋਲਣ ਮੌਕੇ ਸੀਨੀਅਰ ਕੌਂਸਲਰ ਗੁਰਜੀਤ ਸਿੰਘ ਸਾਹਨੀ ਅਤੇ ਮਿਊਂਸੀਪਲ ਟਾਊਨ ਪਲਾਨਰ ਵਿਚਕਾਰ ਤਿੱਖੀ ਬਹਿਸ ਵੀ ਹੋਈ। ਡੱਬੀ ਇਹ ਸੜਕਾਂ ਕਮਰਸ਼ੀਅਲ ਘੋਸ਼ਿਤ ਅਲੀਪੁਰ ਰੋਡ, ਅਨੰਦ ਨਗਰ ਰੋਡ, ਅਮਨ ਨਗਰ ਰੋਡ, ਗੁਰੂ ਨਾਨਕ ਨਗਰ-ਗੁਰਬਖਸ਼ ਕਲੋਨੀ ਮੁੱਖ ਬਜਾਰ ਗਲੀ ਨੰਬਰ ਇਕ ਤੋਂ 19 ਬੰਧੇ ਤੱਕ, ਗਊਸ਼ਾਲਾ ਰੋਡ ਤੋਂ ਸਬਜ਼ੀ ਮੰਡੀ ਸਨੌਰ ਰੋਡ ਤੱਕ, ਉਦੇ ਡੈਕੋਰ ਨੇੜੇ ਸਨੌਰੀ ਅੱਡਾ ਤੋਂ ਤੋਂ ਛੋਟੀ ਨਦੀ ਤੱਕ (ਖੱਬਾ ਪਾਸਾ), ਸਫਾਬਾਦੀ ਰੋਡ ਤੋਂ ਸ੍ਰੀ ਹਨੁੰਮਾਨ ਮੰਦਰ ਤੱਕ, ਸ੍ਰੀ ਹਨੁੰਮਾਨ ਮੰਦਰ ਤੋਂ ਰਾਜਪੁਰਾ ਰੋਡ (ਲੱਕੜੀ ਮੰਡੀ ਚੌਂਕ ਤੱਕ), ਪੀਵੀਆਰ ਸਿਨੇਮਾ ਤੋਂ ਸੇਵਾ ਕੇਂਦਰ ਮੰਡੀ ਰੋਡ, ਰਾਜਾ ਸਰਜੀਕਲ ਅਤੇ ਮੈਡੀਕਲ ਸਟੋਰ ਤੋਂ (ਟੀ.ਬੀ. ਹਸਪਤਾਲ) ਤੋ ਗਊਸ਼ਾਲਾ ਰਮਾਰਿਕਟ ਟੀ ਪੁਆਇੰਟ, ਪੁਰੀ ਟੇਲਰਜ਼ ਸ਼ੇਰੇ ਪੰਜਾਬ ਮਾਰਕਿਟ ਪ੍ਰੇਸ ਰੋਡ ਤੋਂ ਟੀ ਪੁਆਇੰਟ ਦੋਵੇਂ ਪਾਸੇ, ਆਰੀਆ ਸਮਾਜ ਕਿਰਨ ਕਲੋਥ ਹਾਊਸ ਤੋਂ ਬੇਦੀ ਟੀ ਪੁਆਇੰਟ ਸਰਹਿੰਦੀ ਬਜਾਰ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੱਕ ਦੋਵੇਂ ਪਾਸੇ, ਅਨਾਰਦਾਨਾ ਚੌਂਕ ਤੋਂ ਜੌੜੀਆਂ ਭੱਠੀਆਂ ਤੱਕ ਦੋਵੇਂ ਪਾਸੇ, ਜੱਟਾਂ ਵਾਲਾ ਚੌਂਤਰਾਂ ਰੋਡ ਸਤਨਾਮ ਡੇਅਰੀ ਚੌਂਕ ਤੋਂ ਸਨੌਰੀ ਅੱਡੇ ਤੱਕ ਦੋਵੇ ਪਾਸੇ। ਮਲਹੋਤਰਾ ਵੈਸ਼ਨੂੰ ਢਾਬਾ ਚੌਂਕ ਤੋਂ ਸੰਤ ਡਾਇਗਨੋਸਿਸ ਟੀ ਪੁਆਇੰਟ ਤੋਂ ਪੀਡਬਲਯੁਡੀ ਫਲੈਟਾਂ ਤੱਕ, 21 ਨੰਬਰ ਤੋਂ 22 ਨੰਬਰ ਫਾਟਕ ਵਿਚ ਪੈਂਦੇ ਰਜਬਾਹਾ ਰੋਡ ਤੋਂ ਭੁਪਿੰਦਰ ਰੋਡ ਤੱਕ, ਲਹਿਲ ਦੀਆਂ ਲਾਈਟਾਂ ਵਾਲੇ ਚੌਂਕ ਤੋਂ ਸਟੇਟ ਕਾਲਜ ਦੇ ਨੇੜੇ ਗੁਰਦੁਆਰਾ ਸਾਹਿਬ ਤੱਕ, 9 ਨੰਬਰ ਗਲੀ ਤੋਂ ਝਿੱਲ ਅਨੰਦ ਨਗਰ ਹਨੂੰਮਾਨ ਮੰਦਰ ਤੱਕ, ਪ੍ਰੇਸ ਰੋਡ, ਘੇਰ ਸੋਢੀਆਂ ਸਮੇਤ ਹੋਰ ਪ੍ਰਮੁੱਖ ਸੜਕਾਂ ਨੂੰ ਵਪਾਰਕ ਘੋਸ਼ਿਤ ਕੀਤਾ ਗਿਆ। ਡੱਬੀ ਇਹ ਵੀ ਮੁੱਦੇ ਉੱਠੇ 1. ਆਪ ਦੇ ਕੌਂਸਲਰ ਜਗਮੋਹਨ ਸਿੰਘ ਚੌਹਾਨ ਨੇ ਕੱਲਰ ਕਲੋਨੀ ਨੂੰ ਅੰਬੇਦਕਰ ਨਗਰ ਵਜੋਂ ਪਛਾਣ ਦੇਣ ਅਤੇ ਇਲਾਕੇ ਬਡੂੰਗਰ ਦੇ ਨਾਮ ਤੋਂ ਬਸਤੀ ਸ਼ਬਦ ਹਟਾਉਣ ਦੀ ਮੰਗ ਕੀਤੀ। 2. ਆਪ ਦੇ ਕੌਂਸਲਰ ਤੇਜਿੰਦਰ ਮਹਿਤਾ ਨੇ ਵਾਰਡ ਨੂੰ ਹਰਿਆ ਭਰਿਆ ਬਣਾਉਣ ਦੀ ਮੰਗ ਰੱਖੀ। 3. ਆਪ ਦੇ ਕੌਂਸਲਰ ਰਮਨਦੀਪ ਕੌਰ ਕੋਹਲੀ ਨੇ ਇਲਾਕੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਦਰੁਸਤ ਕਰਨ ਦਾ ਮੁੱਦਾ ਚੁੱਕਿਆ। 4.ਆਪ ਦੇ ਰਣਜੀਤ ਸਿੰਘ ਚੰਡੋਕ ਨੇ ਮਥੁਰਾ ਕਲੋਨੀ ਵਿਚ ਸਰਕਾਰੀ ਜਮੀਨ ’ਤੇ ਹੋਏ ਕਬਜੇ ਹਟਵਾਉਣ ਦੀ ਮੰਗ ਕੀਤੀ। 5. ਕਾਂਗਰਸ ਦੇ ਕੌਂਸਲਰ ਹਰਵਿੰਦਰ ਸ਼ੁਕਲਾ ਨੇ ਵਾਰਡ ਨੰਬਰ ਦੋ ਵਿਚ ਸੀਵਰੇਜ ਸਮੱਸਿਆ ਤੇ ਐਸਟੀਪੀ ਦੀ ਸਫਾਈ ਨਾ ਹੋਣ ਦਾ ਮੁੱਦਾ ਚੁੱਕਿਆ। 6. ਆਪ ਦੇ ਕੌਂਸਲਰ ਸੋਨੀਆ ਦਾਸ ਅਤੇ ਜਗਤਾਰ ਸਿੰਘ ਤਾਰੀ ਨੇ ਕੌਂਸਲਰ ਦੀ ਤਨਖਾਹ ਵਧਾਉਣ ਦੀ ਮੰਗ ਕੀਤੀ। 7. ਕਾਂਗਰਸੀ ਕੌਂਸਲਰ ਨਰੇਸ਼ ਦੁੱਗਲ ਨੇ ਸੜਕਾਂ ਦੇ ਨਿਰਮਾਣ ਕਾਰਜਾਂ ’ਤੇ ਸਵਾਲ ਖੜੇ ਕੀਤੇ। 8. ਆਪ ਦੇ ਸੀਨੀਅਰ ਕੌਂਸਲਰ ਗੁਰਜੀਤ ਸਿੰਘ ਸਾਹਨੀ ਨੇ ਸ਼ਹਿਰ ਵਿਚ ਲਵਾਰਿਸ ਪਸ਼ੂਆਂ ਤੇ ਕੁੱਤਿਆਂ ਦਾ ਮਸਲਾ ਚੁੱਕਿਆ। ਇਸਦੇ ਨਾਲ ਹੀ ਵੱਖ ਵੱਖ ਕਮੇਟੀਆਂ ਵਿਚ ਕੌਂਸਲਰਾਂ ਨੂੰ ਸ਼ਾਮਿਲ ਕਰਨ ਤੇ ਜਨਰਲ ਹਾਊਸ ਦੀ ਬੈਠਕ ਸਮੇਂ ਸਿਰ ਕਰਵਾਵੁਣ ਦੀ ਮੰਗ ਕੀਤੀ। 9. ਹਰ ਵਾਰ ਦੀ ਤਰ੍ਹਾ ਹਰ ਮੁੱਦੇ ’ਤੇ ਭਾਜਪਾ ਕੌਂਸਲਰ ਅਨੁਜ ਖੋਲਸਾ ਅਤੇ ਆਪ ਕੌਂਸਲਰ ਰਜਣੀਤ ਸਿੰਘ ਚੰਡੋਕ ਵਿਚ ਬਹਿਸ ਹੁੰਦੀ ਰਹੀ। ਡੱਬੀ ਸੜਕਾਂ ਪੱਟਣ ਵਾਲੀ ਕੰਪਨੀ ਨੂੰ ਦੱਸਿਆ ਮਰਿਆ ਸੱਪ ਜਨਰਲ ਹਾਊਸ ਦੀ ਬੈਠਕ ਵਿਚ ਸ਼ਾਮਲ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਵਿਚ ਸੀਰਵੇਜ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਾਰੇ ਪਾਸੇ ਟਾਇਲਾਂ ਲਗਾ ਦਿੱਤੀਆਂ। ਮੰਤਰੀ ਨੇ ਕਿਹਾ ਜਿਹੜੀ ਕੰਪਨੀ ਨੂੰ ਨਹਿਰੀ ਪਾਣੀ ਪ੍ਰਾਜੈਕਟ ਦਾ ਠੇਕਾ ਦਿੱਤਾ ਉਹ ਕੰਪਨੀ ਸਾਡੇ ਗਲ ਮਰਿਆ ਸੱਪ ਸਾਬਿਤ ਹੋ ਰਹੀ ਹੈ। ਉਨਾਂ ਕਿਹਾ ਕਿ ਸੜਕਾਂ ਤਾਂ ਪੱਟੀਆਂ ਜਾ ਰਹੀਆਂ ਹਨ ਪਰ ਪਤਾ ਕਰਨ ’ਤੇ ਪਤਾ ਲੱਗਦਾ ਹੈ ਕਿ ਪਾਉਣ ਲਈ ਪਾਇਪਾਂ ਨਹੀਂ ਹੈ। ਜਿਸ ਕਰਕੇ ਕੰਮ ਵਿਚ ਦੇਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮੰਤਰੀ ਨੇ ਸਮੂਹ ਕੌਸਲਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਪ੍ਰੇਰਿਤ ਕੀਤਾ। ਬਾਕਸ-- ਛੋਟੀ ਨਦੀ ਨੂੰ ਨਗਰ ਨਿਗਮ ਅਧੀਨ ਲੈਣ ਦੀ ਮੰਗ ਪਟਿਆਲਾ ਦਿਹਾਤੀ ਇਲਾਕੇ ਵਿੱਚ ਪੈਂਦੀ ਛੋਟੀ ਨਦੀ ਸਰਹੰਦ ਰੋਡ ਤੋਂ ਪਿੰਡ ਮੈਣ ਤੱਕ ਦੀ ਮਾੜੀ ਸਾਂਭ-ਸੰਭਾਲ ਅਤੇ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਜਨਰਲ ਹਾਊਸ ਵਿਚ ਮੁੱਦਾ ਚੁੱਕਿਆ। ਕੋਹਲੀ ਨੇ ਮੰਗ ਕੀਤੀ ਕਿ ਇਸ ਛੋਟੀ ਨਦੀ ਨੂੰ ਡਰੇਨੇਜ ਵਿਭਾਗ ਤੋਂ ਨਗਰ ਨਿਗਮ ਦੇ ਅਧੀਨ ‘ਟੇਕ ਓਵਰ’ ਕੀਤਾ ਜਾਵੇ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਇਸ ਨਦੀ ਦੀ ਸਫ਼ਾਈ ਲਈ ਨਗਰ ਨਿਗਮ ਵੱਲੋਂ ਡਰੇਨੇਜ ਵਿਭਾਗ ਨੂੰ ਲੱਖਾਂ ਰੁਪਏ ਫੰਡ ਦਿੱਤੇ ਜਾਂਦੇ ਹਨ, ਪਰ ਵਿਭਾਗ ਵੱਲੋਂ ਸਹੀ ਢੰਗ ਨਾਲ ਸਫ਼ਾਈ ਨਹੀਂ ਕਰਵਾਈ ਜਾਂਦੀ। 4 ਅਗਸਤ 2026 ਨੂੰ ਸਵੇਰੇ ਸਿਰਫ਼ ਦੋ ਘੰਟੇ ਦੀ ਬਰਸਾਤ ਦੌਰਾਨ ਬਿਸ਼ਨ ਨਗਰ, ਰਾਮ ਨਗਰ, ਗੁਰਬਖ਼ਸ਼ ਕਲੋਨੀ ਅਤੇ ਤਫ਼ਜ਼ਲਪੁਰਾ ਵਰਗੇ ਏਰੀਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਸਨ। ਦੋਸ਼ ਲਾਇਆ ਗਿਆ ਹੈ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਸਟੌਰਮ ਸੀਵਰ ਦੀਆਂ ਪਾਈਪ ਓਪਨਿੰਗਾਂ 9 ਇੰਚੀ ਦੀਵਾਰਾਂ ਨਾਲ ਬੰਦ ਕਰ ਦਿੱਤੀਆਂ ਸਨ, ਜਿਸ ਨਾਲ ਘਰਾਂ ਵਿੱਚ 4 ਤੋਂ 5 ਫੁੱਟ ਪਾਣੀ ਵੜ ਗਿਆ ਅਤੇ ਵੱਡਾ ਮਾਲੀ ਨੁਕਸਾਨ ਹੋਇਆ। ਸੀਨੀਅਰ ਡਿਪਟੀ ਮੇਅਰ ਨੇ ਸੁਝਾਅ ਦਿੱਤਾ ਕਿ ਬਰਸਾਤੀ ਪਾਣੀ ਅਤੇ ਰੋਜ਼ਾਨਾ ਸੀਵਰੇਜ ਓਵਰਫ਼ਲੋ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਪਿੰਡ ਮੈਣ ਤੱਕ ਦੇ 1.5 ਲੱਖ ਆਬਾਦੀ ਵਾਲੇ ਖੇਤਰ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾ ਕੇ ਪੱਕਾ ਹੱਲ ਕੀਤਾ ਜਾ ਸਕਦਾ ਹੈ। ਸ਼ਹਿਰੀ ਖੇਤਰ ਦੇ ਐਸਟੀਪੀ ਪਲਾਂਟਾਂ ਤੇ ਬੋਝ ਘਟੇਗਾ ਅਤੇ ਨਿਗਮ ਦੇ ਫੰਡਾਂ ਦੀ ਵੀ ਬਚਤ ਹੋਵੇਗੀ।