ਪਟਿਆਲਾ ’ਚ ਮਾਨਸੂਨ ਮੁੜ ਸਰਗਰਮ, ਲੱਗੀ ਸਾਉਣ ਦੀ ਝੜੀ ਪਟਿਆਲਾ ’ਚ ਮਾਨਸੂਨ ਮੁੜ ਸਰਗਰਮ, ਲੱਗੀ ਸਾਉਣ ਦੀ ਝੜੀ
Publish Date: Sat, 08 Aug 2026 06:34 PM (IST)
Updated Date: Sun, 09 Aug 2026 04:03 AM (IST)
ਅਗਲੇ ਪੰਜ ਦਿਨ ਮੀਂਹ ਦੇ ਆਸਾਰ; ਕਿਸਾਨਾਂ ਲਈ ਮੌਸਮ ਲਾਹੇਵੰਦ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ’ਚ ਮਾਨਸੂਨ ਦੀ ਸਰਗਰਮੀ ਕਾਰਨ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਸ਼ਨੀਵਾਰ ਨੂੰ ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਵੀ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਕਿਤੇ-ਕਿਤੇ ਮੀਂਹ ਅਤੇ ਗਰਜ-ਚਮਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 9 ਅਗਸਤ ਐਤਵਾਰ ਨੂੰ ਗਰਜ-ਤੂਫ਼ਾਨ ਨਾਲ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 10 ਅਗਸਤ ਨੂੰ ਅਚਾਨਕ ਮੀਂਹ ਅਤੇ ਗਰਜ-ਚਮਕ ਵਾਲੀਆਂ ਗਤੀਵਿਧੀਆਂ ਹੋ ਸਕਦੀਆਂ ਹਨ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿਣ ਦਾ ਅਨੁਮਾਨ ਹੈ। 11 ਅਗਸਤ ਮੰਗਲਵਾਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਦਿਨ ਦਾ ਤਾਪਮਾਨ 32 ਡਿਗਰੀ ਅਤੇ ਰਾਤ ਦਾ 26 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ। 12 ਅਗਸਤ ਬੁੱਧਵਾਰ ਕਿਤੇ-ਕਿਤੇ ਗਰਜ-ਚਮਕ ਨਾਲ ਮੀਂਹ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। 13 ਅਗਸਤ ਵੀਰਵਾਰ ਨੂੰ ਕੁਝ ਥਾਵਾਂ ’ਤੇ ਮੀਂਹ ਦੇ ਆਸਾਰ ਬਣੇ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਮੀਂਹ ਕਿਸਾਨਾਂ ਲਈ ਫਿਲਹਾਲ ਲਾਹੇਵੰਦ ਮੰਨਿਆ ਜਾ ਰਿਹਾ ਹੈ। ਝੋਨੇ ਦੀ ਫਸਲ ਨੂੰ ਲੋੜੀਂਦੀ ਨਮੀ ਮਿਲਣ ਨਾਲ ਸਿੰਚਾਈ ਦੀ ਲੋੜ ਘਟੇਗੀ ਅਤੇ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਹਾਲਾਂਕਿ ਲਗਾਤਾਰ ਜਾਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸਥਿਤੀ ਵਿੱਚ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਰੱਖਣ ਦੀ ਲੋੜ ਹੈ। ਮੌਸਮ ਦੇ ਇਸ ਬਦਲਾਅ ਨਾਲ ਦਿਨ ਦੇ ਤਾਪਮਾਨ ਵਿੱਚ ਵੀ ਕੁਝ ਉਤਰਾਅ-ਚੜ੍ਹਾਅ ਰਹੇਗਾ, ਪਰ ਹੁੰਮਸ ਬਣੀ ਰਹਿਣ ਦੀ ਸੰਭਾਵਨਾ ਹੈ। ਮੌਸਮ ਨੂੰ ਦੇਖਦਿਆਂ ਕਿਸਾਨਾਂ ਨੂੰ ਬੇਲੋੜੀ ਸਿੰਚਾਈ ਤੋਂ ਬਚਣ ਅਤੇ ਖਾਦ ਤੇ ਕੀਟਨਾਸ਼ਕਾਂ ਦੀ ਵਰਤੋਂ ਮੀਂਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।