ਭਾਜਪਾ ਟਕਸਾਲੀ ਆਗੂ ਨਿਰਾਸ਼ : ‘ਦਿਲ ਦਰਦ ਆ ਗਿਆ ਜ਼ੁਬਾਨ ’ਤੇ’ ਭਾਜਪਾ ਟਕਸਾਲੀ ਆਗੂ ਨਿਰਾਸ਼ : ‘ਦਿਲ ਦਰਦ ਆ ਗਿਆ ਜ਼ੁਬਾਨ ’ਤੇ’
Publish Date: Tue, 04 Aug 2026 06:16 PM (IST)
Updated Date: Wed, 05 Aug 2026 04:05 AM (IST)
ਕਿਹਾ : ਟਕਸਾਲੀਆਂ ਲਾਏ ਖੁੱਡੇ, ਕਾਂਗਰਸੀਕਰਨ ਦਾ ਲਗਾਇਆ ਦੋਸ਼ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਜਨਤਾ ਪਾਰਟੀ ਵਿੱਚ ਦੂਜੀਆਂ ਪਾਰਟੀਆਂ, ਖਾਸ ਕਰਕੇ ਕਾਂਗਰਸ ਤੋਂ ਆਏ ਨੇਤਾਵਾਂ ਨੂੰ ਦਿੱਤੀ ਜਾ ਰਹੀ ਤਰਜੀਹ ਕਾਰਨ ਪਾਰਟੀ ਦੇ ਪੁਰਾਣੇ ਅਤੇ ਟਕਸਾਲੀ ਆਗੂਆਂ ਦਾ ਦਰਦ ਹੁਣ ਖੁੱਲ੍ਹ ਕੇ ਜ਼ੁਬਾਨ ਤੇ ਆਉਣ ਲੱਗਿਆ ਹੈ। ਪਿਛਲੇ 39 ਸਾਲਾਂ ਤੋਂ ਭਾਜਪਾ ਨਾਲ ਵਫ਼ਾਦਾਰੀ ਨਾਲ ਜੁੜੇ ਸੀਨੀਅਰ ਆਗੂ ਭੁਪੇਸ਼ ਅਗਰਵਾਲ ਨੇ ਪਾਰਟੀ ਦੇ ਮੌਜੂਦਾ ਹਾਲਾਤ ਅਤੇ ਅੰਦਰੂਨੀ ਕਾਰਜਪ੍ਰਣਾਲੀ ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਭਾਵੁਕ ਹੁੰਦਿਆਂ ਭੁਪੇਸ਼ ਅਗਰਵਾਲ ਨੇ ਕਿਹਾ ਕਿ ਜਿਹੜੇ ਲੋਕ ਕਦੇ ਕਾਂਗਰਸ ਦੇ ਝੰਡੇ ਚੁੱਕ ਕੇ ਫਿਰਦੇ ਸੀ, ਹੁਣ ਉਹ ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਵੱਡੇ-ਵੱਡੇ ਅਹੁਦਿਆਂ ਨਾਲ ਨਵਾਜ਼ੇ ਜਾ ਰਹੇ ਹਨ। ਦੂਜੇ ਪਾਸੇ, ਜਿਨ੍ਹਾਂ ਟਕਸਾਲੀ ਆਗੂਆਂ ਅਤੇ ਵਰਕਰਾਂ ਨੇ ਆਪਣੀ ਜਵਾਨੀ ਅਤੇ ਕੁਰਬਾਨੀਆਂ ਦੇ ਕੇ ਪਾਰਟੀ ਨੂੰ ਮਜ਼ਬੂਤ ਕੀਤਾ, ਅੱਜ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੂੰਝੇ ਲਗਾ ਦਿੱਤਾ ਗਿਆ ਹੈ। ਅਗਰਵਾਲ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ ਭਾਜਪਾ ਦਾ ਉਹ ਅਨੁਸ਼ਾਸਨ ਬਦਲ ਚੁੱਕਾ ਹੈ, ਜਿਸ ਲਈ ਇਹ ਪਾਰਟੀ ਜਾਣੀ ਜਾਂਦੀ ਸੀ। ਹੁਣ ਪੁਰਾਣੇ ਵਰਕਰਾਂ ਨੂੰ ਅਣਦੇਖਿਆ ਕਰਕੇ ਨਵਿਆਂ ਨੂੰ ਅੱਗੇ ਲਾਇਆ ਜਾ ਰਿਹਾ ਹੈ। ਪਾਰਟੀ ਸੰਗਠਨ ਦੀ ਪਹੁੰਚਹੀਣਤਾ ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਪ੍ਰਧਾਨ ਨੂੰ ਮਿਲਣ ਲਈ ਵੀ ਸਿਫ਼ਾਰਸ਼ਾਂ ਦੀ ਲੋੜ ਪੈਂਦੀ ਹੈ। ਪ੍ਰਧਾਨ ਨੂੰ ਮਿਲਣਾ ਤਾਂ ਦੂਰ ਦੀ ਗੱਲ, ਉਹ ਫੋਨ ਤੇ ਵੀ ਗੱਲ ਕਰਨ ਲਈ ਤਿਆਰ ਨਹੀਂ ਹਨ। ਇੱਥੋਂ ਤੱਕ ਕਿ ਸੰਗਠਨ ਮੰਤਰੀ ਵੀ ਵਰਕਰਾਂ ਦੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਦੇ। ਪਾਰਟੀ ਵਿੱਚ ਲੋਕਤੰਤਰ ਖਤਮ ਹੋ ਕੇ ਕਾਂਗਰਸੀਕਰਨ ਦਾ ਕਬਜ਼ਾ ਹੋ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਸਥਾਨਕ ਸਮੀਕਰਨਾਂ ਬਾਰੇ ਬੋਲਦਿਆਂ ਅਗਰਵਾਲ ਨੇ ਦੋਸ਼ ਲਾਇਆ ਕਿ ਹਾਲ ਹੀ ਵਿੱਚ ਜ਼ਿਲ੍ਹੇ ਵਿੱਚ ਹੋਈਆਂ ਦੋ ਅਹਿਮ ਨਿਯੁਕਤੀਆਂ ਸਿਰਫ਼ ਇੱਕੋ ਪਰਿਵਾਰ ਦੇ ਕਹਿਣ ਤੇ ਕੀਤੀਆਂ ਗਈਆਂ ਹਨ, ਜਦਕਿ ਬਾਕੀ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਪਾਸੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੰਗਠਨ ਮੰਤਰੀ ਮਹਿਲ ਵਿੱਚ ਆਏ, ਪਰ ਪਾਰਟੀ ਲਈ ਸ਼ਹੀਦੀਆਂ ਦੇਣ ਵਾਲੇ ਟਕਸਾਲੀ ਆਗੂਆਂ ਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ। ਇਹ ਸਥਿਤੀ ਸਿਰਫ਼ ਪਟਿਆਲਾ ਦੀ ਨਹੀਂ, ਸਗੋਂ ਪੂਰੇ ਪੰਜਾਬ ਦੇ ਟਕਸਾਲੀ ਭਾਜਪਾ ਵਰਕਰ ਅਤੇ ਆਗੂ ਅੱਜ ਇਸੇ ਨਿਰਾਸ਼ਾ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਡੱਬੀ ਬੂਥ ਤੋਂ ਲੇ ਕੇ ਪ੍ਰਦੇਸ਼ ਪ੍ਰਧਾਨ ਤੱਕ ਸਭ ਕਾਂਗਰਸੀ : ਕੌੜਾ ਇਕ ਹੋਰ ਭਾਜਪਾ ਟਕਸਾਲੀ ਆਗੂ ਨੀਰਜ ਕੌੜਾ ਦੀਆਂ ਸੋਸ਼ਲ ਮੀਡੀਆਂ ਪੋਸਟਾਂ ਵਿਚ ਚਰਚਾ ਵਿਚ ਹਨ। ਕੌੜਾ ਲਿਖਦੇ ਹਨ ਕਿ ਸੂਚੀ ਦੇਖੀ ਤਾਂ ਪਤਾ ਲੱਗਿਆ ਕਿ ‘‘ਮੇਰਾ ਬੂਥ ਪ੍ਰਧਾਨ, ਵਾਰਡ ਪ੍ਰਧਾਨ, ਮੰਡਲ, ਜਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਪ੍ਰਦੇਸ਼ ਪ੍ਰਧਾਨ, ਮਹਿਲਾ ਤੇ ਯੁਵਾ ਪ੍ਰਧਾਨ ਸਭ ਕਾਂਗਰਸੀ..।’’ ਕੌੜਾ ਦਾ ਕਹਿਣਾ ਹੈ ਕਿ ਜਿਹੜਾ ਮੰਡਲ ਪ੍ਰਧਾਨ ਬਣਨ ਦੀ ਯੋਗਤਾ ਨਹੀਂ ਰੱਖਦਾ ਉਸਨੂੰ ਪ੍ਰਦੇਸ਼ ਮੋਰਚਾ ਬਣਾ ਦਿੱਤਾ। ਨੀਰਜ ਕੌੜਾ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਸਹੀ ਕਹਿੰਦੇ ਸਨ ਕਿ ਕੇਵਲ ਢਿਲੋਂ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਆਹੁਦੇ ਲਈ ਠੀਕ ਨਹੀਂ ਹੈ।