ਸਨੌਰ, ਸਮਾਣਾ ਅਤੇ ਰਾਜਪੁਰਾ ਦੇ ਵਿਧਾਇਕਾਂ ਨੇ ਵਿਧਾਨ ਸਭਾ ’ਚ ਚੁੱਕੇ ਮੁੱਦੇ ਸਨੌਰ, ਸਮਾਣਾ ਅਤੇ ਰਾਜਪੁਰਾ ਦੇ ਵਿਧਾਇਕਾਂ ਨੇ ਵਿਧਾਨ ਸਭਾ ’ਚ ਚੁੱਕੇ ਮੁੱਦੇ
Publish Date: Tue, 04 Aug 2026 04:39 PM (IST)
Updated Date: Wed, 05 Aug 2026 04:02 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਮੌਜੂਦਾ ਇਜਲਾਸ ਦੌਰਾਨ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਵੱਲੋਂ ਆਪਣੇ ਇਲਾਕਿਆਂ ਦੀਆਂ ਗੰਭੀਰ ਸਮੱਸਿਆਵਾਂ, ਹੜ੍ਹ ਪ੍ਰਬੰਧਾਂ, ਪੰਚਾਇਤੀ ਵਿਕਾਸ ਕਾਰਜਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਅਹਿਮ ਮੁੱਦੇ ਪੂਰੇ ਜ਼ੋਰ-ਸ਼ੋਰ ਨਾਲ ਚੁੱਕੇ ਗਏ। ਸਦਨ ਵਿੱਚ ਟਾਂਗਰੀ ਨਦੀ ਦੇ ਫੰਡਾਂ ਦੀ ਜਾਂਚ, ਸਰਪੰਚਾਂ ਨੂੰ ਆ ਰਹੀਆਂ ਵਿੱਤੀ ਮੁਸ਼ਕਲਾਂ ਅਤੇ ਹਸਪਤਾਲਾਂ ਦੀਆਂ ਬੰਦ ਪਈਆਂ ਇਮਾਰਤਾਂ ਦੀ ਵਿਜੀਲੈਂਸ ਜਾਂਚ ਵਰਗੀਆਂ ਪ੍ਰਮੁੱਖ ਮੰਗਾਂ ਗੂੰਜਦੀਆਂ ਰਹੀਆਂ। ਡੱਬੀ ਪਠਾਣਮਾਜਰਾ ਨੇ ਟਾਂਗਰੀ ਦੀ ਸਫ਼ਾਈ ਤੇ ਬੰਨ੍ਹ ਉੱਚੇ ਕਰਨ ਦਾ ਮੁੱਦਾ ਚੁੱਕਿਆ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਆਪਣੇ ਇਲਾਕੇ ਨਾਲ ਜੁੜਿਆ ਇੱਕ ਬਹੁਤ ਹੀ ਅਹਿਮ ਅਤੇ ਗੰਭੀਰ ਮੁੱਦਾ ਚੁੱਕਿਆ। ਉਨ੍ਹਾਂ ਨੇ ਟਾਂਗਰੀ ਨਦੀ ਦੀ ਸਫ਼ਾਈ ਅਤੇ ਇਸ ਦੇ ਬੰਨ੍ਹ ਉੱਚੇ ਕਰਨ ਦੇ ਕੰਮਾਂ ਚ ਹੋਈਆਂ ਕਥਿਤ ਅਨਿਯਮਿਤਤਾਵਾਂ ਵੱਲ ਧਿਆਨ ਦਿਵਾਉਂਦਿਆਂ ਆਏ ਫੰਡਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ। ਵਿਧਾਨ ਸਭਾ ਚ ਬੋਲਦਿਆਂ ਵਿਧਾਇਕ ਪਠਾਣਮਾਜਰਾ ਨੇ ਖੁਲਾਸਾ ਕੀਤਾ ਕਿ ਹਲਕਾ ਸਨੌਰ ਵਿਖੇ ਟਾਂਗਰੀ ਨਦੀ ਦੀ ਸਫ਼ਾਈ ਅਤੇ ਇਸ ਦੇ ਬੰਨ੍ਹ ਉੱਚੇ ਕਰਨ ਲਈ 16 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਈ ਸੀ। ਪ੍ਰੰਤੂ, ਜ਼ਮੀਨੀ ਹਕੀਕਤ ਇਹ ਹੈ ਕਿ ਨਾ ਤਾਂ ਟਾਂਗਰੀ ਨਦੀ ਦੀ ਸਹੀ ਢੰਗ ਨਾਲ ਸਫ਼ਾਈ ਹੋਈ ਹੈ ਅਤੇ ਨਾ ਹੀ ਬੰਨ੍ਹ ਉੱਚੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਅਤੇ ਪਾਣੀ ਦੇ ਭਾਰੀ ਵਹਾਅ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਜਾਰੀ ਹੋਏ ਫੰਡਾਂ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਪੈਸਾ ਕਿੱਥੇ ਖਰਚਿਆ ਗਿਆ ਹੈ। ਆਪਣਾ ਦਰਦ ਬਿਆਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਮੈਂ ਪਹਿਲਾਂ ਵੀ ਜਨਤਾ ਦੇ ਹੱਕਾਂ ਅਤੇ ਇਸ ਅਹਿਮ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ ਪਰ ਅਫ਼ਸੋਸ ਕਿ ਇਸੇ ਮੁੱਦੇ ਨੂੰ ਚੁੱਕਣ ਕਰਕੇ ਮੇਰੀ ਸਿਆਸੀ ਬਲੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਦੁਬਾਰਾ ਹੜ੍ਹਾਂ ਦੀ ਤਬਾਹੀ ਤੇ ਪਾਣੀ ਦੀ ਮਾਰ ਝੱਲਣੀ ਪਵੇ। ਡੱਬੀ ਵਿਧਾਇਕ ਜੌੜਾਮਾਜਰਾ ਨੇ ਪਿੰਡਾਂ ’ਚ ਰੁਕੇ ਵਿਕਾਸ ਦਾ ਮੁੱਦਾ ਚੁੱਕਿਆ ਦੂਜੇ ਪਾਸੇ, ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਨਾਲ ਜੁੜਿਆ ਇੱਕ ਬਹੁਤ ਹੀ ਅਹਿਮ ਅਤੇ ਗੰਭੀਰ ਮੁੱਦਾ ਚੁੱਕਦਿਆਂ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਉਹਨਾਂ ਨੇ ਸਦਨ ਵਿੱਚ ਬੋਲਦਿਆਂ ਦੱਸਿਆ ਕਿ ਬਿਲਡਿੰਗ ਮਟੀਰੀਅਲ ਅਤੇ ਮਜ਼ਦੂਰੀ ਦੇ ਵਧੇ ਹੋਏ ਰੇਟਾਂ ਕਰਕੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਪੰਚਾਇਤਾਂ ਨੂੰ ਕੰਮ ਕਰਵਾਉਣ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਜੌੜਾਮਾਜਰਾ ਨੇ ਪੰਚਾਇਤ ਮੰਤਰੀ ਪਾਸੋਂ ਮੰਗ ਕੀਤੀ ਕਿ ਮੌਜੂਦਾ ਮਾਰਕੀਟ ਰੇਟਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਅਨੁਮਾਨਿਤ ਰੇਟਾਂ ਵਿੱਚ ਤੁਰੰਤ ਸੋਧ ਕੀਤੀ ਜਾਵੇ। ਉਹਨਾਂ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪਹਿਲਾਂ ਜੋ ਇੱਟ 6,400 ਰੁਪਏ ਪ੍ਰਤੀ ਹਜ਼ਾਰ ਮਿਲਦੀ ਸੀ, ਉਹ ਹੁਣ ਵਧ ਕੇ 10,000 ਰੁਪਏ ਤੱਕ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਸੀਮੈਂਟ, ਰੇਤਾ, ਬਜਰੀ ਅਤੇ ਮਜ਼ਦੂਰਾਂ ਦੀ ਦਿਹਾੜੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰੀ ਰੇਟਾਂ ਵਿੱਚ ਮਾਰਕੀਟ ਦੇ ਹਿਸਾਬ ਨਾਲ ਵਾਧਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਿੰਡਾਂ ਵਿੱਚ ਵਿਕਾਸ ਕਾਰਜ ਰਫਤਾਰ ਨਹੀਂ ਫੜ ਸਕਦੇ। ਉਨਾਂ ਅਪੀਲ ਕੀਤੀ ਕਿ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਦਿਸ਼ਾ-ਨਿਰਦੇਸ਼ ਅਤੇ ਪੱਤਰ ਜਾਰੀ ਕੀਤੇ ਜਾਣ, ਤਾਂ ਜੋ ਉਹ ਮੌਜੂਦਾ ਬਾਜ਼ਾਰੂ ਭਾਅ ਅਨੁਸਾਰ ਨਵੇਂ ਰੇਟ ਤੈਅ ਕਰਨ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਇਆ ਜਾ ਸਕੇ। ਡੱਬੀ ਹਲਕਾ ਰਾਜਪੁਰਾ: ਹਸਪਤਾਲ ਦੀ ਬੰਦ ਪਈ ਇਮਾਰਤ ਦੀ ਵਿਜੀਲੈਂਸ ਜਾਂਚ ਦੀ ਮੰਗ ਇਸੇ ਦੌਰਾਨ ਹਲਕਾ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੀ ਬੰਦ ਪਈ ਅਸੁਰੱਖਿਅਤ ਇਮਾਰਤ ਦਾ ਮੁੱਦਾ ਵੀ ਵਿਧਾਨ ਸਭਾ ਵਿੱਚ ਗੂੰਜਿਆ। ਹਸਪਤਾਲ ਦਾ ਇੱਕ ਹਿੱਸਾ ਲੰਮੇ ਸਮੇਂ ਤੋਂ ਬੰਦ ਪੈਣ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਹਲਕਾ ਵਿਧਾਇਕ ਵੱਲੋਂ ਸਵਾਲ ਚੁੱਕਿਆ ਗਿਆ, ਜਿਸ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਇਸ ਹਸਪਤਾਲ ਦਾ ਐਮਰਜੈਂਸੀ ਵਿੰਗ ਸਾਲ 1992 ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ। ਪ੍ਰੰਤੂ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਕਾਰਨ ਇਹ ਇਮਾਰਤ 10 ਸਾਲ ਵੀ ਨਾ ਚੱਲ ਸਕੀ ਅਤੇ ਸਾਲ 2004 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੀ ਇਸ ਦਾ ਭੋਗ ਪੈ ਗਿਆ, ਜਿਸ ਤੋਂ ਬਾਅਦ ਇਸ ਨੂੰ ਅਣਸੁਰੱਖਿਅਤ ਘੋਸ਼ਿਤ ਕਰਕੇ ਬੰਦ ਕਰਨਾ ਪਿਆ। ਹਲਕਾ ਵਿਧਾਇਕ ਨੇ ਮੰਗ ਕੀਤੀ ਕਿ ਇਸ ਬੰਦ ਪਈ ਇਮਾਰਤ ਦੀ ਤੁਰੰਤ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਦੀ ਜਵਾਬਦੇਹੀ ਤੈਅ ਹੋ ਸਕੇ। ਇਸ ਦੇ ਨਾਲ ਹੀ ਵਿਧਾਇਕ ਨੇ ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਇਲਾਜ ਲਈ ਇੱਕ ਵੱਖਰਾ ਅਤੇ ਆਧੁਨਿਕ ਅੱਖ ਵਿਭਾਗ ਸਥਾਪਿਤ ਕਰਨ ਦੀ ਮੰਗ ਰੱਖੀ। ਸਿਹਤ ਮੰਤਰੀ ਨੇ ਦੰਸਿਆ ਕਿ ਹਸਪਤਾਲ ਵਿੱਚ ਇਸ ਵੇਲੇ ਅੱਖਾਂ ਦੇ 3 ਸਰਜਨ ਤਾਇਨਾਤ ਹਨ, ਜਿਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਹੈ। ਫਿਰ ਵੀ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਪਹਿਲਾਂ ਤੋਂ ਮੌਜੂਦ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ।