ਝੂਠੀਆਂ ਸ਼ਿਕਾਇਤਾਂ ’ਤੇ ਠੱਲ੍ਹ ਪਾਉਣ ਲਈ ਮੇਅਰ ਦਾ ਸਖ਼ਤ ਫੈਸਲਾ ਝੂਠੀਆਂ ਸ਼ਿਕਾਇਤਾਂ ’ਤੇ ਠੱਲ ਪਾਉਣ ਲਈ ਮੇਅਰ ਦਾ ਸਖ਼ਤ ਫੈਸਲਾ
Publish Date: Thu, 23 Jul 2026 06:52 PM (IST)
Updated Date: Fri, 24 Jul 2026 04:10 AM (IST)
ਬਿਲਡਿੰਗ ਬ੍ਰਾਂਚ ਨਾਲ ਸਬੰਧਤ ਸ਼ਿਕਾਇਤਾਂ ਲਈ ਹਲਫ਼ਨਾਮਾ ਕੀਤਾ ਲਾਜ਼ਮੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਵਿੱਚ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਆ ਰਹੀਆਂ ਬੇਬੁਨਿਆਦ ਸ਼ਿਕਾਇਤਾਂ ਅਤੇ ਕੁਝ ਲੋਕਾਂ ਵੱਲੋਂ ਨਿੱਜੀ ਲਾਭ ਲਈ ਕੀਤੀ ਜਾ ਰਹੀ ਕਥਿਤ ਬਲੈਕਮੇਲਿੰਗ ਨੂੰ ਰੋਕਣ ਦੇ ਉਦੇਸ਼ ਨਾਲ ਮੇਅਰ ਕੁੰਦਨ ਗੋਗੀਆ ਵੱਲੋਂ ਮਿਊਂਸਪਲ ਕੌਂਸਲਰਾਂ ਅਤੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬਿਲਡਿੰਗ ਨਿਯਮਾਂ ਦੀ ਪਾਲਣਾ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਜ਼ਿੰਮੇਵਾਰ ਬਣਾਉਣ ਸਬੰਧੀ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਬਿਲਡਿੰਗ ਬ੍ਰਾਂਚ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਸ਼ਿਕਾਇਤਾਂ ਦਾ ਮਕਸਦ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਬਜਾਏ ਸਬੰਧਤ ਵਿਅਕਤੀਆਂ ਨੂੰ ਬੇਵਜ੍ਹਾ ਤੰਗ-ਪਰੇਸ਼ਾਨ ਕਰਨਾ ਜਾਂ ਬਲੈਕਮੇਲ ਕਰਨਾ ਹੁੰਦਾ ਹੈ। ਅਜਿਹੇ ਰੁਝਾਨ ਕਾਰਨ ਨਾ ਸਿਰਫ਼ ਪ੍ਰਸ਼ਾਸਨ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ, ਸਗੋਂ ਅਸਲ ਅਤੇ ਜਾਇਜ਼ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਵੀ ਦੇਰੀ ਹੁੰਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਤਦ ਹੀ ਜਾਇਜ਼ ਮੰਨੀ ਜਾਵੇਗੀ ਜੇਕਰ ਸ਼ਿਕਾਇਤਕਰਤਾ ਆਪਣੇ ਦਾਅਵੇ ਦੀ ਪੁਸ਼ਟੀ ਕਰਦਿਆਂ ਇੱਕ ਹਲਫ਼ਨਾਮਾ ਜਮ੍ਹਾਂ ਕਰਵਾਏਗਾ। ਹਲਫ਼ਨਾਮੇ ਤੋਂ ਬਿਨਾਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਅਜਿਹੀਆਂ ਸ਼ਿਕਾਇਤਾਂ ਨੂੰ ਬੇਬੁਨਿਆਦ ਮੰਨਿਆ ਜਾਵੇਗਾ। ਮੇਅਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਬਿਨਾਂ ਹਲਫ਼ਨਾਮੇ ਦੇ ਝੂਠੀ ਜਾਂ ਗੁੰਮਰਾਹਕੁੰਨ ਸ਼ਿਕਾਇਤ ਕਰਕੇ ਪ੍ਰਸ਼ਾਸਨ ਨੂੰ ਗਲਤ ਜਾਣਕਾਰੀ ਦੇਣ ਜਾਂ ਕਿਸੇ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮਕਸਦ ਕਿਸੇ ਵੀ ਜਾਇਜ਼ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰਨਾ ਨਹੀਂ, ਸਗੋਂ ਝੂਠੀਆਂ ਅਤੇ ਮੰਸ਼ਾਪੂਰਣ ਸ਼ਿਕਾਇਤਾਂ ਤੇ ਰੋਕ ਲਗਾ ਕੇ ਇਮਾਨਦਾਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਹੈ। ਮੀਟਿੰਗ ਵਿੱਚ ਮੌਜੂਦ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸ਼ਿਕਾਇਤ ਪ੍ਰਣਾਲੀ ਵਿੱਚ ਜਵਾਬਦੇਹੀ ਵਧੇਗੀ, ਬੇਲੋੜੇ ਵਿਵਾਦ ਘਟਣਗੇ ਅਤੇ ਬਿਲਡਿੰਗ ਨਿਯਮਾਂ ਦੀ ਪਾਲਣਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਈ ਜਾ ਸਕੇਗੀ।