- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬੀਆਂ ਲਈ ਸਾਬਤ ਹੋਈ ਵਰਦਾਨ

6.5 ਮਹੀਨਿਆਂ 'ਚ 5.12 ਲੱਖ ਲੋਕਾਂ ਨੂੰ ਮਿਲਿਆ 914 ਕਰੋੜ ਦਾ ਮੁਫ਼ਤ ਇਲਾਜ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਯੂਨੀਵਰਸਲ ਹੈਲਥ ਸਕੀਮ 'ਮੁੱਖ ਮੰਤਰੀ ਸਿਹਤ ਯੋਜਨਾ' ਆਪਣੇ ਪਹਿਲੇ ਸਾਢੇ ਛੇ ਮਹੀਨਿਆਂ ਵਿੱਚ ਹੀ ਪੰਜਾਬੀਆਂ ਲਈ ਵਰਦਾਨ ਸਾਬਤ ਹੋਈ ਹੈ। ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਅੰਕੜੇ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 5.12 ਲੱਖ ਲੋਕਾਂ ਨੂੰ 914 ਕਰੋੜ ਰੁਪਏ ਤੋਂ ਵੱਧ ਦਾ ਨਕਦ ਰਹਿਤ (ਕੈਸ਼ਲੈੱਸ) ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਹੁਣ ਤੱਕ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਕੀਮ ਵਿੱਚ 24.96 ਲੱਖ ਤੋਂ ਵੱਧ ਪਰਿਵਾਰ ਸ਼ਾਮਲ ਹਨ, ਜਿਨ੍ਹਾਂ ਵਿੱਚ 52 ਫ਼ੀਸਦੀ ਔਰਤਾਂ ਅਤੇ 68 ਫ਼ੀਸਦੀ ਲਾਭਪਾਤਰੀ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਜ਼ਿਲ੍ਹਿਆਂ ਵਿੱਚੋਂ ਲੁਧਿਆਣਾ 5,46,380 ਈ-ਕਾਰਡ ਜਾਰੀ ਕਰਕੇ ਸਭ ਤੋਂ ਅੱਗੇ ਹੈ, ਜਦੋਂ ਕਿ ਇਲਾਜ ਦੇ ਮਾਮਲੇ ਵਿੱਚ ਪਟਿਆਲਾ ਅਤੇ ਬਠਿੰਡਾ ਮੋਹਰੀ ਹਨ।
ਇਸ ਯੋਜਨਾ ਅਧੀਨ 868 ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਹਨ। ਸਰਕਾਰੀ ਹਸਪਤਾਲਾਂ ਨੇ 45 ਫ਼ੀਸਦੀ (2,29,551) ਅਤੇ ਨਿੱਜੀ ਹਸਪਤਾਲਾਂ ਨੇ 55 ਫ਼ੀਸਦੀ (2,83,089) ਇਲਾਜ ਪ੍ਰਦਾਨ ਕਰਕੇ ਸੰਤੁਲਿਤ ਭਾਗੀਦਾਰੀ ਨਿਭਾਈ ਹੈ। ਕੁੱਲ 2,50,359 ਪਰਿਵਾਰਾਂ ਨੇ ਇਸ ਦਾ ਲਾਭ ਲਿਆ, ਜਿਨ੍ਹਾਂ ਵਿੱਚੋਂ 1.65 ਲੱਖ ਲੋਕਾਂ ਦੀਆਂ ਸਰਜਰੀਆਂ ਹੋਈਆਂ ਹਨ। ਇਸ ਸਕੀਮ ਰਾਹੀਂ ਕੈਂਸਰ, ਗੋਡੇ ਤੇ ਹਿੱਪ ਬਦਲਣ, ਦਿਲ ਦੇ ਉਪਰੇਸ਼ਨ, ਪਿੱਤੇ ਦੀ ਸਰਜਰੀ, ਅਤੇ ਨਿਯਮਤ ਹੀਮੋਡਾਇਲਿਸਿਸ ਵਰਗੇ ਮਹਿੰਗੇ ਇਲਾਜ ਬਿਨਾਂ ਕਿਸੇ ਵਿੱਤੀ ਬੋਝ ਦੇ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਿਹਤ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਕੇਂਦਰ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਨੂੰ ਇਸ ਸਕੀਮ ਨਾਲ ਨਾ ਜੋੜਨਾ ਪੰਜਾਬੀਆਂ ਨਾਲ ਧੱਕਾ ਅਤੇ ਵਿਤਕਰਾ ਹੈ।
ਡੱਬੀ
ਗੜਬੜੀ ਕਰਨ ਵਾਲੇ ਹਸਪਤਾਲਾਂ 'ਤੇ ਸ਼ਿਕੰਜਾ
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਡਿਟ ਪ੍ਰਣਾਲੀ ਮਜ਼ਬੂਤ ਕੀਤੀ ਹੈ। ਪੜਤਾਲ ਦੌਰਾਨ 6 ਮਰੀਜ਼ਾਂ ਦੇ 2.98 ਲੱਖ ਰੁਪਏ ਵਾਪਸ ਕਰਵਾਏ ਗਏ ਹਨ। ਗ਼ਲਤ ਜਾਣਕਾਰੀ ਅਪਡੇਟ ਕਰਨ ਬਦਲੇ 14 ਹਸਪਤਾਲਾਂ ਨੂੰ 78 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਜਲੰਧਰ ਦੇ ਸਰਬੋਧਿਆ ਹਸਪਤਾਲ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਹਸਪਤਾਲ ਪੈਸਿਆਂ ਦੀ ਮੰਗ ਕਰੇ ਜਾਂ ਬਾਹਰੋਂ ਦਵਾਈਆਂ ਜਾਂ ਟੈਸਟ ਲਿਖੇ, ਤਾਂ ਤੁਰੰਤ 104 ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ। ਇਸ ਮੌਕੇ ਸਟੇਟ ਹੈਲਥ ਏਜੰਸੀ ਦੀ ਡਿਪਟੀ ਸੀ.ਈ.ਓ. ਡਾ. ਅਨਦੇਸ਼ ਕੰਗ, ਏ.ਡੀ.ਸੀ. ਅਨੁਪ੍ਰਿਤਾ ਜੌਹਲ ਅਤੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵੀ ਹਾਜ਼ਰ ਸਨ।