ਸੈਰਗਾਹ ਤੋਂ ਨਸ਼ੇੜੀਆਂ ਦੀ ਠਹਿਰ ਬਣਿਆ ਵਾਤਾਵਰਣ ਪਾਰਕ ਸੈਰਗਾਹ ਤੋਂ ਨਸ਼ੇੜੀਆਂ ਦੀ ਠਹਿਰ ਬਣਿਆ ਵਾਤਾਵਰਣ ਪਾਰਕ
Publish Date: Thu, 23 Jul 2026 04:38 PM (IST)
Updated Date: Fri, 24 Jul 2026 04:02 AM (IST)
ਸਟੋਰਾਂ ’ਚ ਮਿਲ ਰਹੀਆਂ ਨਸ਼ੇ ਦੀਆਂ ਪੰਨੀਆਂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪ੍ਰਸ਼ਾਸਨਿਕ ਅਣਦੇਖੀ ਅਤੇ ਰੱਖ-ਰਖਾਅ ਦੀ ਘਾਟ ਕਾਰਨ ਸ਼ਹਿਰ ਦਾ ਪ੍ਰਮੁੱਖ ਐਨਵਾਇਰਮੈਂਟ ਪਾਰਕ ਆਪਣੀ ਹੋਂਦ ਬਚਾਉਣ ਲਈ ਹੰਝੂ ਵਹਾ ਰਿਹਾ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਆਮ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਅਤੇ ਹਰਿਆਵਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਣਾਇਆ ਗਿਆ ਇਹ ਪਾਰਕ ਅੱਜ ਕੂੜੇ ਦੇ ਢੇਰ ਅਤੇ ਬਦਇੰਤਜ਼ਾਮੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਹਾਲਾਤ ਇਹ ਹਨ ਕਿ ਪਾਰਕ ਦੀ ਸ਼ੁਰੂਆਤ ਸਮੇਂ ਲਗਾਇਆ ਗਿਆ ਨੀਂਹ ਪੱਥਰ ਵੀ ਹੁਣ ਗਾਇਬ ਹੋ ਚੁੱਕਾ ਹੈ, ਜਿਸ ਦਾ ਨਾਮੋ-ਨਿਸ਼ਾਨ ਤੱਕ ਬਾਕੀ ਨਹੀਂ ਰਿਹਾ। ਡੱਬੀ ਘਾਹ ਬਣਿਆ ਝਾੜੀਆਂ, ਸੈਰ ਕਰਨ ਵਾਲੇ ਪਰੇਸ਼ਾਨ ਪਾਰਕ ਦੀ ਦੇਖਭਾਲ ਨਾ ਹੋਣ ਕਰਕੇ ਇੱਥੇ ਉੱਗਿਆ ਘਾਹ ਹੁਣ ਵੱਡੀਆਂ-ਵੱਡੀਆਂ ਝਾੜੀਆਂ ਦਾ ਰੂਪ ਧਾਰਨ ਕਰ ਚੁੱਕਾ ਹੈ। ਜਿਸ ਪਾਰਕ ਵਿੱਚ ਕਦੇ ਸ਼ਾਮ-ਸਵੇਰੇ ਲੋਕ ਸੈਰ ਕਰਨ, ਯੋਗਾ ਕਰਨ ਅਤੇ ਬੱਚੇ ਖੇਡਣ ਆਉਂਦੇ ਸਨ, ਉੱਥੇ ਹੁਣ ਜੰਗਲ ਵਰਗਾ ਮਾਹੌਲ ਬਣਿਆ ਹੋਇਆ ਹੈ। ਜ਼ਹਿਰੀਲੇ ਜੀਵ-ਜੰਤੂਆਂ ਦੇ ਡਰ ਤੋਂ ਲੋਕਾਂ ਨੇ ਪਾਰਕ ਵਿੱਚ ਆਉਣਾ ਲਗਭਗ ਬੰਦ ਕਰ ਦਿੱਤਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਬੰਧਤ ਵਿਭਾਗ ਵਲੋਂ ਇਸ ਦੀ ਸਾਰ ਨਹੀਂ ਲਈ ਜਾ ਰਹੀ। ਡੱਬੀ ਨਸ਼ੇੜੀਆਂ ਤੇ ਸ਼ੱਕੀ ਵਿਅਕਤੀਆਂ ਦਾ ਬਣਿਆ ਅੱਡਾ ਵਾਤਾਵਰਣ ਪਾਰਕ ਦੀ ਸਭ ਤੋਂ ਚਿੰਤਾਜਨਕ ਸਥਿਤੀ ਇਹ ਹੈ ਕਿ ਇਹ ਪਾਰਕ ਹੁਣ ਨਸ਼ੇੜੀਆਂ ਅਤੇ ਅਸਮਾਜਿਕ ਤੱਤਾਂ ਦੀ ਸੁਰੱਖਿਅਤ ਠਹਿਰ ਬਣ ਕੇ ਰਹਿ ਗਿਆ ਹੈ। ਦਿਨ-ਦਿਹਾੜੇ ਹੀ ਇੱਥੇ ਸ਼ੱਕੀ ਲੋਕ ਘੁੰਮਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਅਤੇ ਖਾਸ ਕਰਕੇ ਔਰਤਾਂ ਤੇ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸ਼ਾਮ ਢਲਦਿਆਂ ਹੀ ਇੱਥੇ ਨਸ਼ੇੜੀਆਂ ਦਾ ਜਮਾਵੜਾ ਲੱਗ ਜਾਂਦਾ ਹੈ, ਜਿਸ ਨਾਲ ਇਲਾਕੇ ਦੀ ਸੁਰੱਖਿਆ ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ। ਡੱਬੀ ਪਾਰਕ ਦੇ ਸਟੋਰਾਂ ਚੋਂ ਮਿਲ ਰਹੀਆਂ ਨਸ਼ੇ ਦੀਆਂ ਪੰਨੀਆਂ ਪਾਰਕ ਦੇ ਅੰਦਰ ਨਿਗਰਾਨੀ ਅਤੇ ਸਮਾਨ ਰੱਖਣ ਲਈ ਬਣਾਏ ਗਏ ਸਟੋਰ ਰੂਮ ਹੁਣ ਨਸ਼ੇੜੀਆਂ ਦੇ ਮੁੱਖ ਅੱਡੇ ਵਿੱਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ਸਟੋਰਾਂ ਦੀ ਹਾਲਤ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇੱਥੇ ਸ਼ਰੇਆਮ ਨਸ਼ੇ ਦਾ ਕਾਰੋਬਾਰ ਅਤੇ ਵਰਤੋਂ ਹੁੰਦੀ ਹੈ। ਸਟੋਰਾਂ ਦੇ ਅੰਦਰ ਅਤੇ ਆਲੇ-ਦੁਆਲੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਪੰਨੀਆਂ (ਐਲੂਮੀਨੀਅਮ ਫੋਇਲ), ਟੀਕੇ ਅਤੇ ਖਾਲੀ ਬੋਤਲਾਂ ਦੀ ਭਰਮਾਰ ਨਜ਼ਰ ਆਉਂਦੀ ਹੈ। ਇਹ ਸਥਿਤੀ ਪ੍ਰਸ਼ਾਸਨ ਦੇ ਨਸ਼ਾ ਮੁਕਤੀ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੈ। ਡੱਬੀ ਇਲਾਕਾ ਨਿਵਾਸੀਆਂ ਦੀ ਮੰਗ ਸ਼ਹਿਰ ਵਾਸੀ ਰਮਨਦੀਪ ਹੈਪੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਐਨਵਾਇਰਮੈਂਟ ਪਾਰਕ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਝਾੜੀਆਂ ਦੀ ਕਟਾਈ ਕੀਤੀ ਜਾਵੇ ਅਤੇ ਪੁਲਿਸ ਗਸ਼ਤ ਵਧਾਈ ਜਾਵੇ। ਪਾਰਕ ਨਜ਼ਦੀਕ ਮੋਜੂਦ ਜਗਤਾਰ ਸਿੰਘ, ਕਰਨਵੀਰ ਸਿੰਘ ਦਾ ਕਹਿਣਾ ਹੈ ਕਿ ਪਾਰਕ ਵਿੱਚ ਬਣੇ ਸਟੋਰਾਂ ਨੂੰ ਤਾਲੇ ਲਗਾਏ ਜਾਣ ਅਤੇ ਅਸਮਾਜਿਕ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਜਨਤਾ ਬਿਨਾਂ ਕਿਸੇ ਖੌਫ਼ ਦੇ ਇਸ ਪਾਰਕ ਦਾ ਲਾਭ ਉਠਾ ਸਕੇ।