ਘੱਗਰ ਸਮੇਤ ਹਰ ਨਦੀ ਤੇ ਨਾਲਿਆਂ ’ਤੇ ਨਜ਼ਰ, ਘਬਰਾਉਣ ਦੀ ਲੋੜ ਨਹੀਂ : ਸਿਹਤ ਮੰਤਰੀ ਘੱਗਰ ਸਮੇਤ ਹਰ ਨਦੀ ਤੇ ਨਾਲਿਆਂ ’ਤੇ ਨਜ਼ਰ, ਘਬਰਾਉਣ ਦੀ ਲੋੜ ਨਹੀਂ -ਸਿਹਤ ਮੰਤਰੀ
Publish Date: Thu, 16 Jul 2026 06:08 PM (IST)
Updated Date: Fri, 17 Jul 2026 04:04 AM (IST)
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਦੇ ਸਾਰੇ ਪ੍ਰਬੰਧ ਪੁਖ਼ਤਾ : ਡੀਸੀ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਘੱਗਰ ਸਮੇਤ ਵੱਡੀ ਨਦੀ ਤੇ ਹੋਰ ਨਦੀਆਂ ਨਾਲਿਆਂ ਤੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ, ਜਿਸ ਲਈ ਲੋਕਾਂ ਨੂੰ ਘਬਰਾਹਟ ਚ ਆਉਣ ਦੀ ਕੋਈ ਲੋੜ ਨਹੀਂ ਹੈ ਜਦਕਿ ਡਰੇਨੇਜ਼ ਮਹਿਕਮੇ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਾਰੀਆਂ ਹੜ੍ਹ ਰੋਕੂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਰੱਖੀਆਂ ਹਨ। ਉਨ੍ਹਾਂ ਦੱਸਿਆ ਕਿ ਵੱਡੀ ਨਦੀ ਦੀ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਸਮੇਤ ਇਸ ਦੀ ਪਾਣੀ ਲਿਜਾਣ ਦੀ ਸਮਰੱਥ ਵਧਾਈ ਗਈ ਹੈ। ਇਹ ਗੱਲ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏਡੀਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਡਾ. ਅਮਨਦੀਪ ਸਿੰਘ ਬਖ਼ਸ਼ੀ, ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨ ਗੁਰਸ਼ਰਨ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਲੱਕੀ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਸਮੇਤ ਡਰੇਨੇਜ, ਸਿੰਚਾਈ, ਜਲ ਸਪਲਾਈ, ਪਸ਼ੂ ਪਾਲਣ ਸਮੇਤ ਹੋਰ ਵਿਭਾਗਾਂ ਨਾਲ ਹੜ੍ਹਾਂ ਤੋਂ ਬਚਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੈਠਕ ਉਪਰੰਤ ਕਹੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2300 ਸਾਂਝੀਆਂ ਟੀਮਾਂ ਦਾ ਗਠਨ ਕਰ ਕੇ ਮੱਛਰਾਂ ਦੀ ਪ੍ਰਜਣਨ ਚੈਕ ਕਰਨ ਲਈ 1500 ਬ੍ਰੀਡਿੰਗ ਚੈਕਰ, 38122 ਟ੍ਰੇਂਡ ਨਰਸਿੰਗ ਸਟੂਡੈਂਟਸ, 20515 ਆਸ਼ਾ ਵਰਕਰਾਂ ਨੂੰ ਵੀ ਸਿਖਲਾਈ ਦੇ ਕੇ 53 ਲੱਖ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 11000 ਤੋਂ ਵਧ ਘਰਾਂ ਚ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੀ ਕਾਰਵਾਈ ਦੀ ਰੀਅਲ ਟਾਈਮ ਮੋਨੀਟਰਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਸਾਰੇ ਪ੍ਰਬੰਧ ਪੁਖ਼ਤੇ ਕਰ ਲਏ ਹਨ ਤੇ ਹੜ੍ਹ ਕੰਟਰੋਲ ਰੂਮ 0175-2350550 ਤੇ 2385550 ਨਿਰੰਤਰ ਕਾਰਜਸ਼ੀਲ ਹੈ ਤੇ ਜ਼ਿਲ੍ਹੇ ਚ ਪਹਿਲੀ ਵਾਰ ਇੱਕ ਵਟਸਐਪ ਨੰਬਰ ਵੀ ਜਲਦੀ ਜਾਰੀ ਕੀਤਾ ਜਾਵੇਗਾ। ਡਾ. ਅਗਰਵਾਲ ਨੇ ਦੱਸਿਆ ਕਿ ਨਦੀਆਂ ਚ ਬੂਟੀ ਦੀ ਸਫ਼ਾਈ ਦਾ ਆਡਿਟ ਵੀ ਹੋਵੇਗਾ ਤੇ ਇਸ ਨੂੰ ਦੁਬਾਰਾ ਕੱਢਣ ਲਈ ਪੱਕੇ ਤੌਰ ਤੇ ਮਸ਼ੀਨਰੀ ਤਾਇਨਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਚ ਲੋੜੀਂਦੀਆਂ ਕਿਸ਼ਤੀਆਂ, ਲਾਇਫ ਜੈਕੇਟਸ, ਰੱਸੇ ਤੇ ਹੋਰ ਸਾਜੋ-ਸਮਾਨ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਹਨ, ਜਦਕਿ ਨਗਰ ਨਿਗਮ ਪਟਿਆਲਾ ਸਮੇਤ ਹੋਰ ਸ਼ਹਿਰਾਂ ਤੇ ਪਿੰਡਾਂ ਚ ਵੀ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਗਈ ਹੈ।