ਭਾਸ਼ਾ ਵਿਭਾਗ ਦੀਆਂ 8095 ਪੁਸਤਕਾਂ ਤੇ 476 ਹੱਥ ਲਿਖਤਾਂ ਹੋਈਆਂ ਆਨਲਾਈਨ ਭਾਸ਼ਾ ਵਿਭਾਗ ਦੀਆਂ 8095 ਪੁਸਤਕਾਂ ਅਤੇ 476 ਹੱਥ ਲਿਖਤਾਂ ਹੋਈਆਂ ਆਨਲਾਈਨ
Publish Date: Fri, 10 Jul 2026 06:29 PM (IST)
Updated Date: Sat, 11 Jul 2026 04:06 AM (IST)
- 1947 ਤੋਂ ਪਹਿਲਾਂ ਦੀਆਂ 2 ਲੱਖ ਚਿੱਠੀਆਂ, 51,000 ਅਖ਼ਬਾਰ ਹੋਏ ਡੀਜੀਟਾਈਜ਼ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਭਾਸ਼ਾ ਵਿਭਾਗ ਦੀਆਂ ਹੁਣ ਤੱਕ 1947 ਤੋਂ ਪਹਿਲਾਂ ਦੀਆਂ 2 ਲੱਖ ਚਿੱਠੀਆਂ, 51,000 ਅਖ਼ਬਾਰ, ਸੈਂਕੜੇ ਹੀ ਵਿਅਕਤੀਆਂ ਤੇ ਸਥਾਨਾਂ ਦੀਆਂ ਤਸਵੀਰਾਂ ਡਿਜੀਟਾਈਜ਼ ਕਰ ਚੁੱਕੇ ਹਾਂ। 10 ਮਿਲੀਅਨ ਤੋਂ ਵੱਧ ਪੰਨੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਭਾਸ਼ਾ ਵਿਭਾਗ ਵੱਲੋਂ ਇਕ ਨਵਾਂ ਮੀਲ ਪੱਥਰ ਹਾਸਲ ਕਰਦਿਆਂ 8,095 ਕਿਤਾਬਾਂ ਤੇ 476 ਦੁਰਲੱਭ ਹੱਥ ਲਿਖਤਾਂ ਆਨਲਾਈਨ ਕੀਤੀਆਂ ਗਈਆਂ, ਜਿਨ੍ਹਾਂ ਨੂੰ ਭਾਸ਼ਾ ਵਿਭਾਗ ਦੀ ਵੈਬਸਾਈਟ www.bhashavibhagpunjab.org ’ਤੇ ਦੇਖਿਆ ਜਾ ਸਕਦਾ ਹੈ। ਵਿਭਾਗ ਦੇ ਵਿਹੜੇ ਹਰ ਮਹੀਨੇ ਹੋਣ ਵਾਲੀ ਪੁਸਤਕ ਬੈਠਕ ’ਚ ਵਿਭਾਗ ਦੀ ਲਾਇਬ੍ਰੇਰੀ ਨੂੰ ਡਿਜੀਟਲ ਬਣਾਉਣ ਲਈ ਕੰਮ ਕਰ ਰਹੀ ਸੰਸਥਾ ਪੰਜਾਬ ਡਿਜੀਟਲ ਲਾਈਬ੍ਰੇਰੀ ਦੇ ਸੰਸਥਾਪਕ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਦੋ ਦਿਨਾਂ ’ਚ ਇਕ ਸਾਲ ਦੇ ਸਾਰੇ ਅਖ਼ਬਾਰਾਂ ਨੂੰ ਇਸ ਪ੍ਰੀਕ੍ਰਿਆ ਵਿਚੋਂ ਲੰਘਾਇਆ ਜਾਂਦਾ ਹੈ। ਇਸ ਪ੍ਰਕਿਰਿਆ ਦਾ ਹਰ ਪੰਜ ਸਾਲ ਬਾਅਦ ਨਵੀਨੀਕਰਨ ਹੁੰਦਾ ਰਹਿੰਦਾ ਹੈ ਜਿਸ ਨਾਲ ਪਹਿਲਾ ਅਤੇ ਨਵਾਂ ਡਾਟਾ ਪੂਰਨ ਰੂਪ ਵਿੱਚ ਸੁਰੱਖਿਅਤ ਰਹਿੰਦਾ ਹੈ। ਬਹੁਤ ਵੱਡਾ ਖਜ਼ਾਨਾ ਡਿਜ਼ੀਟਲ ਰੂਪ ’ਚ ਸਾਂਭ ਲਿਆ ਹੈ : ਡਾਇਰੈਕਟਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਮੌਖਿਕ ਗਿਆਨ ਤੋਂ ਪੁਸਤਕ ਗਿਆਨ ਤੇ ਪੁਸਤਕ ਤੋਂ ਡਿਜੀਟਲ ਪੁਸਤਕ ਦਾ ਸਫਰ ਜਿੱਥੇ ਰੋਚਕ ਹੈ, ਉੱਥੇ ਇਸ ਦੀ ਸੰਭਾਲ ਵੀ ਅਤਿ ਜ਼ਰੂਰੀ ਹੈ ਭਾਵੇਂ ਹਰ ਯੁੱਗ ’ਚ ਨਵੀਂ ਤਕਨਾਲੋਜੀ ਦਾ ਵਿਰੋਧ ਹੋਇਆ ਹੈ ਪਰ ਤਕਨਾਲੋਜੀ ਦਾ ਲੋਕ ਹਿੱਤਾਂ ਲਈ ਆਪਣਾ ਇਕ ਮਹੱਤਵ ਹੁੰਦਾ ਹੈ। ਭਾਸ਼ਾ ਵਿਭਾਗ ਦਾ ਬਹੁਤ ਵੱਡਾ ਖਜ਼ਾਨਾ ਡਿਜ਼ੀਟਲ ਰੂਪ ’ਚ ਸਾਂਭ ਲਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ ਦੀ ਵੱਡੀ ਪ੍ਰਾਪਤੀ ਵਜੋਂ ਜਾਣਿਆ ਜਾਵੇਗਾ। ਇਸ ਮੌਕੇ ਭਾਸ਼ਾ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਕਿਤਾਬੀ ਸਫ਼ਰ ’ਚ ਅੱਗੇ ਵਧਣ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਵਿਭਾਗ ਵਿੱਚ ਹੋ ਰਹੇ ਡਿਜ਼ੀਟਾਈਜੇਸ਼ਨ ਦਾ ਕਾਰਜ ਵਿਹਾਰਕ ਰੂਪ ’ਚ ਵੇਖਣ ਤਾਂ ਜੋ ਇਸ ਪ੍ਰੀਕ੍ਰਿਆ ਦੀ ਵਿਧੀ ਅਤੇ ਮਹੱਤਵ ਨੂੰ ਜਾਣਿਆ ਜਾ ਸਕੇ। ਪੁਸਤਕ ਬੈਠਕ ਮੌਕੇ ਪੰਜਾਬ ਡਿਜੀਟਲ ਲਾਈਬ੍ਰੇਰੀ ਦੇ ਸੰਸਥਾਪਕ ਦਵਿੰਦਰਪਾਲ ਸਿੰਘ ਨੂੰ ਦੋਸ਼ਾਲਾ ਅਤੇ ਪੁਸਤਕਾਂ ਦੇ ਸੈਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਖੋਜ ਅਫਸਰ ਡਾ. ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਜ਼ਾਰ ਪਟਿਆਲਵੀ, ਇੰਜ. ਜਤਿੰਦਰ ਸਿੰਘ, ਦਰਸ਼ਨ ਸਿੰਘ ਦਰਸ਼, ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ ਸੁਰਿੰਦਰ ਕੌਰ ਸਮੇਤ ਸਮੂਹ ਅਧਿਕਾਰੀ ਤੇ ਕਰਮਚਾਰੀ ਮੋਜੂਦ ਰਹੇ।