ਖਿਡਾਰੀਆਂ ਨੇ ਮਲੇਸ਼ੀਆਂ ’ਚ ਚਮਕਾਇਆ ਨਾਮ, ਜਿੱਤੇ 4 ਤਗਮੇ ਖਿਡਾਰੀਆਂ ਨੇ ਮਲੇਸ਼ੀਆਂ ’ਚ ਚਮਕਾਇਆ ਨਾਮ, ਜਿੱਤੇ 4 ਤਗਮੇ
Publish Date: Mon, 06 Jul 2026 06:04 PM (IST)
Updated Date: Mon, 06 Jul 2026 06:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਲੇਸ਼ੀਆ ਵਿਖੇ 3 ਤੋਂ 5 ਜੁਲਾਈ 2026 ਤੱਕ ਹੋਈ ਵੱਕਾਰੀ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿਚ ਭਾਰਤ ਦੇ ‘ਅਰਮਾਨ ਡੋਜੋ’ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂ ਕੌਮਾਂਤਰੀ ਪੱਧਰ ਤੇ ਰੌਸ਼ਨ ਕੀਤਾ ਹੈ। ਮੁੱਖ ਕੋਚ ਅਰਮਾਨ ਸਿੰਘ ਦੀ ਅਗਵਾਈ ਹੇਠ ਮੈਦਾਨ ’ਚ ਉਤਰੀ ਇਸ ਟੀਮ ਨੇ ਬੇਮਿਸਾਲ ਹੁਨਰ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ। ਇਸ ਚੈਂਪੀਅਨਸ਼ਿਪ ’ਚ ਜਾਪਾਨ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਨਜ਼, ਯੂਏਈ, ਭਾਰਤ, ਬੰਗਲਾਦੇਸ਼, ਸ਼੍ਰੀਲੰਕਾ, ਥਾਈਲੈਂਡ, ਕੰਬੋਡੀਆ, ਓਮਾਨ, ਸਾਈਪ੍ਰਸ, ਬਹਿਰੀਨ, ਜਾਰਡਨ, ਬੈਲਜੀਅਮ, ਕੀਨੀਆ, ਪੁਰਤਗਾਲ ਅਤੇ ਲਾਓਸ ਸਮੇਤ ਦੁਨੀਆ ਭਰ ਦੇ ਕਈ ਪ੍ਰਮੁੱਖ ਦੇਸ਼ਾਂ ਦੇ ਚੋਟੀ ਦੇ ਐਥਲੀਟਾਂ ਨੇ ਹਿੱਸਾ ਲਿਆ ਸੀ। ਇੰਨੇ ਸਖ਼ਤ ਮੁਕਾਬਲੇ ਦੇ ਬਾਵਜੂਦ ‘ਅਰਮਾਨ ਡੋਜੋ’ ਦੇ ਚਾਰ ਖਿਡਾਰੀਆਂ ਨੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਸੰਦੀਪ ਨੇ ਇੱਕ ਬਹੁਤ ਹੀ ਮੁਕਾਬਲੇ ਵਾਲੇ ਫਾਈਨਲ ਮੈਚ ’ਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਮਜ਼ਬੂਤ ਪ੍ਰਤੀਨਿਧੀਆਂ ਨੂੰ ਜ਼ਬਰਦਸਤ ਟੱਕਰ ਦਿੰਦੇ ਹੋਏ ਚਾਂਦੀ ਦੇ ਤਗਮੇ ਤੇ ਕਬਜ਼ਾ ਕੀਤਾ। ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਹਰਨੂਰ ਨੇ ਬੰਗਲਾਦੇਸ਼ ਅਤੇ ਵੀਅਤਨਾਮ ਦੇ ਖਿਡਾਰੀਆਂ ਨੂੰ ਚਿੱਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਹੁਸਨਪ੍ਰੀਤ ਨੇ ਯੂਏਈ ਅਤੇ ਮਲੇਸ਼ੀਆ ਦੇ ਐਥਲੀਟਾਂ ਵਿਰੁੱਧ ਮੈਦਾਨ ’ਚ ਸ਼ਾਨਦਾਰ ਤਕਨੀਕ, ਫੁਰਤੀ ਅਤੇ ਲਚਕਤਾ ਦਾ ਪ੍ਰਦਰਸ਼ਨ ਕਰਕੇ ਤਗਮਾ ਆਪਣੇ ਨਾਂ ਕੀਤਾ। ਮਹਿਲਾ ਵਰਗ ਵਿੱਚ ਅਸਮਾਨੀ ਨੇ ਮਲੇਸ਼ੀਆ ਅਤੇ ਸ਼੍ਰੀਲੰਕਾ ਦੀਆਂ ਮਜ਼ਬੂਤ ਖਿਡਾਰਨਾਂ ਵਿਰੁੱਧ ਸ਼ਾਨਦਾਰ ਮੁਕਾਬਲਾ ਲੜਦਿਆਂ ਦੇਸ਼ ਦੀ ਝੋਲੀ ਵਿੱਚ ਕਾਂਸੀ ਦਾ ਤਗਮਾ ਪਾਇਆ।