ਬਿਜਲੀ ਕੱਟਾਂ ਨੇ ਕੱਢੇ ਵੱਟ, ਸ਼ਿਕਾਇਤਾਂ ਦਾ ਆਇਆ ਹੜ੍ਹ, ਕਿਸਾਨਾਂ ਘੇਰਿਆ ਮੁੱਖ ਦਫ਼ਤਰ ਬਿਜਲੀ ਕੱਟਾਂ ਨੇ ਕੱਢੇ ਵੱਟ, ਸ਼ਿਕਾਇਤਾਂ ਦਾ ਆਇਆ ਹੜ੍ਹ, ਕਿਸਾਨਾਂ ਘੇਰਿਆ ਮੁੱਖ ਦਫਤਰ
Publish Date: Tue, 30 Jun 2026 07:01 PM (IST)
Updated Date: Wed, 01 Jul 2026 04:08 AM (IST)
ਫੋਟੋ : 30ਪੀਟੀਐਲ : 44 * ਸੂਬੇ ’ਚ ਬਿਜਲੀ ਦੀ ਮੰਗ 17,000 ਮੈਗਾਵਾਟ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਗਈ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਸੂਬੇ ’ਚ ਪੈ ਰਹੀ ਭਿਆਨਕ ਗਰਮੀ ਤੇ ਝੋਨੇ ਦੀ ਲੁਆਈ ਦੇ ਸੀਜ਼ਨ ਕਾਰਨ ਬਿਜਲੀ ਦੀ ਨਾਕਸ ਸਪਲਾਈ ਮੁਸੀਬਤ ਬਣ ਗਈ ਹੈ। ਬਿਜਲੀ ਦੀ ਰਿਕਾਰਡ ਤੋੜ ਮੰਗ ਨੇ ਪਾਵਰਕਾਮ ਦੇ ਸਾਰੇ ਪ੍ਰਬੰਧਾਂ ਦੇ ਵੱਟ ਕੱਢ ਦਿੱਤੇ ਹਨ। ਸੂਬੇ ’ਚ ਬਿਜਲੀ ਦੀ ਮੰਗ 17,000 ਮੈਗਾਵਾਟ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਦੇ ਸਾਹਮਣੇ ਸਪਲਾਈ ਬੁਰੀ ਤਰ੍ਹਾਂ ਫਾਡੀ ਸਾਬਤ ਹੋ ਰਹੀ ਹੈ। ਨਤੀਜੇ ਵਜੋਂ, ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਲੰਬੇ-ਲੰਬੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ ਅਤੇ ਪਾਵਰਕਾਮ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ ਆ ਗਿਆ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਸਟਮ ਤੇ ਓਵਰਲੋਡ ਬਹੁਤ ਜ਼ਿਆਦਾ ਹੈ ਅਤੇ ਤਕਨੀਕੀ ਮੁਲਾਜ਼ਮ ਦਿਨ-ਰਾਤ ਨੁਕਸ ਠੀਕ ਕਰਨ ’ਚ ਲੱਗੇ ਹੋਏ ਹਨ ਪਰ ਜਦੋਂ ਤੱਕ ਮੌਸਮ ’ਚ ਤਬਦੀਲੀ ਨਹੀਂ ਹੁੰਦੀ ਜਾਂ ਮੰਗ ਘਟਦੀ, ਉਦੋਂ ਤੱਕ ਸਥਿਤੀ ਕੰਟਰੋਲ ਵਿੱਚ ਆਉਣਾ ਮੁਸ਼ਕਲ ਜਾਪਦਾ ਹੈ। ਸੂਬੇ ਦੇ ਉਤਪਾਦਨ ਨਾਲੋਂ ਮੰਗ ਕਿਤੇ ਜ਼ਿਆਦਾ ਮੌਜੂਦਾ ਸਥਿਤੀ ਇਹ ਹੈ ਕਿ ਪੰਜਾਬ ਦੇ ਆਪਣੇ ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ ਤੇ ਰੋਪੜ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤਲਵੰਡੀ ਸਾਬੋ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਤੋਂ ਕੁੱਲ ਮਿਲਾ ਕੇ ਮਹਿਜ਼ 5200 ਮੈਗਾਵਾਟ ਦੇ ਕਰੀਬ ਹੀ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਬਾਕੀ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਕੇਂਦਰੀ ਪੂਲ ਤੇ ਬਿਜਲੀ ਐਕਸਚੇਂਜ ਤੇ ਨਿਰਭਰ ਹੋਣਾ ਪੈ ਰਿਹਾ ਹੈ। ਪਾਵਰਕਾਮ ਵੱਲੋਂ ਰੋਜ਼ਾਨਾ ਕਰੋੜਾਂ ਰੁਪਏ ਖਰਚ ਕੇ ਮਹਿੰਗੇ ਭਾਅ ਤੇ ਬਿਜਲੀ ਖ਼ਰੀਦੀ ਜਾ ਰਹੀ ਹੈ ਪਰ ਟ੍ਰਾਂਸਮਿਸ਼ਨ ਲਾਈਨਾਂ ਦੀ ਸੀਮਤ ਸਮਰੱਥਾ ਕਾਰਨ ਲੋੜ ਮੁਤਾਬਕ ਪੂਰੀ ਸਪਲਾਈ ਸੂਬੇ ਤੱਕ ਨਹੀਂ ਪਹੁੰਚ ਰਹੀ, ਜਿਸ ਕਾਰਨ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਕੇਂਦਰਾਂ ਤੇ ਲੱਗੇ ਅੰਬਾਰ ਤੇ ਕਿਸਾਨਾਂ ਦਾ ਰੋਸ ਬਿਜਲੀ ਕੱਟਾਂ ਕਾਰਨ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਤੇ ਹੈਲਪਲਾਈਨ ਨੰਬਰ 1912 ਤੇ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਫੋਨ ਲਾਈਨਾਂ ਲਗਾਤਾਰ ਵਿਅਸਤ ਆ ਰਹੀਆਂ ਹਨ, ਜਿਸ ਕਾਰਨ ਖਪਤਕਾਰਾਂ ’ਚ ਭਾਰੀ ਰੋਸ ਹੈ। ਦੂਜੇ ਪਾਸੇ, ਖੇਤੀਬਾੜੀ ਸੈਕਟਰ ’ਚ ਬਿਜਲੀ ਦੀ ਮਾੜੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਕਾਰ ਸਿੰਘ ਨੇ ਕਿਹਾ ‘‘ਸੂਬਾ ਸਰਕਾਰ ਨੇ ਝੋਨੇ ਦੇ ਸੀਜ਼ਨ ਲਈ ਖੇਤਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਪਰ ਅਸਲੀਅਤ ਇਹ ਹੈ ਕਿ ਮੁਸ਼ਕਲ ਨਾਲ 4 ਤੋਂ 5 ਘੰਟੇ ਹੀ ਬਿਜਲੀ ਮਿਲ ਰਹੀ ਹੈ। ਜੇਕਰ ਇਹੋ ਹਾਲ ਰਿਹਾ ਤਾਂ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀ ਮਹਿੰਗੇ ਭਾਅ ਲਾਈ ਝੋਨੇ ਦੀ ਫ਼ਸਲ ਸੁੱਕ ਜਾਵੇਗੀ, ਜਿਸ ਦਾ ਸਿੱਧਾ ਅਸਰ ਕਿਸਾਨੀ ਤੇ ਪਵੇਗਾ।’’ ਸ਼ਹਿਰੀ ਖੇਤਰਾਂ ’ਚ ਤਰਾਹੀ-ਤਰਾਹੀ, ਰਾਤਾਂ ਦੀ ਨੀਂਦ ਉੱਡੀ ਸਿਰਫ਼ ਪੇਂਡੂ ਖੇਤਰ ਹੀ ਨਹੀਂ, ਸਗੋਂ ਸ਼ਹਿਰਾਂ ’ਚ ਵੀ 2 ਤੋਂ 5 ਘੰਟੇ ਜਾਂ ਇਸ ਤੋਂ ਵੀ ਲੰਬੇ ਕੱਟ ਲੱਗ ਰਹੇ ਹਨ। ਮੁੱਖ ਦਫ਼ਤਰ ਦੇ ਬਿਲਕੁਲ ਨਜ਼ਦੀਕ ਪਟਿਆਲਾ ਸ਼ਹਿਰ ਦੇ ਕਈ ਇਲਾਕਿਆਂ ’ਚ ਬੀਤੀ ਪੂਰੀ ਰਾਤ ਬਿਜਲੀ ਗਾਇਬ ਰਹੀ। ਪ੍ਰੇਮ ਨਗਰ ਵਾਸੀ ਕ੍ਰਿਤਿਕਾ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਰਾਤ ਕਰੀਬ 10 ਵਜੇ ਬਿਜਲੀ ਬੰਦ ਹੋਈ ਸੀ, ਜੋ ਅਗਲੀ ਸਵੇਰ 6 ਵਜੇ ਤੋਂ ਬਾਅਦ ਹੀ ਆ ਸਕੀ ਪਰ ਕੁਝ ਹੀ ਸਮੇਂ ਬਾਅਦ ਮੁੜ ਕੱਟ ਲੱਗ ਗਿਆ, ਜਿਸ ਕਾਰਨ ਗਰਮੀ ’ਚ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ। ਇਸੇ ਤਰ੍ਹਾਂ ਭਾਦਸੋਂ ਰੋਡ ਵਾਸੀ ਰਮਨਜੀਤ ਅਨੁਸਾਰ ਉਨ੍ਹਾਂ ਦੇ ਇਲਾਕੇ ’ਚ ਬੀਤੇ ਦਿਨ ਤੋਂ ਹੀ ਬਿਜਲੀ ਸਪਲਾਈ ਠੱਪ ਹੈ। ਇਕ ਵਾਰ ਤਕਨੀਕੀ ਨੁਕਸ ਠੀਕ ਹੋਣ ਤੋਂ ਬਾਅਦ ਮੁੜ ਕੋਈ ਵੱਡੀ ਖ਼ਰਾਬੀ ਆ ਗਈ, ਜਿਸ ਕਾਰਨ ਮੰਗਲਵਾਰ ਦੁਪਹਿਰ ਤੱਕ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਪਾਣੀ ਦੀ ਕਿੱਲਤ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।