ਸ੍ਰੀ ਕਾਲੀ ਮਾਤਾ ਮੰਦਰ ’ਚ ਸੁੰਦਰੀਕਰਨ ਦੇ ਕਾਰਜ ਆਖਰੀ ਪੜਾਅ ’ਚ
ਸ੍ਰੀ ਕਾਲੀ ਮਾਤਾ ਮੰਦਰ ’ਚ ਸੁੰਦਰੀਕਰਨ ਦੇ ਕਾਰਜ ਆਖਰੀ ਪੜਾਅ ’ਚ
Publish Date: Mon, 15 Jun 2026 05:28 PM (IST)
Updated Date: Tue, 16 Jun 2026 04:04 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਇਤਿਹਾਸਕ ਅਤੇ ਵਿਸ਼ਵ ਪ੍ਰਸਿੱਧ ਸ੍ਰੀ ਕਾਲੀ ਮਾਤਾ ਮੰਦਰ ਦਾ ਬਹੁ-ਪੱਖੀ ਕਾਇਆਕਲਪ ਹੁਣ ਆਖਰੀ ਪੜਾਅ ਤੇ ਪਹੁੰਚ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਕਰੀਬ 75.08 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਨਵੀਨੀਕਰਨ ਅਤੇ ਸੁੰਦਰੀਕਰਨ ਪ੍ਰੋਜੈਕਟਾਂ ਦਾ ਕੰਮ ਜਾਰੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕੰਮ ਸਤੰਬਰ 2026 ਤੱਕ ਮੁਕੰਮਲ ਹੋ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਅਹਿਮ ਪ੍ਰੋਜੈਕਟ ਦਾ ਉਦਘਾਟਨ ਕਰ ਸਕਦੇ ਹਨ। ਮੰਦਰ ਦੀ ਇਤਿਹਾਸਕ ਪਛਾਣ ਅਤੇ ਧਾਰਮਿਕ ਮਹੱਤਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਮੰਦਰ ਕੰਪਲੈਕਸ, ਸਰੋਵਰ, ਲਾਂਘਿਆਂ, ਪ੍ਰਵੇਸ਼ ਦੁਆਰਾਂ, ਚਾਰਦੀਵਾਰੀ, ਸ਼ਰਧਾਲੂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਵਿਆਪਕ ਪੱਧਰ ਤੇ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ। ਡੱਬੀ 75.08 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਹੋ ਰਿਹਾ ਮੰਦਰ ਦਾ ਕਾਇਆਕਲਪ ਮੰਦਰ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਵੱਖ-ਵੱਖ ਵਿਕਾਸ ਕਾਰਜਾਂ ਤੇ ਕੁੱਲ 75.08 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹਨਾਂ ਵਿੱਚ ਮੁੱਖ ਤੌਰ ਤੇ ਮੰਦਰ ਸਰੋਵਰ, ਨਵੀਆਂ ਇਮਾਰਤਾਂ, ਲਾਈਟ ਐਂਡ ਸਾਊਂਡ ਸ਼ੋਅ, ਲਾਂਘੇ, ਪ੍ਰਵੇਸ਼ ਦੁਆਰ, ਅੱਗ ਸੁਰੱਖਿਆ ਪ੍ਰਬੰਧ, ਸੀਵਰੇਜ ਨੈੱਟਵਰਕ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਸਰੋਵਰ ਤੱਕ ਸਾਫ਼ ਪਾਣੀ ਲਈ 1.15 ਕਰੋੜ ਰੁਪਏ, ਲਾਈਟ ਐਂਡ ਸਾਊਂਡ ਸ਼ੋਅ ਪ੍ਰਾਜਕੈਟ ਲਈ 6.78 ਕਰੋੜ ਰੁਪਏ, ਨਵੇਂ ਬਿਲਡਿੰਗ ਬਲਾਕ ਲਈ 9.87 ਕਰੋੜ ਰੁਪਏ, ਲਾਂਘੇ ਅਤੇ ਪਾਥਵੇਅ ਨਿਰਮਾਣ ’ਤੇ 9.25 ਕਰੋੜ ਰੁਪਏ, ਗ੍ਰੀਨ ਏਰੀਆ ਅਤੇ ਬਾਹਰੀ ਵਿਕਾਸ ਲਈ 9.74 ਕਰੋੜ ਰੁਪਏ, ਸਰੋਵਰ ਕੁੰਡ, ਚਾਰਦੀਵਾਰੀ ਅਤੇ ਪ੍ਰਵੇਸ਼ ਦੁਆਰ ’ਤੇ 9.34 ਕਰੋੜ ਰੁਪਏ, ਅੱਗ ਸੁਰੱਖਿਆ ਪ੍ਰਬੰਧਾਂ ’ਤੇ 9.53 ਕਰੋੜ ਰੁਪਏ, ਵਾਧੂ ਕੋਰੀਡੋਰ ਨਿਰਮਾਣ ’ਤੇ 1.78 ਕਰੋੜ ਰੁਪਏ, ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ 49.06 ਲੱਖ ਰੁਪਏ, ਨਵੀਂ ਇਮਾਰਤ ਵਿੱਚ ਲਿਫਟ ਲਈ 15.11 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਤੋਂ ਇਲਾਵਾ, ਮਾਲ ਰੋਡ ਸਥਿਤ ਪ੍ਰਵੇਸ਼ ਦੁਆਰ ਤੋਂ ਮੁੱਖ ਇਮਾਰਤ ਤੱਕ ਦੇ ਨਵੀਨੀਕਰਨ ਕਾਰਜਾਂ ਤੇ ਵੱਖਰੇ ਤੌਰ ਤੇ 17 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਡੱਬੀ 30 ਸਾਲਾਂ ਬਾਅਦ ਨਵੇਂ ਸਰੂਪ ’ਚ ਨਜ਼ਰ ਆਵੇਗਾ ਇਤਿਹਾਸਕ ਸਰੋਵਰ ਕਰੀਬ ਤਿੰਨ ਦਹਾਕਿਆਂ ਤੋਂ ਅਣਗੌਲੇ ਪਏ ਮੰਦਰ ਦੇ ਇਤਿਹਾਸਕ ਸਰੋਵਰ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਸਰੋਵਰ ਵਿੱਚ ਸਾਫ਼ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੀ-ਸਿਲਟਿੰਗ, ਵਾਟਰਪ੍ਰੂਫਿੰਗ, ਘਾਟਾਂ ਦਾ ਨਿਰਮਾਣ, ਪੱਥਰ ਦਾ ਕੰਮ ਅਤੇ ਆਕਰਸ਼ਕ ਲੈਂਡਸਕੇਪਿੰਗ ਕੀਤੀ ਜਾ ਰਹੀ ਹੈ। ਸਰੋਵਰ ਦੇ ਚਾਰੋਂ ਪਾਸੇ ਸ਼ਰਧਾਲੂਆਂ ਲਈ ਆਧੁਨਿਕ ਪਰਿਕਰਮਾ ਮਾਰਗ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਦਰਸ਼ਨਾਰਥੀਆਂ ਨੂੰ ਅਧਿਆਤਮਕ ਮਾਹੌਲ ਦੇ ਵਿੱਚ ਬਿਹਤਰ ਅਨੁਭਵ ਮਿਲੇਗਾ। ਡੱਬੀ ਸਰੋਵਰ ਕਿਨਾਰੇ ਹੋਵੇਗਾ ਅਤਿ-ਆਧੁਨਿਕ ਲਾਈਟ ਐਂਡ ਸਾਊਂਡ ਸ਼ੋਅ ਮੰਦਰ ਕੰਪਲੈਕਸ ’ਚ 6.78 ਕਰੋੜ ਰੁਪਏ ਦੀ ਲਾਗਤ ਨਾਲ ਸਰੋਵਰ ਦੇ ਨੇੜੇ ਅਤਿ-ਆਧੁਨਿਕ ਲਾਈਟ ਐਂਡ ਸਾਊਂਡ ਸ਼ੋਅ ਸਥਾਪਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੀ ਤਰਜ਼ ਤੇ ਤਿਆਰ ਹੋਣ ਵਾਲਾ ਇਹ ਸ਼ੋਅ ਸ਼ਰਧਾਲੂਆਂ ਨੂੰ ਮੰਦਰ ਦੇ ਇਤਿਹਾਸ, ਧਾਰਮਿਕ ਮਹੱਤਤਾ ਅਤੇ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਏਗਾ। ਰਾਤ ਦੇ ਸਮੇਂ ਇਹ ਸ਼ੋਅ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨ ਦੀ ਉਮੀਦ ਹੈ। ਡੱਬੀ ਸੀਵਰੇਜ ਤੇ ਡਰੇਨੇਜ ਸਿਸਟਮ ਨਾਲ ਖ਼ਤਮ ਹੋਵੇਗੀ ਜਲ-ਥਲ ਦੀ ਸਮੱਸਿਆ ਮੰਦਰ ਕੰਪਲੈਕਸ ਦੇ ਪੁਰਾਣੇ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕਰੀਬ 49.06 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਡਰੇਨੇਜ ਲਾਈਨਾਂ ਅਤੇ ਸੀਵਰੇਜ ਨੈੱਟਵਰਕ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਖ਼ਤਮ ਹੋ ਸਕੇ। ਮੰਦਰ ਕੰਪਲੈਕਸ ਵਿੱਚ ਆਮ ਆਦਮੀ ਕਲੀਨਿਕ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਲੋੜ ਪੈਣ ਤੇ ਤੁਰੰਤ ਸਿਹਤ ਸਹੂਲਤਾਂ ਮਿਲ ਸਕਣਗੀਆਂ। ਡੱਬੀ ਸ਼ਰਧਾਲੂਆਂ ਦੀ ਸਹੂਲਤ ਤੇ ਵਿਸ਼ੇਸ਼ ਫੋਕਸ ਨਵੀਨੀਕਰਨ ਪ੍ਰੋਜੈਕਟ ’ਚ ਸ਼ਰਧਾਲੂਆਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਮੰਦਰ ਦਾ ਮੁੱਖ ਦਾਖਲਾ ਹੁਣ ਮਾਲ ਰੋਡ ਦੀ ਬਜਾਏ ਪਿਛਲੇ ਪ੍ਰਵੇਸ਼ ਦੁਆਰ ਤੋਂ ਕਰਵਾਇਆ ਜਾਵੇਗਾ, ਕਿਉਂਕਿ ਇਤਿਹਾਸਕ ਤੌਰ ਤੇ ਇਹੀ ਮੰਦਰ ਦਾ ਅਸਲ ਪ੍ਰਵੇਸ਼ ਦੁਆਰ ਰਿਹਾ ਹੈ। ਨਵੇਂ ਪ੍ਰਵੇਸ਼ ਮਾਰਗ ਤੇ ਔਰਤਾਂ ਲਈ ਲਗਭਗ 25 ਅਤੇ ਮਰਦਾਂ ਲਈ ਲਗਭਗ 17 ਆਧੁਨਿਕ ਵਾਸ਼ਰੂਮ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਇੱਕ ਵਿਸ਼ਾਲ ਜੋੜਾ ਘਰ ਵੀ ਤਿਆਰ ਕੀਤਾ ਜਾਵੇਗਾ। ਇੱਥੋਂ ਸ਼ਰਧਾਲੂ ਸਿੱਧੇ ਵਿਕਸਤ ਕੀਤੇ ਜਾ ਰਹੇ ਸ਼ਾਨਦਾਰ ਕਾਰੀਡੋਰ ਵਿੱਚ ਪ੍ਰਵੇਸ਼ ਕਰ ਸਕਣਗੇ, ਜੋ ਉਨ੍ਹਾਂ ਨੂੰ ਮੰਦਰ ਦੀ ਇਮਾਰਤ ਅਤੇ ਲੰਗਰ ਹਾਲ ਨਾਲ ਜੋੜੇਗਾ। ਮਾਤਾ ਕਾਲੀ ਦੇ ਮੁੱਖ ਦਰਬਾਰ ਨੂੰ ਹੋਰ ਖੁੱਲ੍ਹਾ ਅਤੇ ਵਿਸ਼ਾਲ ਰੂਪ ਦੇਣ ਲਈ ਆਲੇ-ਦੁਆਲੇ ਬਣੇ ਕੁਝ ਪੁਰਾਣੇ ਕਮਰਿਆਂ ਨੂੰ ਹਟਾਇਆ ਜਾ ਰਿਹਾ ਹੈ, ਤਾਂ ਜੋ ਸ਼ਰਧਾਲੂ ਦੂਰੋਂ ਵੀ ਮਾਂ ਕਾਲੀ ਦੇ ਸੁਖਾਲੇ ਦਰਸ਼ਨ ਕਰ ਸਕਣ।