ਦੋਹਰੀਆਂ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ’ਚ ਰੋਸ
ਦੋਹਰੀਆਂ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ’ਚ ਰੋਸ
Publish Date: Thu, 04 Jun 2026 06:41 PM (IST)
Updated Date: Fri, 05 Jun 2026 03:36 PM (IST)

- ਡੀਟੀਐੱਫ ਦਾ ਵਫ਼ਦ ਐੱਸਡੀਐੱਮ ਕਾਲਾ ਰਾਮ ਕਾਂਸਲ ਨੂੰ ਮਿਲਿਆ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਬਲਾਕ ਪਾਤੜਾਂ ਅਧੀਨ ਜਨਗਣਨਾ ਤਹਿਤ ਤਾਇਨਾਤ ਅਧਿਆਪਕਾਂ ਦੀਆਂ ਬੀਐੱਲਓ ਵਜੋਂ ਦੋਹਰੀਆਂ ਡਿਊਟੀਆਂ ਲਗਾਉਣ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਫ਼ਦ ਵੱਲੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ ਨਾਲ ਮੀਟਿੰਗ ਦੌਰਾਨ ਦੋਹਰੀਆਂ ਡਿਊਟੀਆਂ ਨੂੰ ਤਰਕਸੰਗਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਐੱਸਡੀਐੱਮ ਨੇ ਮੌਕੇ ’ਤੇ ਜਨਗਣਨਾ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਬੀਐੱਲਓ ਡਿਊਟੀਆਂ ਤੋਂ ਫ਼ਾਰਗ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ। ਰੋਸ ਵਰਕਰ ਕਰ ਰਹੇ ਡੀਟੀਐੱਫ ਦੇ ਆਗੂਆਂ ਅਤਿੰਦਰਪਾਲ ਘੱਗਾ, ਜਸਪਾਲ ਖਾਂਗ ਅਤੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਜਨਗਣਨਾ, ਡਰੱਗ ਸਰਵੇ, ਬੀਐੱਲਓ ਤਹਿਤ ਵੋਟਾਂ ਦੀ ਸੁਧਾਈ, ਐੱਸਆਈਆਰ ਆਦਿ ਕਈ ਕਿਸਮ ਦੀਆਂ ਗੈਰਵਿੱਦਿਅਕ ਡਿਊਟੀਆਂ ਦਾ ਵੱਡਾ ਭਾਰ ਅਧਿਆਪਕਾਂ ਸਿਰ ਲੱਦਿਆ ਹੋਇਆ ਹੈ, ਜਦਕਿ ਅਧਿਆਪਕਾਂ ਦੀ ਮੁੱਖ ਡਿਊਟੀ ਸਕੂਲੀ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਇਸ ਤੋਂ ਵੀ ਵੱਧ ਕੇ ਕਈ ਅਧਿਆਪਕਾਂ ਨੂੰ ਅਜਿਹੀਆਂ ਦੋਹਰੀ ਡਿਊਟੀਆਂ ਦੇਣ ਲਈ ਵੀ ਪੱਤਰ ਜਾਰੀ ਕਰ ਦਿੱਤੇ ਜਾਂਦੇ ਹਨ। ਇਸ ਸਬੰਧੀ ਡੀਟੀਐੱਫ ਵੱਲੋਂ ਕੀਤੇ ਲਗਾਤਾਰ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ ਅਧੀਨ ਨਿਯੁਕਤ ਅਧਿਆਪਕਾਂ ਨੂੰ ਹੋਰਨਾਂ ਦਫ਼ਤਰੀ ਡਿਊਟੀਆਂ ਵਿੱਚ ਨਾ ਲਾਉਣ ਦਾ ਜਨਰਲ ਨਿਯਮ ਤੈਅ ਕੀਤਾ ਗਿਆ ਹੈ। ਪਰ ਇਸ ਅਮਲਦਾਰੀ ਦੇ ਉਲਟ ਪਿਛਲੇ ਦਿਨੀਂ ਐੱਸਡੀਐੱਮ ਦਫ਼ਤਰ ਵਿਖੇ ਦੋਹਰੀ ਡਿਊਟੀਆਂ ਸਬੰਧੀ ਮਿਲਣ ਗਏ ਜਥੇਬੰਦੀ ਦੇ ਵਫ਼ਦ ਨਾਲ਼ ਜਿੱਥੇ ਗੈਰਮਿਆਰੀ ਵਿਹਾਰ ਕੀਤਾ ਗਿਆ ਸਗੋਂ ਬੀਐੱਲਓ ਡਿਊਟੀ ਤੇ ਹਾਜ਼ਰ ਨਾ ਹੋਣ ਦਾ ਹਵਾਲਾ ਦੇ ਕੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਬਲਾਕ ਆਗੂ ਬਲਜਿੰਦਰ ਘੱਗਾ, ਸ਼ੰਕਰ ਸਿੰਘ ਅਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ ਦਫ਼ਤਰ ਦੀ ਇਸ ਵੱਧਵੀਂ ਕਾਰਵਾਈ ਦੇ ਰੋਸ ਵਿੱਚ ਡੀਟੀਐੱਫ ਦੇ ਸੱਦੇ ਤੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਇਕੱਤਰ ਹੋਏ ਅਧਿਆਪਕਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਥੇਬੰਦੀ ਦੇ ਵਫ਼ਦ ਵੱਲੋਂ ਦਿੱਤੇ ਮੰਗ ਪੱਤਰ ਤੇ ਪ੍ਰਸ਼ਾਸਨ ਨਾਲ ਵਿਸਥਾਰੀ ਚਰਚਾ ਕੀਤੀ ਗਈ ਅਤੇ ਦਰਸਾਏ ਮਾਮਲਿਆਂ ਨੂੰ ਹੱਲ ਕਰਨ ਦਾ ਉਨ੍ਹਾਂ ਵੱਲੋਂ ਲੁੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਦਵਿੰਦਰ ਸਿੰਘ, ਸਤਵਿੰਦਰ ਸਿੰਘ, ਬਲਜੀਤ ਸਿੰਘ, ਸੁਨੀਲ ਕੁਮਾਰ, ਵਿਨੋਦ ਕੁਮਾਰ, ਸੁਖਬੀਰ ਸਿੰਘ, ਸ਼ਾਮ ਕੁਮਾਰ, ਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।