ਗਿਆਨ ਸਾਗਰ ਮੈਡੀਕਲ ਕਾਲਜ ਦੇ ਇੰਟਰਨ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ
ਗਿਆਨ ਸਾਗਰ ਮੈਡੀਕਲ ਕਾਲਜ ਦੇ ਇੰਟਰਨ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ
Publish Date: Thu, 04 Jun 2026 05:34 PM (IST)
Updated Date: Fri, 05 Jun 2026 03:33 PM (IST)

- ਸਟਾਈਪੈਂਡ ’ਚ ਵਾਧੇ ਦੀ ਕੀਤੀ ਮੰਗ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਗਿਆਨ ਸਾਗਰ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਇੰਟਰਨ ਡਾਕਟਰਾਂ ਵੱਲੋਂ ਸਟਾਈਪੈਂਡ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਕਾਲਜ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਡਾਕਟਰਾਂ ਨੇ ਕਿਹਾਕਿ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਉਨਾਂ ਦਾ ਸਟਾਈਪੈਂਡ 22 ਹਜ਼ਾਰ ਰੁਪਏ ਨਿਰਧਾਰਤ ਕੀਤਾ ਹੋਇਆ ਹੈ ਪਰ ਕਾਲਜ ਵੱਲੋਂ ਉੱਨਾਂ ਨੂੰ ਕੇਵਲ 9 ਹਜ਼ਾਰ ਰੁਪਏ ਦੇ ਕੇ ਉਨਾਂ ਦਾ ਸੋਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਰੋਸ ਵਿੱਚ ਆਏ 100 ਦੇ ਕਰੀਬ ਇੰਟਰਨ ਡਾਕਟਰਾਂ ਨੇ ਕੜਕਦੀ ਧੁੱਪ ਵਿੱਚ ਬੈਠ ਕੇ ਕਾਲਜ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਇੰਟਰਨ ਡਾਕਟਰਾਂ ਨੇ ਕਾਲਜ ਮਨੇਜਮੈਂਟ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਟਾਈਪੈਂਡ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ, ਪਰ ਕਾਲਜ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੀ ਸੇਵਾ ਦੇ ਨਾਲ-ਨਾਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਹੋਰ ਮੈਡੀਕਲ ਕਾਲਜਾਂ ਦੇ ਮੁਕਾਬਲੇ ਕਾਫ਼ੀ ਘੱਟ ਸਟਾਈਪੈਂਡ ਦਿੱਤਾ ਜਾ ਰਿਹਾ ਹੈ। ਇੰਟਰਨ ਡਾਕਟਰਾਂ ਨੇ ਦੱਸਿਆ ਕਿ ਗਿਆਨ ਸਾਗਰ ਮੈਡੀਕਲ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਆਉਂਦਾ ਹੈ। ਯੂਨੀਵਰਸਿਟੀ ਨਾਲ ਸੰਬੰਧਿਤ ਹੋਰ ਮੈਡੀਕਲ ਕਾਲਜਾਂ ਵਿੱਚ ਇੰਟਰਨ ਡਾਕਟਰਾਂ ਨੂੰ ਕਰੀਬ 22 ਹਜ਼ਾਰ ਰੁਪਏ ਮਹੀਨਾਵਾਰ ਸਟਾਈਪੈਂਡ ਮਿਲ ਰਿਹਾ ਹੈ, ਜਦਕਿ ਉਨ੍ਹਾਂ ਨੂੰ ਸਿਰਫ 9 ਹਜ਼ਾਰ ਰੁਪਏ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਇੰਨੇ ਘੱਟ ਪੈਸਿਆਂ ਨਾਲ ਰਿਹਾਇਸ਼, ਆਵਾਜਾਈ ਅਤੇ ਹੋਰ ਜ਼ਰੂਰੀ ਖਰਚੇ ਪੂਰੇ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਧਰਨਾਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਹ ਧੁੱਪ ਵਿੱਚ ਆਪਣੀਆਂ ਮੰਗਾਂ ਲਈ ਬੈਠੇ ਹੋਏ ਸਨ ਤਾਂ ਕਾਲਜ ਮੈਨੇਜਮੈਂਟ ਵੱਲੋਂ ਛਾਂ ਲਈ ਟੈਂਟ ਲਗਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਇਹੀ ਨਹੀ ਉਨਾਂ ਨੂੰ ਮਨੇਜਮੈਂਟ ਦੇ ਕਹਿਣ ਤੇ ਸਕਿਓਰਟੀ ਵੱਲੋਂ ਪਾਣੀ ਪੀਣ ਲਈ ਅੰਦਰ ਤੱਕ ਨਹੀ ਜਾਣ ਦਿੱਤਾ ਜਾ ਰਿਹਾ। ਜਿਸ ਕਾਰਨ ਇੰਟਰਨ ਡਾਕਟਰਾਂ ਵਿੱਚ ਹੋਰ ਰੋਸ ਪਾਇਆ ਜਾ ਰਿਹਾ ਹੈ। ਇੰਟਰਨ ਡਾਕਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਕਾਲਜ ਪ੍ਰਬੰਧਕਾਂ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਧੀਨ ਚੱਲਦਾ ਗਿਆਨ ਸਾਗਰ ਮੈਡੀਕਲ ਕਾਲਜ ਆਰਥਿਕ ਸੰਕਟ ਕਾਰਨ ਪਹਿਲਾਂ ਵੀ ਬੰਦ ਹੋ ਚੁੱਕਾ ਹੈ। ਕਈਂ ਵਰ੍ਹੇ ਬੰਦ ਰਹਿਣ ਮਗਰੋਂ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਵੱਲੋਂ ਸਮੁੱਚੀਆਂ ਮੰਨਜ਼ੂਰੀਆਂ ਲੈਣ ਮਗਰੋਂ ਇਸ ਨੂੰ ਦੁਬਾਰਾ ਚਾਲੂ ਕੀਤਾ ਗਿਆ ਸੀ। ਹੁਣ ਮੁੜ ਇਸ ਤੇ ਪਰਲ ਗਰੁੱਪ ਨੂੰ ਲੈ ਕੇ ਖਤਰੇ ਦੀ ਤਲਵਾਰ ਲਟਕੀ ਹੋਈ ਹੈ। ਇਸ ਮਾਮਲੇ ਬਾਰੇ ਜਦੋਂ ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਆ ਗਿਆ ਹੈ, ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।