ਪੰਜਾਬੀ ਯੂਨੀਵਰਸਿਟੀ ’ਚ ਪੰਜ ਰੋਜ਼ਾ ਪੁਸਤਕ ਮੇਲਾ ਤੇ ਸਾਹਿਤ ਉਤਸਵ 30 ਤੋਂ
ਪੰਜਾਬੀ ਯੂਨੀਵਰਸਿਟੀ ’ਚ ਪੰਜ-ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ' 30 ਮਾਰਚ ਤੋਂ
Publish Date: Sat, 28 Mar 2026 04:44 PM (IST)
Updated Date: Sat, 28 Mar 2026 04:44 PM (IST)

- ਸ਼ਾਮਲ ਹੋਣਗੀਆਂ ਕੌਮਾਂਤਰੀ ਅਤੇ ਕੌਮੀ ਪੱਧਰ ਦੀਆਂ ਸ਼ਖ਼ਸੀਅਤਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ ‘12ਵਾਂ ਪੰਜ ਰੋਜ਼ਾ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅਤੇ ਸਾਹਿਤ ਉਤਸਵ-2026’ ਕਰਵਾਇਆ ਜਾ ਰਿਹਾ ਹੈ। ਇਹ ਉਤਸਵ 30 ਮਾਰਚ ਤੋਂ ਆਰੰਭ ਹੋ ਕੇ 3 ਅਪ੍ਰੈਲ ਤੱਕ ਚੱਲੇਗਾ। ਇਸ ਵਿਸ਼ਾਲ ਸਮਾਗਮ ਦਾ ਆਰੰਭ 30 ਮਾਰਚ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਵੇਗਾ। ਇਸ ਸਾਹਿਤ ਉਤਸਵ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਕਰਨਗੇ। ਇਸ ਉਦਘਾਟਨੀ ਸਮਾਗਮ ਵਿਚ ਪ੍ਰਸਿੱਧ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਮੁੱਖ ਭਾਸ਼ਣ ਦੇਣਗੇ, ਜਦੋਂਕਿ ਸਾਹਿਤ ਅਕਾਦਮੀ ਐਵਾਰਡੀ ਪ੍ਰੋ. ਵਰਿਆਮ ਸਿੰਘ ਸੰਧੂ ਮੁੱਖ ਮਹਿਮਾਨ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਦੌਰਾਨ ਸਰਦਾਰ ਪੰਛੀ, ਓਮ ਪ੍ਰਕਾਸ਼ ਗਾਸੋ, ਕਿਰਪਾਲ ਸਿੰਘ ਪੰਨੂ, ਕਾਨਾ ਸਿੰਘ ਅਤੇ ਡਾ. ਕਮਲੇਸ਼ ਉੱਪਲ ਦਾ ਸਨਮਾਨਤ ਕੀਤਾ ਜਾਵੇਗਾ। ਤਿੰਨ ਅਪ੍ਰੈਲ ਨੂੰ ਵਿਦਾਇਗੀ ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਜਗਦੀਪ ਸਿੰਘ ਕਰਨਗੇ। ਇਸ ਦੌਰਾਨ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਗੇ। ਜਦੋਂਕਿ ਵਿਦਾਇਗੀ ਭਾਸ਼ਣ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਦਿੱਤਾ ਜਾਵੇਗਾ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਐੱਸਪੀਐੱਸ ਓਬਰਾਏ ਅਤੇ ਸੇਵਾ ਮੁਕਤ ਪ੍ਰੋਫ਼ੈਸਰ ਤੇ ਮੈਂਬਰ ਘੱਟ ਗਿਣਤੀ ਕਮਿਸ਼ਨ ਡਾ. ਬਲਤੇਜ ਸਿੰਘ ਮਾਨ ਹੋਣਗੇ। ਇਸ ਦੌਰਾਨ ਤੇਲੂ ਰਾਮ ਕੁਹਾੜਾ, ਬੀਐੱਸ ਰਤਨ, ਪ੍ਰੋ. ਅੱਛਰੂ ਸਿੰਘ, ਡਾ. ਪ੍ਰਭਸ਼ਰਨ ਕੌਰ ਸਿੱਧੂ ਦਾ ਸਨਮਾਨ ਕੀਤਾ ਜਾਵੇਗਾ। ਵਿਦਾਇਗੀ ਸੈਸ਼ਨ ਵਿਚ ਡਾ. ਰਾਜਵੰਤ ਕੌਰ ਪੰਜਾਬੀ ਸਵਾਗਤੀ ਸ਼ਬਦ ਅਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਧੰਨਵਾਦੀ ਸ਼ਬਦ ਕਹਿਣਗੇ। ਇਸ ਦਿਨ ਸ਼ਾਮ ਨੂੰ ਲੋਕ ਕਲਾਕਾਰ ਦੇਬੀ ਮਖ਼ਸੂਸਪੁਰੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਸਾਹਿਤ ਉਤਸਵ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹਰ ਦੁਪਹਿਰ ਸੰਗੀਤਕ ਅਤੇ ਕਾਵਿ–ਗਾਇਨ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਇਹ ਸਮਾਗਮ ਯੂਨੀਵਰਸਿਟੀ ਦੇ ਭਾਸ਼ਾਵਾਂ ਨਾਲ ਸਬੰਧਿਤ ਅਤੇ ਹੋਰ ਵਿਭਾਗਾਂ ਤੋਂ ਇਲਾਵਾ ਵੇਰਵਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਦੇ ਸਹਿਯੋਗ ਨਾਲ ਹੋਵੇਗਾ। ਉਤਸਵ ਦੇ ਸਾਰੇ ਦਿਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਮਾਹਿਰ ਵਿਦਵਾਨ ਹਿੱਸਾ ਲੈਣਗੇ। ਪਹਿਲੇ ਦਿਨ ਕਵੀ ਦਰਬਾਰ ਵੀ ਹੋਵੇਗਾ।