ਡਾ. ਭੀਮ ਇੰਦਰ ਵੱਲੋਂ ਵਿਕੀਸਰੋਤ ਲਈ ਆਪਣੀਆਂ ਦਸ ਕਿਤਾਬਾਂ ਦਾਨ
ਡਾ. ਭੀਮ ਇੰਦਰ ਵੱਲੋਂ ਵਿਕੀਸਰੋਤ ਲਈ ਆਪਣੀਆਂ ਦਸ ਕਿਤਾਬਾਂ ਦਾਨ
Publish Date: Thu, 26 Mar 2026 04:38 PM (IST)
Updated Date: Thu, 26 Mar 2026 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਉੱਘੇ ਵਿਦਵਾਨ ਤੇ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਆਪਣੀਆਂ 10 ਮੌਲਿਕ ਕਿਤਾਬਾਂ ਵਿਕੀਮੀਡੀਆ ਫਾਊਂਡੇਸ਼ਨ ਦੇ ਆਨਲਾਈਨ ਲਾਇਬ੍ਰੇਰੀ ਪ੍ਰੋਜੈਕਟ ਪੰਜਾਬੀ ਵਿਕੀਸਰੋਤ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਵੱਲੋਂ ਕਰਵਾਈ ਦੋ ਰੋਜ਼ਾ ਵਿਕੀਪੀਡੀਆ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੀਆਂ ਕਿਤਾਬਾਂ ਨੂੰ ਕਾਪੀਰਾਈਟ ਮੁਕਤ ਕਰਨ ਦੀ ਸਹਿਮਤੀ ਦਿੱਤੀ, ਜੋ ਕਿ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨ ਨਿਤੇਸ਼ ਗਿਲ, ਸਤਦੀਪ ਗਿਲ ਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਹੇਠ ਇਹ ਵਰਕਸ਼ਾਪ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕੀਤੀ ਗਈ ਸੀ। ਡਾ. ਭੀਮ ਇੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਏਆਈ ਯੁੱਗ ਵਿਚ ਗਿਆਨ ਨੂੰ ਸੀਮਿਤ ਰੱਖਣ ਦੀ ਬਜਾਏ ਖੁੱਲ੍ਹਾ ਅਤੇ ਸਭ ਲਈ ਉਪਲੱਬਧ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਸਾਹਿਤ ਤੇ ਗਿਆਨ ਸਮੱਗਰੀ ਡਿਜੀਟਲ ਰੂਪ ਵਿੱਚ ਆਮ ਲੋਕਾਂ ਤੱਕ ਪਹੁੰਚੇ। ਗਰੁੱਪ ਵੱਲੋਂ ਸੀਨੀਅਰ ਵਿਕੀਮੀਡੀਅਨ ਅਤੇ ਉੱਘੇ ਅਨੁਵਾਦਕ ਚਰਨ ਗਿੱਲ ਨੇ ਅੱਗੇ ਦੱਸਿਆ ਕਿ ਪੰਜਾਬੀ ਵਿਕੀਸਰੋਤ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਮੁਫ਼ਤ ਆਨਲਾਈਨ ਲਾਇਬ੍ਰੇਰੀ ਪ੍ਰੋਜੈਕਟ ਹੈ, ਜਿਸ ਰਾਹੀਂ ਕਾਪੀਰਾਈਟ ਮੁਕਤ ਕਿਤਾਬਾਂ, ਲੇਖ ਅਤੇ ਹੋਰ ਲਿਖਤ ਸਮੱਗਰੀ ਡਿਜੀਟਲ ਰੂਪ ਵਿੱਚ ਸਭ ਲਈ ਉਪਲਬਧ ਕਰਵਾਈ ਜਾਂਦੀ ਹੈ। ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਵਿਕੀਪੀਡੀਆ ਉੱਤੇ ਨਵੇਂ ਲੇਖ ਤਿਆਰ ਕਰਨ, ਰੈਫਰੈਂਸ ਜੋੜਣ ਅਤੇ ਮੌਜੂਦਾ ਲੇਖਾਂ ਵਿੱਚ ਸੁਧਾਰ ਕਰਨ ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਵਰਕਸ਼ਾਪ ਵਿੱਚ ਗੁਰਮੇਲ ਕੌਰ, ਅਸ਼ਵਿੰਦਰ ਕੌਰ, ਰਾਜਦੀਪ ਕੌਰ, ਅੰਮ੍ਰਿਤਪਾਲ ਕੌਰ, ਤਮਨਪ੍ਰੀਤ ਕੌਰ, ਮਨਦੀਪ ਕੌਰ ਤੰਬੂਵਾਲਾ, ਤਰਨ ਗੋਸਵਾਮੀ, ਗੁਰਦੀਪ ਕਾਫ਼ਰ, ਕੇਸ਼ਵ ਬਲਰਾਮ, ਏਲਿਸ, ਜਲਸੀਰਤ ਅਮਨ, ਗਿੱਲ ਜੱਸੂ, ਹਰਪ੍ਰੀਤ ਦੁਗਾਲ, ਬਲਵਿੰਦਰ ਬੱਗਾ, ਗੁਰਤੇਜ ਚੌਹਾਨ, ਸੋਨੀਆ ਅਟਵਾਲ, ਹਰਮਨਜੀਤ ਸਿੰਘ ਸਮੇਤ ਹੋਰ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਕੀਪੀਡੀਆ ਵਿੱਚ ਰੁਚੀ ਰੱਖਣ ਵਾਲੇ ਵਿਅਕਤੀਆਂ ਨੇ ਭਾਗ ਲਿਆ।