ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਮਾਂ ਬੋਲੀ ਦਿਵਸ
ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਮਾਂ ਬੋਲੀ ਦਿਵਸ
Publish Date: Sat, 21 Feb 2026 06:30 PM (IST)
Updated Date: Sat, 21 Feb 2026 06:33 PM (IST)

- ਸੂਬਾ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਭਾਸ਼ਣ, ਨਾਟਕ ਤੇ ਪੁਸਤਕ ਲੋਕ ਅਰਪਣ - ਮਾਂ ਬੋਲੀ ਸਾਡੀ ਸੇਵਾਦਾਰ ਹੁੰਦੀ ਹੈ ਅਸੀਂ ਭਾਸ਼ਾ ਦੇ ਸੇਵਾਦਾਰ ਨਹੀਂ : ਜਸਵੰਤ ਸਿੰਘ ਜ਼ਫ਼ਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਭਵਨ ਪਟਿਆਲਾ ਵਿਖੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਸਤਨਾਮ ਸਿੰਘ ਸੰਧੂ ਨੇ ‘ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਭਵਿੱਖ’ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ’ਚ ਇੱਕ ਪਾਤਰੀ ਨਾਟਕ ‘ਪੀੜ੍ਹੀ ਦਰ ਪੀੜ੍ਹੀ’ ਖੇਡਿਆ ਗਿਆ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬ੍ਰਿਜ ਮੋਹਨ ਭਾਰਦਵਾਜ ਦੀ ਪੁਸਤਕ ‘ਰੁੱਖ-ਬੂਟਿਆਂ ਦੀ ਵਰਣਮਾਲਾ’ ਲੋਕ ਅਰਪਣ ਕੀਤੀ ਗਈ ਜਿਸ ਬਾਰੇ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਨੇ ਵਿਚਾਰ ਪੇਸ਼ ਕੀਤੇ। ਪੰਜਾਬ ਦੇ ਭੂਗੋਲ ਤੇ ਇਤਿਹਾਸ ਬਾਰੇ ਖੋਜ ਭਰਪੂਰ ਪੁਸਤਕ ‘ਵਿਰਾਸਤ ਏ ਪੰਜਾਬ’ ਡਾ. ਹਰਪ੍ਰੀਤ ਸਿੰਘ ਪ੍ਰੀਤ’ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਭਾਸ਼ਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੁੰਦੀ ਸਗੋਂ ਇਹ ਵਿਸ਼ੇਸ਼ ਖਿੱਤੇ ਦੇ ਲੋਕਾਂ ਦੀ ਸਾਂਝੀ ਹੁੰਦੀ ਹੈ। ਇਸ ਕਰਕੇ ਇਸ ਦੇ ਵਿਕਾਸ ਦੀ ਜ਼ਿੰਮੇਵਾਰੀ ਵੀ ਸਭ ਦੀ ਸਾਂਝੀ ਹੁੰਦੀ ਹੈ। ਡਾ. ਸਤਨਾਮ ਸਿੰਘ ਸੰਧੂ ਨੇ ਵਿਸ਼ੇਸ਼ ਭਾਸ਼ਣ ਦੌਰਾਨ ਕਿਹਾ ਕਿ ਸਾਡੇ ਦੇਸ਼ ’ਚ ਖੇਤਰੀ ਭਾਸ਼ਾਵਾਂ ਤਿੰਨ ਤਰ੍ਹਾਂ ਨਾਲ ਦਰਕਿਨਾਰ ਕੀਤੀਆਂ ਜਾ ਰਹੀਆਂ ਹਨ। ਪਹਿਲਾ, ਕੇਂਦਰ ਸਰਕਾਰ ਵੱਲੋਂ ਇੱਕ ਭਾਸ਼ਾ ਨੂੰ ਅਹਿਮੀਅਤ ਦੇਣ ਲਈ ਪੰਜਾਬੀ ਸਮੇਤ ਹੋਰ ਖੇਤਰੀ ਭਾਸ਼ਾਵਾਂ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਦੂਸਰਾ, ਸੂਬਾਈ ਸਰਕਾਰਾਂ ਆਪਣੇ ਰਾਜਾਂ ਦੀਆਂ ਭਾਸ਼ਾਵਾਂ ਦੇ ਵਿਕਾਸ ਲਈ ਯੋਜਨਾਵਾਂ ਤਾਂ ਬਣਾਉਂਦੀਆਂ ਹਨ ਪਰ ਉਨ੍ਹਾਂ ਨੂੰ ਸੰਪੂਰਨ ਰੂਪ ’ਚ ਲਾਗੂ ਨਹੀਂ ਕਰਦੀਆਂ। ਤੀਸਰਾ, ਖੇਤਰੀ ਭਾਸ਼ਾਵਾਂ ਨਾਲ ਜੁੜੀਆਂ ਵਿਦਿਅਕ ਤੇ ਸਾਹਿਤਕ ਸੰਸਥਾਵਾਂ ਸਹੂਲਤਾਂ ਤੇ ਅਮਲੇ ਦੀ ਘਾਟ ਕਾਰਨ ਆਪਣੇ ਮਨੋਰਥਾਂ ਤੋਂ ਪਛੜ ਰਹੀਆਂ ਹਨ। ਇਸ ਮੌਕੇ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਨੇੇ ਕਿਹਾ ਮਨੁੱਖ ਮਿੱਟੀ ’ਚੋਂ ਵੱਖ-ਵੱਖ ਤਰ੍ਹਾਂ ਦੇ ਤੱਤ ਹਾਸਲ ਕਰਦਾ ਹੈ। ਜਿਸ ਸਬੰਧੀ ਬਾਣੀ ਰਾਹੀਂ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਸੰਦੇਸ਼ ਦਿੱਤਾ ਹੈ। ‘ਰੁੱਖਾਂ ਤੇ ਬੂਟਿਆਂ ਦੀ ਵਰਣਮਾਲਾ’ ਪੁਸਤਕਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਸਾਨੂੰ ਰੁੱਖਾਂ ਦੀ ਅਹਿਮੀਅਤ ਬਾਰੇ ਦੱਸਦੀ ਹੈ ਅਤੇ ਸਾਨੂੰ ਕੁਦਰਤ ਨਾਲ ਜੋੜਦੀ ਹੈ। ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ’ਚ ਕਰਨ ਸਿੱਧੂ ਦੁਆਰਾ ਅਭਿਨੀਤ ਇੱਕ ਪਾਤਰੀ ਨਾਟਕ ‘ਪੀੜ੍ਹੀ ਦਰ ਪੀੜ੍ਹੀ’ ਰਾਹੀਂ ਮਾਪਿਆਂ ਤੇ ਔਲਾਦ ਵੱਲੋਂ ਇੱਕ-ਦੂਜੇ ਨੂੰ ਸਮਝਣ ਦੀ ਥਾਂ ਨੁਕਸ ਕੱਢਣ ਦੀ ਪ੍ਰਵਿਰਤੀ ਤੋਂ ਬਚਣ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ ਤੇ ਜਸਪ੍ਰੀਤ ਕੌਰ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਸੰਤ ਸਿੰਘ ਸੋਹਲ, ਅਵਤਾਰਜੀਤ ਸਿੰਘ, ਡਾ. ਇੰਦਰਜੀਤ ਗੋਲਡੀ, ਡੀਐੱਸਪੀ ਮੁਕੇਸ਼ ਕੁਮਾਰ, ਉਲੰਪੀਅਨ ਤਿਰਲੋਕ ਸਿੰਘ ਸੰਧੂ, ਐਡਵੋਕੇਟ ਜਗਜੀਤ ਸਿੰਘ ਜੰਡੂ, ਅਵਤਾਰ ਸਿੰਘ ਅਰੋੜਾ, ਰੰਗਕਰਮੀ ਰਾਜੇਸ਼ ਸ਼ਰਮਾ, ਗੋਪਾਲ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।