ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 14 Feb 2026 04:24 PM (IST)
Updated Date: Sat, 14 Feb 2026 04:27 PM (IST)

ਨੂੰਹ-ਸੱਸ ਦਾ ਮੁਕਾਬਲਾ… ਗੱਲ ਅਧੂਰੀ …ਗੈਸ ਪੂਰੀ!!!ਨੂੰਹ-ਸੱਸ ਦਾ ਮੁਕਾਬਲਾ ਇੱਕ ਪਾਰਟੀ ਤੋਂ ਨਿਕਲ ਕੇ ਦੂਜੀ ਪਾਰਟੀ ਤਕ ਤਾਂ ਪਹੁੰਚ ਹੀ ਚੁੱਕਿਆ ਸੀ। ਹੁਣ ਇਸ ਮੁਕਾਬਲੇ ਕਰਕੇ ਮੀਡੀਆ ਤਕ ਵੀ ਐਂਟਰਟੇਨਮੈਂਟ ਮਟੀਰੀਅਲ ਪਹੁੰਚ ਰਿਹਾ ਹੈ। ਹੋਇਆ ਇੰਝ ਕਿ ਪਾਰਟੀ ਦੇ ਲਾਏ ਧਰਨੇ ਵਿੱਚ ਨੂੰਹ-ਸੱਸ ਦੋਵਾਂ ਨੇ ਸ਼ਮੂਲੀਅਤ ਕੀਤੀ। ਘਰ ਦੀ ਮਾਲਕ ਹੋਣ ਦੇ ਨਾਤੇ ਸੱਸ ਧਰਨੇ ‘ਚ ਮੂਹਰੇ ਰਹੀ। ਪਰ ਧਰਨੇ ਦਾ ਪ੍ਰੈੱਸ ਨੋਟ ਜਾਰੀ ਕਰਨ ਦੀ ਜ਼ਿੰਮੇਵਾਰੀ ਨੂੰਹ ਦੇ ਚੇਲਿਆਂ ਕੋਲ ਸੀ। ਉਨ੍ਹਾਂ ਨੇ ਬਹੁਤ ਗੈਰ-ਪੇਸ਼ੇਵਰ ਜਿਹਾ ਪ੍ਰੈੱਸ ਨੋਟ ਜਾਰੀ ਕੀਤਾ। ਜਿਹੜੀ ਫੋਟੋ ਮੀਡੀਆ ਨੂੰ ਭੇਜੀ ਉਹਦੇ ਵਿੱਚੋਂ ਵੀ ਸੱਸ ਗਾਇਬ ਸੀ। ਇਹ ਗੱਲ ਸੱਸ ਤਕ ਪਹੁੰਚ ਗਈ। ਸੱਸ ਨੇ ਤੁਰੰਤ ਆਪਣਾ ਨੈੱਟਵਰਕ ਸਿਸਟਮ ਆਨ ਕੀਤਾ ਅਤੇ ਨਵਾਂ ਪ੍ਰੈੱਸ ਨੋਟ ਜਾਰੀ ਕਰਵਾ ਦਿੱਤਾ। ਆਪਣੀ ਫੋਟੋ ਤੋਂ ਬਗੈਰ ਅਤੇ ਅੱਠ ਲਾਈਨਾਂ ਦਾ ਪ੍ਰੈੱਸ ਨੋਟ ਜਾਰੀ ਕਰਨ ਵਾਲੇ ਨੂੰਹ ਦੇ ਚੇਲਿਆਂ ਨੂੰ ਉੱਪਰੋਂ ਝਾੜਾਂ ਵੀ ਪੁਆਈਆਂ। ਚਾਚੇ ਚੌਰੇ ਵਾਲੇ ਮੁਤਾਬਕ ਨੂੰਹ-ਸੱਸ ਦੇ ਮੁਕਾਬਲੇ ਵਿੱਚ ਗੈਸ ਤਾਂ ਪੂਰੀ ਹੈ ਪਰ ਗੱਲ ਅਜੇ ਥੋੜ੍ਹੀ ਜਿਹੀ ਅਧੂਰੀ ਹੈ। ਛੇਤੀ ਹੀ ਬੰਟੇ ਵਾਲੀ ਬੋਤਲ ਵਾਂਗ ਫੁੱਲ ਪ੍ਰੈਸ਼ਰ ਨਾਲ ਗੱਲਾਂ ਬਾਹਰ ਆਉਣਗੀਆਂ ਤੇ ਮੀਡੀਆ ਦੇ ਨਾਲ-ਨਾਲ ਜਨਤਾ ਦਾ ਵੀ ਫੁੱਲ ਐਂਟਰਟੇਨਮੈਂਟ ਹੋਵੇਗਾ। ਚਾਚੇ ਦੀ ਇਹ ਗੱਲ ਇਸ ਕਰ ਕੇ ਵੀ ਸਹੀ ਲੱਗ ਰਹੀ ਹੈ ਕਿਉਂਕਿ ਇਸ ਮੁੱਦੇ ’ਤੇ ਜਦੋਂ ਸੱਸ ਦੇ ਚੇਲੇ ਨਾਲ ਗੱਲ ਕੀਤੀ ਤਾਂ ਅੱਗੋਂ ਉਸਨੇ ਸ਼ਮੀਮ ਫਾਰੁੱਖ਼ੀ ਦਾ ਇਹ ਸ਼ੇਰ ਸੁਣਾ ਦਿੱਤਾ ‘ਅਭੀ ਤੋ ਸੁਣ ਰਹਾ ਹੈ ਜ਼ਬਾਂ ਭੀ ਖੋਲੇਗਾ, ਮੁਝੇ ਯਕੀਂ ਹੈ ਕਿਸੀ ਰੋਜ਼ ਵੋ ਭੀ ਬੋਲੇਗਾ, ਕੁਛ ਦਿਨੋਂ ਸੇ ਵੋ ਹਸ-ਹਸ ਕੇ ਬਾਤ ਕਰਤਾ ਹੈ, ਉਦਾਸੀਓਂ ਕਾ ਕੋਈ ਜ਼ਹਿਰ ਜ਼ਰੂਰ ਘੋਲੇਗਾ’। ਬੜੇ ਬੇਆਬਰੂ ਹੋਕਰ ਭੀ… ਮਿਰਜ਼ਾ ਗਾਲਿਬ ਦਾ ਇੱਕ ਸ਼ੇਰ ਹੈ ਕਿ ‘ਬਹੁਤ ਬੇ-ਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ’, ਪਰ ਰਾਜਨੀਤੀ ਵਿੱਚ ਉਹ ਸਫ਼ਲ ਹੁੰਦਾ ਹੈ ਜੋ ਬੇਇੱਜ਼ਤੀ ਨੂੰ ਬੇਇੱਜ਼ਤੀ ਨਾ ਮੰਨੇ। ਬੇ-ਆਬਰੂ ਹੋਣ ਦੇ ਬਾਵਜੂਦ ਕੂਚੇ ’ਚੋਂ ਨਿਕਲਣ ਦੀ ਬਜਾਇ ਦਰਾਂ ’ਤੇ ਹੀ ਬੈਠਾ ਰਹੇ। ਪਰ ਜਨਤਾ ਕਿੱਥੇ ਟਲਦੀ ਹੈ, ਬੇਇੱਜ਼ਤੀ ਫੀਲ ਕਰਾਉਣੋ ਹੱਟਦੀ ਹੀ ਨਹੀਂ। ਸਭ ਨੂੰ ਪਤਾ ਹੈ ਕਿ ਮੇਘਾਂ ਵਾਲੇ ਸ਼ੇਰ ਨਾਲ ਪਿਛਲੇ ਦਿਨੀਂ ਪਾਰਟੀ ਹਾਈਕਮਾਂਡ ਨੇ ਧੱਕਾ ਕਰ ਲਿਆ। ਸ਼ੇਰ ਨੇ ਧੱਕਾ ਜ਼ਰ ਵੀ ਲਿਆ। ਪਿਛਲੇ ਦਿਨੀਂ ਆਪਣੇ ਕਿਸੇ ਦੋਸਤ ਨਾਲ ਪਾਰਟੀ ਦੇ ਕਿਸੇ ਲੀਡਰ ਦੇ ਘਰ ਗਏ ਤਾਂ ਵਾਪਸੀ ਵੇਲੇ ਦੋਸਤ ਨੇ ਗੱਡੀ ਚਲਾਉਣ ਨੂੰ ਕਹਿ ਦਿੱਤਾ। ਅੱਗੋਂ ਸ਼ੇਰ ਨੇ ਆਨਾਕਾਨੀ ਜਿਹੀ ਕੀਤੀ ਤਾਂ ਦੋਸਤ ਕਹਿੰਦਾ ‘ਨਾ ਤੁਸੀਂ ਹੁਣ ਪ੍ਰਧਾਨ ਰਹੇ ਤੇ ਨਾਂ ਚੇਅਰਮੈਨ। ਗੱਡੀ ਮੈਂ ਚਲਾਵਾਂ ਜਾਂ ਤੁਸੀਂ, ਹੁਣ ਕੋਈ ਫ਼ਰਕ ਨਹੀਂ ਪੈਂਦਾ’। ਮਨ ਮਾਰ ਕੇ ਸ਼ੇਰ ਨੂੰ ਗੱਡੀ ਦੀ ਸੈਲਫ਼ ਮਾਰਨੀ ਪਈ। ਕਾਲੇ ਹੈਂ ਤੋ ਕਯਾ ਹੂਆ…. ਉਹ ਕਾਲਾ ਹੈ, ਰੰਗ ਦਾ ਹੀ ਨਹੀਂ ਨਾਮ ਦਾ ਵੀ। ਸੁਣਿਆ ਹੈ ਉਸ ਦੇ ਕੰਮ ਵੀ ਕਾਲੇ ਨੇ। ਸਰਕਾਰ ਕੋਈ ਹੋਵੇ ਉਸ ਦਾ ਨਾਮ ਕਾਲੇ ਕੰਮਾਂ ਵਿੱਚ ਆ ਹੀ ਜਾਂਦਾ ਹੈ। ਪਰ ਉਹ ਦਿਲ ਵਾਲਾ ਵੀ ਹੈ। ਇੰਨੇ ਵੱਡੇ ਦਿਲ ਵਾਲਾ ਕਿ ਉਸ ਦੀ ਦਰਿਆਦਿਲੀ ਮੂਹਰੇ ਉਸ ਦੇ ਵਿਰੋਧੀ ਵੀ ਨਤਮਸਤਕ ਹੋ ਜਾਂਦੇ ਹਨ। ਇਸੇ ਕਰ ਕੇ ਪਿਛਲੀ ਸਰਕਾਰ ਵੇਲੇ ਉਸ ਦੇ ਕਾਲੇ ਕੰਮਾਂ ਬਾਰੇ ਸੰਙ ਪਾੜ-ਪਾੜ ਕੇ ਰੌਲਾ ਪਾਉਣ ਵਾਲੇ ਹੁਣ ਉਸ ਦੇ ਨਾਲ ਗੱਲਵੱਕੜੀਆਂ ਪਾਉਂਦੇ ਵੇਖੇ ਜਾ ਸਕਦੇ ਹਨ। ਚਾਚੇ ਚੌਰੇ ਵਾਲੇ ਦਾ ਕਹਿਣਾ ਹੈ ਕਿ ਕਾਲੇ ਦੇ ਕਾਲੇ ਕੰਮਾਂ ਦਾ ਵਿਰੋਧ ਉਦੋਂ ਤੱਕ ਹੀ ਹੁੰਦਾ ਹੈ, ਜਦੋਂ ਤਕ ਉਹ ਵਿਰੋਧ ਕਰਨ ਵਾਲੇ ਦੇ ਹੱਥ ਵੀ ਕਾਲੇ ਨਹੀਂ ਕਰ ਦਿੰਦਾ। ਅੰਤ ਨੂੰ ਚਾਚਾ, ਮਿਰਜ਼ਾ ਗਾਲਿਬ ਦਾ ਸ਼ੇਰ ਸੁਣਾ ਕਿ ਆਪਣੀ ਗੱਲ ਨੂੰ ਵਿਰਾਮ ਦਿੰਦਾ ਹੈ ‘ਬਕ ਰਹਾ ਹੂੰ ਜੁਨੂੰ ਮੇਂ ਕਯਾ ਕਯਾ ਕੁਛ, ਕੁਛ ਨਾ ਸਮਝੇ ਖ਼ੁਦਾ ਕਰੇ ਕੋਈ’। ਪੇਸ਼ਕਸ਼ : ਨਵਦੀਪ ਢੀਂਗਰਾ।