ਸੈਦਖੇੜੀ ਦੀ ਨਵੀਂ ਸੜਕ ਦੂਜੇ ਦਿਨ ਹੀ ਉੱਖੜੀ, ਗੁਣਵੱਤਾ ’ਤੇ ਉੱਠੇ ਸਵਾਲ ਸੈਦਖੇੜੀ ਦੀ ਨਵੀਂ ਸੜਕ ਦੂਜੇ ਦਿਨ ਹੀ ਉੱਖੜੀ, ਗੁਣਵੱਤਾ ’ਤੇ ਉੱਠੇ ਸਵਾਲ
Publish Date: Thu, 08 Oct 2026 07:15 PM (IST)
Updated Date: Thu, 08 Oct 2026 07:17 PM (IST)
‘ਕੋਹ ਨਾ ਚੱਲੀ ਬਾਬਾ ਤ੍ਰਿਹਾਈ’ ਵਾਲੀ ਕਹਾਵਤ ਸੱਚ, ਲੰਮੀ ਉਡੀਕ ਮਗਰੋਂ ਬਣੀ ਸੜਕ ਦੂਜੇ ਦਿਨ ਉੱਖੜੀ ਕਰਮਵੀਰ ਸਿੰਘ ਮਰਦਾਂਪੁਰ,• ਪੰਜਾਬੀ ਜਾਗਰਣ• ਘਨੌਰ : ਹਲਕਾ ਘਨੌਰ ਦੇ ਪਿੰਡਾਂ ਨਾਲ ਜੋੜਨ ਵਾਲੀ ਸੈਦਖੇੜੀ ਸੜਕ ਲੰਮੀ ਉਡੀਕ ਤੋਂ ਬਾਅਦ 25-26 ਸਤੰਬਰ ਨੂੰ ਬਣਾਈ ਗਈ ਪਰ ਸੜਕ ਬਣਨ ਦੇ ਅਗਲੇ ਹੀ ਦਿਨ ਇਸ ਉੱਪਰ ਪਾਇਆ ਗਿਆ ਮਟੀਰੀਅਲ ਉੱਖੜਨਾ ਸ਼ੁਰੂ ਹੋ ਗਿਆ। ਕਈ ਥਾਵਾਂ ’ਤੇ ਸੜਕ ਬਹਿਣ ਅਤੇ ਟੁੱਟਣ ਕਾਰਨ ਇਸ ਦੀ ਉਸਾਰੀ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਮੌਜੂਦਾ ਹਾਲਾਤ ਨੂੰ ਵੇਖਦਿਆਂ ‘ਕੋਹ ਨਾ ਚੱਲੀ ਬਾਬਾ ਤ੍ਰਿਹਾਈ’ ਵਾਲੀ ਕਹਾਵਤ ਇਸ ਸੜਕ ’ਤੇ ਪੂਰੀ ਤਰ੍ਹਾਂ ਢੁਕਵੀਂ ਬੈਠਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਬਚਨ ਸਿੰਘ ਸੈਦਖੇੜੀ ਨੇ ਉੱਖੜੀ ਹੋਈ ਸੜਕ ਦਿਖਾਉਂਦਿਆਂ ਕਿਹਾ ਕਿ ਲੰਮੀ ਉਡੀਕ ਤੋਂ ਬਾਅਦ ਸੜਕ ’ਤੇ ਪ੍ਰੀਮਿਕਸ ਪਾਇਆ ਗਿਆ ਸੀ, ਪਰ ਅਗਲੇ ਹੀ ਦਿਨ ਮਟੀਰੀਅਲ ਉੱਖੜਨਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਗੁਰਨਾਮ ਸਿੰਘ ਦੇ ਘਰ ਨੇੜੇ ਸੜਕ ਵਿੱਚ ਸੁਰਾਖ ਵੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਟੀਰੀਅਲ ਪਾਉਣ ਤੋਂ ਪਹਿਲਾਂ ਸੜਕ ਨੂੰ ਥੱਲਿਓਂ ਢੰਗ ਨਾਲ ਤਿਆਰ ਨਹੀਂ ਕੀਤਾ ਗਿਆ ਅਤੇ ਨਾ ਹੀ ਸੜਕ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਇੱਟਾਂ ਆਦਿ ਲਗਾਈਆਂ ਗਈਆਂ। ਜਿੱਥੇ ਲੋਕਾਂ ਵੱਲੋਂ ਪਾਣੀ ਦੀ ਨਿਕਾਸੀ ਜਾਂ ਪੀਣ ਵਾਲੇ ਪਾਣੀ ਲਈ ਸੜਕ ਹੇਠੋਂ ਪਾਈਪਾਂ ਪਾਈਆਂ ਗਈਆਂ ਸਨ, ਉਨ੍ਹਾਂ ਥਾਵਾਂ ’ਤੇ ਵੀ ਸੜਕ ਬਹਿ ਗਈ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸੜਕ ਦੀ ਉਸਾਰੀ ਵਿੱਚ ਗੁਣਵੱਤਾ ਦਾ ਧਿਆਨ ਰੱਖਣ ਦੀ ਬਜਾਏ ਕੰਮ ਨੂੰ ਸਿਰਫ਼ ਖਾਨਾਪੂਰਤੀ ਵਜੋਂ ਨਿਪਟਾਉਣ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਉਸਾਰੀ ਦੌਰਾਨ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਕੰਮ ਅਤੇ ਮਟੀਰੀਅਲ ਦੀ ਜਾਂਚ ਕੀਤੀ ਜਾਂਦੀ ਤਾਂ ਸੜਕ ਦੇ ਇੰਨੀ ਜਲਦੀ ਉੱਖੜਨ ਦੀ ਨੌਬਤ ਨਾ ਆਉਂਦੀ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਵੱਲੋਂ ਸੜਕ ਦੀਆਂ ਖਾਮੀਆਂ ਨੂੰ ਦੂਰ ਕਰਕੇ ਇਸ ਨੂੰ ਮਿਆਰੀ ਢੰਗ ਨਾਲ ਮੁਕੰਮਲ ਕੀਤਾ ਜਾਂਦਾ ਹੈ ਜਾਂ ਸੈਦਖੇੜੀ ਵਾਸੀਆਂ ਨੂੰ ਮੁੜ ਕੁਝ ਸਮੇਂ ਬਾਅਦ ਟੁੱਟੀ ਸੜਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਡੱਬੀ- ਅਧਿਕਾਰੀ ਨੇ ਕਿਹਾ, ਇੱਕ ਹੋਰ ਪਰਤ ਪੈਣੀ ਬਾਕੀ ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਯਾਦਵਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਲੁੱਕ ਦੇ ਮਟੀਰੀਅਲ ਦੀ ਇੱਕ ਹੋਰ ਪਰਤ ਪੈਣੀ ਬਾਕੀ ਹੈ। ਉਨ੍ਹਾਂ ਅਨੁਸਾਰ, ਦੂਜੀ ਪਰਤ ਪੈਣ ਤੋਂ ਬਾਅਦ ਸੜਕ ਦਾ ਲੈਵਲ ਠੀਕ ਹੋ ਜਾਵੇਗਾ।