ਅਸਮਾਨਤਾਵਾਂ ਦੂਰ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ: ਪ੍ਰੋ. ਬਰਾੜ ਅਸਮਾਨਤਾਵਾਂ ਦੂਰ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ: ਪ੍ਰੋ. ਜਸਵਿੰਦਰ ਬਰਾੜ
Publish Date: Fri, 30 Oct 2026 06:32 PM (IST)
Updated Date: Fri, 30 Oct 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵੱਲੋਂ ਦਿ ਸੁਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ ਲੁਧਿਆਣਾ ਦੇ ਸਹਿਯੋਗ ਨਾਲ 7ਵੀਂ ਸਾਲਾਨਾ ਕਾਨਫਰੰਸ ਸ਼ੁਰੂ ਕੀਤੀ ਗਈ। ਭਾਰਤ ਵਿਚ ਸਮਾਵੇਸ਼ੀ ਅਤੇ ਟਿਕਾਊ ਪੇਂਡੂ ਵਿਕਾਸ: ਸਮਾਜਿਕ-ਆਰਥਿਕ ਚੁਣੌਤੀਆਂ ਅਤੇ ਸੰਭਾਵੀ ਰਾਹ ਵਿਸ਼ੇ ’ਤੇ ਆਧਾਰਿਤ ਇਸ ਕਾਨਫਰੰਸ ਵਿਚ ਪੇਂਡੂ ਵਿਕਾਸ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਮੌਜੂਦ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ। ਮੁੱਖ ਬੁਲਾਰੇ ਪ੍ਰੋ. ਐੱਮ. ਐੱਸ. ਤੂਰ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਅਜੇ ਪੂਰੀ ਤਰ੍ਹਾਂ ਸਮਾਵੇਸ਼ੀ ਨਹੀਂ ਹੈ ਅਤੇ ਪੇਂਡੂ ਖੇਤਰ ਕਈ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੇ ਹੱਲ ਲਈ ਖੋਜ ਅਤੇ ਅਕਾਦਮਿਕ ਸਰਗਰਮੀਆਂ ਮਹੱਤਵਪੂਰਨ ਹਨ। ਵਿਭਾਗ ਮੁਖੀ ਅਤੇ ਕਾਨਫਰੰਸ ਡਾਇਰੈਕਟਰ ਪ੍ਰੋ. ਜਸਦੀਪ ਸਿੰਘ ਤੂਰ ਨੇ ਕਿਹਾ ਕਿ ਕਾਨਫਰੰਸ ਦਾ ਉਦੇਸ਼ ਸਮੱਸਿਆਵਾਂ ਦੀ ਪਛਾਣ ਦੇ ਨਾਲ ਉਨ੍ਹਾਂ ਦੇ ਵਿਹਾਰਕ ਹੱਲ ਲੱਭਣਾ ਵੀ ਹੈ। ਇਸ ਮੌਕੇ ਕਾਨਫਰੰਸ ਦੀ ਐਬਸਟਰੈਕਟ ਬੁੱਕ ਰਿਲੀਜ਼ ਕੀਤੀ ਗਈ। ਪ੍ਰਬੰਧਕੀ ਸਕੱਤਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਨਫਰੰਸ ਵਿਚ ਲਗਭਗ 200 ਖੋਜ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਪੇਸ਼ਕਾਰੀ 16 ਤਕਨੀਕੀ ਸੈਸ਼ਨਾਂ ਵਿੱਚ ਕੀਤੀ ਜਾ ਰਹੀ ਹੈ।