ਛੱਪੜ ਦੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਇਆ
ਛੱਪੜ ਦੀ ਜਮੀਨ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਛੁਡਵਾਇਆ
Publish Date: Sat, 14 Feb 2026 06:07 PM (IST)
Updated Date: Sat, 14 Feb 2026 06:09 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪਿੰਡ ਸ਼ਾਮਦੋ ਵਿਖੇ ਸਥਿਤ ਪਿੰਡ ਦੇ ਛੱਪੜ ਉੱਤੇ ਕੁਝ ਲੋਕਾਂ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਗ੍ਰਾਮ ਪੰਚਾਇਤ ਸ਼ਾਮਦੋ ਵੱਲੋਂ ਬਿਨਾਂ ਕਿਸੇ ਵਿਰੋਧ ਦੇ ਛੁਡਵਾ ਕੇ ਜ਼ਮੀਨ ਨੂੰ ਪੰਚਾਇਤ ਦੇ ਅਧੀਨ ਲਿਆਂਦਾ ਗਿਆ। ਜਿਸ ਕਾਰਨ ਹੁਣ ਪਿੰਡ ਸ਼ਾਮਦੋ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲਣ ਦੀ ਆਸ ਬੱਝੀ ਹੈ। ਜਾਣਕਾਰੀ ਦੇ ਅਨੁਸਾਰ ਪਿੰਡ ਸ਼ਾਮਦੋ ਦੀ ਪੰਚਾਇਤੀ ਜ਼ਮੀਨ ਵਿੱਚ ਬਣੇ ਹੋਏ ਛੱਪੜ ਵਿੱਚ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਸਮੇਤ ਨੇੜਲੀਆਂ ਕਾਲੋਨੀਆਂ ਦਾ ਸੀਵਰੇਜ ਦਾ ਪਾਣੀ ਡਿੱਗਦਾ ਹੈ। ਪਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕੁਝ ਲੋਕਾਂ ਵੱਲੋਂ ਛੱਪੜ ਦੀ ਸ਼ਾਮਲਾਟ ਜਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਣ ਕਰਕੇ ਛੱਪੜ ਦਾ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਦੀ ਸੜਕ ਉੱਤੇ ਖੜਨ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਥੋਂ ਤਕ ਕਿ ਕਈ ਵਾਰ ਤਾਂ ਦੋ ਪਹੀਆ ਵਾਹਨ ਚਾਲਕ ਵੀ ਇਸ ਗੰਦੇ ਪਾਣੀ ਵਿੱਚ ਡਿੱਗ ਕੇ ਸੱਟਾਂ ਖਾ ਚੁੱਕੇ ਹਨ। ਗ੍ਰਾਮ ਪੰਚਾਇਤ ਸ਼ਾਮਦੋ ਦੇ ਸਰਪੰਚ ਦੀ ਮਹਿਲਾ ਸਰਪੰਚ ਦੇ ਪਤੀ ‘ਆਪ’ ਆਗੂ ਜਸਵਿੰਦਰ ਸਿੰਘ ਜੈਲਦਾਰ ਵੱਲੋਂ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਛੱਪੜ ਦੀ ਜ਼ਮੀਨ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦੇ ਲਈ ਨਿਸ਼ਾਨਦੇਹੀ ਕਰਵਾਉਣ ਵਾਸਤੇ ਬੀਡੀਪੀਓ ਰਾਜਪੁਰਾ ਮਨਦੀਪ ਸਿੰਘ ਅਤੇ ਤਹਿਸੀਲਦਾਰ ਰਾਜਪੁਰਾ ਨੂੰ ਦਰਖਾਸਤ ਦਿੱਤੀ। ਜਿਸ ਤੋਂ ਬਾਅਦ ਉਕਤ ਅਧਿਕਾਰੀਆਂ ਦੇ ਹੁਕਮਾਂ ਉੱਤੇ ਕਾਨੂੰਨਗੋ ਅਤੇ ਪਟਵਾਰੀਆਂ ਦੀ ਟੀਮ ਵੱਲੋਂ ਡਿਜੀਟਲ ਤਰੀਕੇ ਦੇ ਨਾਲ ਛੱਪੜ ਦੀ ਸ਼ਾਮਲਾਟ ਜ਼ਮੀਨ ਦੀ ਮਿਣਤੀ ਕਰਵਾ ਕੇ ਪੱਕੇ ਠੱਢੇ ਲਗਵਾ ਦਿੱਤੇ। ਇਸ ਉਪਰੰਤ ਮੌਕੇ ਉੱਤੇ ਦੋ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਮੰਗਵਾ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਜਸਵਿੰਦਰ ਸਿੰਘ ਜੈਲਦਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰਾਮ ਪੰਚਾਇਤ ਸ਼ਾਮ ਦੋ ਅਤੇ ਸ਼ਾਮਦੋ ਕੈਂਪ ਨੂੰ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਆਈ ਹੋਈ ਗ੍ਰਾਂਟ ਦੇ ਪੈਸਿਆਂ ਦੇ ਨਾਲ ਅੰਡਰਗਰਾਊਂਡ ਸੀਵਰੇਜ ਦੀਆਂ ਪਾਈਪਾਂ ਦਬਾਉਣ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ। ਜਿਸ ਨਾਲ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੜਕ ਉੱਤੇ ਛੱਪੜ ਦਾ ਰੂਪ ਧਾਰਨ ਕਰ ਕੇ ਖੜ੍ਹੇ ਪਾਣੀ ਤੋਂ ਛੁਟਕਾਰਾ ਮਿਲ ਜਾਵੇਗਾ। ਜੈਲਦਾਰ ਨੇ ਦੱਸਿਆ ਕਿ ਉਹ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦਾ ਗੰਦੇ ਪਾਣੀ ਦੀ ਨਿਕਾਸੀ ਲਈ ਦਿੱਤੀ ਗਈ ਗ੍ਰਾਂਟ ਬਦਲੇ ਅਤੇ ਪਿੰਡ ਦੀ ਸੜਕ ਦਾ ਸੁਧਾਰ ਕਰਵਾਉਣ ਬਦਲੇ ਧੰਨਵਾਦ ਕਰਦੇ ਹਨ।