ਅੱਸੂ ਦੇ ਪਹਿਲੇ ਨਰਾਤੇ ਮੌਕੇ ਸ਼ਰਧਾ ਦਾ ਉਮੜਿਆ ਜਨ ਸੈਲਾਬ ਅੱਸੂ ਦੇ ਪਹਿਲੇ ਨਰਾਤੇ ਮੌਕੇ ਸ਼ਰਧਾ ਦਾ ਉਮੜਿਆ ਜਨ ਸੈਲਾਬ
Publish Date: Sun, 11 Oct 2026 04:55 PM (IST)
Updated Date: Sun, 11 Oct 2026 04:56 PM (IST)
ਪਰਗਟ ਸਿੰਘ•,ਪੰਜਾਬੀ ਜਾਗਰਣ, •ਪਟਿਆਲਾ : ਅੱਸੂ ਦੇ ਨਰਾਤਿਆਂ ਦੇ ਪਹਿਲੇ ਨਰਾਤੇ ਮੌਕੇ ਐਤਵਾਰ ਨੂੰ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਟਿਆਲਾ ਸਥਿਤ ਪ੍ਰਸਿੱਧ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਨਤਮਸਤਕ ਹੁੰਦਿਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਐਤਵਾਰ ਨੂੰ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਨਾਲ ਪਈ ਭਾਰੀ ਬਰਸਾਤ ’ਤੇ ਵੀ ਸ਼ਰਧਾਲੂਆਂ ਦੀ ਆਸਥਾ ਭਾਰੀ ਰਹੀ ਤੇ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਹੋਰਨਾ ਸਟੇਟਾਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਦੇ ਦਰਬਾਰ ’ਚ ਨਤਮਸਤਕ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਮੰਦਰ ਐਡਵਾਈਜਰੀ ਕਮੇਟੀ ਸਮੇਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਗਤ ਦੇ ਲਈ ਵਿਆਪਕ ਪ੍ਰਬੰਧ ਕੀਤੇ ਗਏ ਤੇ ਮਾਤਾ ਰਾਣੀ ਦੇ ਦਰਬਾਰ ਨੂੰ ਫੁੱਲਾਂ ਤੇ ਸਜਾਵਟੀ ਵਸਤੂਆਂ ਤੇ ਲਾਈਟਿੰਗ ਨਾਲ ਸਜਾਇਆ ਗਿਆ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਸੂ ਦੇ ਪਹਿਲੇ ਨਰਾਤੇ ਮੌਕੇ ਪਟਿਆਲਾ ਸਥਿਤ ਪ੍ਰਸਿੱਧ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਮੰਦਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਆਪ ਆਗੂਆਂ ਨਾਲ ਹਵਨ-ਪੂਜਾ ਕੀਤੀ ਅਤੇ ਮਾਤਾ ਰਾਣੀ ਅੱਗੇ ਅਰਦਾਸ ਕੀਤੀ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਦੇਸ਼ ਵਾਸੀਆਂ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਸਿਹਤ ਮੰਤਰੀ ਅਤੇ ਆਪ ਆਗੂਆਂ ਨਾਲ ਮੰਦਰ ਵਿੱਚ ਸਥਾਪਤ ਕੀਤੇ ਗਏ ਮਾਤਾ ਰਾਣੀ ਦੇ ਨਵੇਂ ਧਵੱਜ ਨੂੰ ਲਹਿਰਾਇਆ। ਇਸ ਉਪਰੰਤ ਨਵੇਂ ਬਣੇ ਲੰਗਰ ਹਾਲ ਵਿਚ ਕੰਨਿਆ ਪੂਜਨ ਕੀਤਾ ਅਤੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਸੀਏ ਅਜੈ ਅਲੀਪੁਰੀਆ ਨੇ ਦੱਸਿਆ ਕਿ ਭਾਰੀ ਮੀਂਹ ਦੇ ਬਾਵਜੂਦ ਸ਼ਰਧਾਲੂਆਂ ਨੇ ਮੰਦਰ ਦੇ ਸਰੋਵਰ ਦੇ ਆਲੇ-ਦੁਆਲੇ ਬਣੇ ਨਵੇਂ ਗਲਿਆਰੇ ਵਿਚ ਬੈਠ ਕੇ ਨਵ-ਨਿਰਮਿਤ ਇਮਾਰਤ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤੇਜ਼ੀ ਨਾਲ ਕਰਵਾਏ ਜਾ ਰਹੇ ਨਵੀਨੀਕਰਨ ਦੇ ਕੰਮਾਂ ਦੀ ਸ਼ਰਧਾਲੂਆਂ ਨੇ ਸ਼ਲਾਘਾ ਕੀਤੀ। ਇਸ ਮੌਕੇ ਐਡਵਾਈਜਰੀ ਕਮੇਟੀ ਦੇ ਚੇਅਰਮੈਨ ਮਹੇਸ਼ ਮਿੱਤਲ, ਸੀਏ ਅਜੈ ਅਲੀਪੁਰੀਆ, ਡਾ. ਰਾਜ ਕੁਮਾਰ ਗੁਪਤਾ, ਸੰਜੇ ਸਿੰਗਲਾ, ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ,ਏਡੀਸੀ ਅਨੁਪ੍ਰਿਤਾ ਜੌਹਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਡੱਬੀ-ਜਲਦ ਪੂਰਾ ਹੋਵੇਗਾ ਨਵਿਨੀਕਰਨ ਦਾ ਕੰਮ-ਸਿਸੋਦੀਆ ਮੰਦਰ ਵਿੱਚ ਚੱਲ ਰਹੇ ਉਸਾਰੀ ਅਤੇ ਨਵੀਨੀਕਰਨ ਦੇ ਕੰਮਾਂ ਬਾਰੇ ਗੱਲ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਮਾਂ ਕਾਲੀ ਨੇ ਸਾਡੀ ਸਰਕਾਰ ਨੂੰ ਇਸ ਪਵਿੱਤਰ ਮੰਦਰ ਦੇ ਨਵੀਨੀਕਰਨ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਮੰਦਰ ਦਾ ਸਰੂਪ ਹੋਰ ਵੀ ਨਿਖਰ ਕੇ ਸਾਹਮਣੇ ਆਵੇਗਾ। ਮੰਦਰ ਨੂੰ ਇੱਕ ਸਿੱਧ ਪੀਠ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਦੇਸ਼ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣਗੇ। ਡੱਬੀ-ਪ੍ਰਧਾਨ ਮੰਤਰੀ ਹੁਣ ਸਿਰਫ਼ ਸਰਕਾਰ ’ਚ ਹਨ, ਲੋਕਾਂ ਦੇ ਦਿਲਾਂ ਵਿਚ ਨਹੀਂ : ਸਿਸੋਦੀਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿਰਫ਼ ਸਰਕਾਰ ਵਿਚ ਹਨ, ਲੋਕਾਂ ਦੇ ਦਿਲਾਂ ਵਿੱਚ ਨਹੀਂ। ਸੀਬੀਆਈ, ਚੋਣ ਕਮਿਸ਼ਨ ਅਤੇ ਈਡੀ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸੰਸਥਾਵਾਂ ਨੂੰ ਚੋਣਾਂ ਜਿੱਤਣ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਵਰਤੋਂ ਸਿਆਸੀ ਲਾਹੇ ਲਈ ਕੀਤੀ ਜਾ ਰਹੀ ਹੈ।