
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮ ਆਦਮੀ ਪਾਰਟੀ (ਆਪ) ਦੀ ਹਾਈ ਕਮਾਂਡ ਵੱਲੋਂ ਸੰਗਠਨਾਤਮਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ ਨਵਲਦੀਪ ਸਿੰਘ ਨੂੰ ਜ਼ਿਲ੍ਹਾ ਪਟਿਆਲਾ (ਸ਼ਹਿਰੀ) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨੇ ਪਟਿਆਲਾ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੀ ਹਾਈ ਕਮਾਂਡ ਵੱਲੋਂ ਸੰਗਠਨਾਤਮਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ ਨਵਲਦੀਪ ਸਿੰਘ ਨੂੰ ਜ਼ਿਲ੍ਹਾ ਪਟਿਆਲਾ (ਸ਼ਹਿਰੀ) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨੇ ਪਟਿਆਲਾ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਜਿੰਦਰ ਮਹਿਤਾ ਲਗਾਤਾਰ ਤਿੰਨ ਵਾਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੇ ਲੰਬੇ ਕਾਰਜਕਾਲ ਤੋਂ ਬਾਅਦ ਸੰਗਠਨ ਦੀ ਕਮਾਨ ਨਵੇਂ ਹੱਥਾਂ ਵਿੱਚ ਸੌਂਪਣ ਨੂੰ ਪਾਰਟੀ ਦੀ ਆਗਾਮੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਸਿਆਸੀ ਗਲਿਆਰਿਆਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ
ਤੇਜਿੰਦਰ ਮਹਿਤਾ, ਜੋ ਕਿ ਮੌਜੂਦਾ ਸਮੇਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਨ ਅਤੇ ਵਾਰਡ ਕੌਂਸਲਰ ਵਜੋਂ ਵੀ ਸਰਗਰਮ ਹਨ, ਪਟਿਆਲਾ ਦੀ ਸਥਾਨਕ ਰਾਜਨੀਤੀ ਵਿੱਚ ਮਜ਼ਬੂਤ ਪਕੜ ਰੱਖਦੇ ਹਨ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਪੂਰੇ ਜ਼ੋਰਾਂ 'ਤੇ ਹੈ ਕਿ ਮਹਿਤਾ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਸ਼ਹਿਰੀ ਹਲਕੇ ਤੋਂ ਆਪਣੀ ਚੋਣ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।
ਪਾਰਟੀ ਹਾਈ ਕਮਾਂਡ ਵੱਲੋਂ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਉਨ੍ਹਾਂ ਨੂੰ ਮੁਕਤ ਕਰਨ ਪਿੱਛੇ ਕੀ ਮੰਤਵ ਹੈ, ਇਸ ਨੂੰ ਲੈ ਕੇ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ, ਕੀ ਮਹਿਤਾ ਨੂੰ ਹੁਣ ਸਿਰਫ਼ ਪ੍ਰਸ਼ਾਸਕੀ ਅਤੇ ਵਿਕਾਸ ਕਾਰਜਾਂ (ਜ਼ਿਲ੍ਹਾ ਯੋਜਨਾ ਬੋਰਡ) 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ? ਜਾਂ ਫਿਰ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਜਾਂ ਕਿਸੇ ਹੋਰ ਵੱਡੇ ਸਿਆਸੀ ਮੁਕਾਮ ਲਈ ਤਿਆਰ ਕਰ ਰਹੀ ਹੈ?
ਨਵੇਂ ਪ੍ਰਧਾਨ ਸਾਹਮਣੇ ਚੁਣੌਤੀਆਂ
ਦੂਜੇ ਪਾਸੇ, ਨਵ-ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਲਦੀਪ ਸਿੰਘ ਸਾਹਮਣੇ ਪਟਿਆਲਾ ਸ਼ਹਿਰ ਅੰਦਰ ਪਾਰਟੀ ਕਾਡਰ ਨੂੰ ਇੱਕਜੁੱਟ ਰੱਖਣ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਦੀ ਵੱਡੀ ਚੁਣੌਤੀ ਹੋਵੇਗੀ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ।
ਪਾਰਟੀ ਹਾਈ ਕਮਾਂਡ ਦੇ ਇਸ ਤਾਜ਼ਾ ਕਦਮ ਤੋਂ ਬਾਅਦ ਜਿੱਥੇ ਨਵਲਦੀਪ ਸਿੰਘ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਤੇਜਿੰਦਰ ਮਹਿਤਾ ਦਾ ਅਗਲਾ ਸਿਆਸੀ ਸਫ਼ਰ ਕੀ ਮੋੜ ਲੈਂਦਾ ਹੈ ਅਤੇ ਉਹ ਆਪਣੀ ਦਾਅਵੇਦਾਰੀ ਨੂੰ ਕਿਵੇਂ ਅੱਗੇ ਵਧਾਉਂਦੇ ਹਨ, ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।