- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਾਤਿਆਂ ਵਿਚ ਸਿਆਸਤ ਦੇ ਰੰਗ -ਬੋਰਡਾਂ ’ਤੇ ਮਹਿਤਾ ਅਤੇ ਕੋਹਲੀ ਛਾਏ, ਜੁਨੇਜਾ ਅਤੇ ਗੋਗੀਆ ਗਾਇਬ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਰਾਤਿਆਂ ਦੌਰਾਨ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਸ਼ਰਧਾਲੂਆਂ ਦੀ ਆਮਦ ਦੇ ਨਾਲ-ਨਾਲ ਪਟਿਆਲਾ ਦੀ ਸਿਆਸਤ ਦੇ ਰੰਗ ਵੀ ਦੇਖਣ ਨੂੰ ਮਿਲ ਰਹੇ ਹਨ। ਮੰਦਰ ਦੇ ਆਲੇ-ਦੁਆਲੇ ਲੱਗੇ ਸਿਆਸੀ ਬੋਰਡਾਂ ’ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਛਾਏ ਹੋਏ ਹਨ, ਜਦਕਿ ਪਟਿਆਲਾ ਸ਼ਹਿਰੀ ਤੋਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚਰਚਾ ਵਿਚ ਰਹਿਣ ਵਾਲੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਤੇ ਮੇਅਰ ਕੁੰਦਨ ਗੋਗੀਆ ਦੇ ਬੋਰਡ ਮੰਦਰ ਦੇ ਆਲੇ-ਦੁਆਲੇ ਨਜ਼ਰ ਨਹੀਂ ਆ ਰਹੇ। ਇਸ ਦਿਲਚਸਪ ਸਿਆਸੀ ਤਸਵੀਰ ਵਿਚ ਅੱਜ ਦੀ ਇਕ ਵੀਡੀਓ ਨੇ ਹੋਰ ਰੰਗ ਭਰ ਦਿੱਤਾ ਹੈ। ਐਤਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਰਾਤਿਆਂ ਦੀ ਸ਼ੁਰੂਆਤ ਮੌਕੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਕੋਹਲੀ, ਮਹਿਤਾ, ਜੁਨੇਜਾ ਤੇ ਗੋਗੀਆ ਚਾਰੇ ਮੌਜੂਦ ਸਨ ਪਰ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਿਸੋਦੀਆ ਦੇ ਕੋਲ ਖੜ੍ਹੇ ਹਰਪਾਲ ਜੁਨੇਜਾ ਨਾਲ ਵਾਪਰੀ ਘਟਨਾ ਦੀ ਵੀਡੀਓ ਹੁਣ ਚਰਚਾ ਦਾ ਵਿਸ਼ਾ ਬਣ ਰਹੀ ਹੈ। ਵੀਡੀਓ ਵਿਚ ਸਾਫ਼ ਦਿਖਾਈ ਦਿੰਦਾ ਹੈ ਕਿ ਜਦੋਂ ਸਿਸੋਦੀਆ ਮੀਡੀਆ ਨਾਲ ਮੁਖਾਤਿਬ ਹਨ ਤਾਂ ਕੋਹਲੀ, ਜੁਨੇਜਾ ਨੂੰ ਮੋਢਾ ਮਾਰ ਕੇ ਇਕ ਪਾਸੇ ਕਰ ਦਿੰਦੇ ਹਨ। ਇਸ ਤੋਂ ਬਾਅਦ ਜੁਨੇਜਾ ਪਿੱਛੇ ਹਟ ਕੇ ਸਿਸੋਦੀਆ ਦੇ ਪਿੱਛੇ ਜਾ ਕੇ ਖੜ੍ਹ ਜਾਂਦੇ ਹਨ। ਕੈਮਰਿਆਂ ਸਾਹਮਣੇ ਵਾਪਰੇ ਇਸ ਦ੍ਰਿਸ਼ ਨੇ ਆਗੂਆਂ ਦੀ ਆਪਸੀ ਸਿਆਸੀ ਖਿੱਚੋਤਾਣ ਬਾਰੇ ਚਰਚਾ ਲਈ ਮੌਕਾ ਦੇ ਦਿੱਤਾ ਹੈ। ਪਟਿਆਲਾ ਸ਼ਹਿਰੀ ਹਲਕੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਟਿਕਟ ਨੂੰ ਲੈ ਕੇ ਵੱਖ-ਵੱਖ ਆਗੂਆਂ ਦੇ ਨਾਂ ਚਰਚਾ ਵਿਚ ਹਨ। ਅਜਿਹੇ ਵਿੱਚ ਇੱਕ ਪਾਸੇ ਮੰਦਰ ਦੇ ਆਲੇ-ਦੁਆਲੇ ਲੱਗੇ ਬੋਰਡਾਂ ’ਤੇ ਮਹਿਤਾ ਅਤੇ ਕੋਹਲੀ ਦੀ ਮੌਜੂਦਗੀ ਨਜ਼ਰ ਆ ਰਹੀ ਹੈ, ਦੂਜੇ ਪਾਸੇ ਮੀਡੀਆ ਦੇ ਸਾਹਮਣੇ ਜੁਨੇਜਾ ਨੂੰ ਪਾਸੇ ਕੀਤੇ ਜਾਣ ਦਾ ਦ੍ਰਿਸ਼ ਵੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਨਰਾਤਿਆਂ ਮੌਕੇ ਮਾਤਾ ਦੇ ਦਰਬਾਰ ਵਿਚ ਨਤਮਸਤਕ ਹੋਣ ਆਏ ਆਗੂਆਂ ਦੀ ਇਸ ਸਰਗਰਮੀ ਨੇ ਧਾਰਮਿਕ ਮਾਹੌਲ ਦੇ ਨਾਲ-ਨਾਲ ਪਟਿਆਲਾ ਦੀ ਸਿਆਸਤ ਨੂੰ ਵੀ ਚਰਚਾ ਵਿੱਚ ਲਿਆ ਦਿੱਤਾ ਹੈ।