
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੌਧਰਾਣੀ ਰੇਲਵੇ ਫਾਟਕ ਰਿਹਾ ਬੰਦ, ਲੋਕ ਹੋਏ ਤੰਗ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਨੌਧਰਾਣੀ-ਬੁਰਜ ਵਾਲਾ ਰੇਲਵੇ ਫਾਟਕ ਸ਼ੁੱਕਰਵਾਰ ਨੂੰ ਸਵੇਰੇ ਰੇਲ ਗੱਡੀ ਲੰਘਣ ਤੋਂ ਬਾਅਦ ਅਚਾਨਕ ਤਕਨੀਕੀ ਨੁਕਸ ਪੈ ਜਾਣ ਕਾਰਨ ਫਾਟਕ ਲੰਮਾ ਸਮਾਂ ਤੱਕ ਬੰਦ ਰਿਹਾ। ਇਸ ਕਾਰਨ ਮਾਲੇਰਕੋਟਲਾ ਸਬਜ਼ੀ ਮੰਡੀ ਵੱਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਤਪਦੀ ਗਰਮੀ ਵਿੱਚ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਅਤੇ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ, ਬਿੱਕਰ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ ਅਤੇ ਪਵਨਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਮਾਲੇਰਕੋਟਲਾ ਸਬਜ਼ੀ ਮੰਡੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਰੇਲ ਗੱਡੀ ਲੰਘਣ ਤੋਂ ਬਾਅਦ ਫਾਟਕ ਤਕਨੀਕੀ ਖ਼ਰਾਬੀ ਕਾਰਨ ਨਹੀਂ ਖੁੱਲ੍ਹਿਆ। ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਫਾਟਕ ਨਾ ਖੁੱਲਿਆ ਰਾਹਗੀਰਾਂ ਨੇ ਆਪ ਫਾਟਕ ਖੋਲਿਆ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਇਲਾਕਾ ਵਾਸੀਆਂ ਨੇ ਦੱਸਿਆ ਕਿ ਫਾਟਕ ਵਿੱਚ ਇਸ ਤਰ੍ਹਾਂ ਦੀ ਤਕਨੀਕੀ ਸਮੱਸਿਆ ਪਹਿਲਾਂ ਵੀ ਪੈਦਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਫਾਟਕ ਬੰਦ ਰਹਿਣ ਕਾਰਨ ਰਾਹਗੀਰਾਂ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਖ਼ਾਸ ਕਰਕੇ ਐਂਬੂਲੈਂਸ ਨੂੰ ਫਾਟਕ ਬੰਦ ਹੋਣ ਦੀ ਸੂਰਤ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਨੌਧਰਾਣੀ-ਬੁਰਜਵਾਲਾ ਰੇਲਵੇ ਫਾਟਕ ਨੇੜੇ ਅੰਡਰਬ੍ਰਿਜ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਅਨੁਸਾਰ ਅੰਡਰਬ੍ਰਿਜ ਬਣਨ ਨਾਲ ਰੇਲਵੇ ਫਾਟਕ ’ਤੇ ਆਵਾਜਾਈ ਦਾ ਦਬਾਅ ਘਟੇਗਾ ਅਤੇ ਲੋਕਾਂ ਨੂੰ ਰੋਜ਼ਾਨਾ ਲੱਗਣ ਵਾਲੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਨੌਧਰਾਣੀ-ਬੁਰਜਵਾਲਾ ਰੇਲਵੇ ਫਾਟਕ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਇੱਥੇ ਅੰਡਰਬ੍ਰਿਜ ਦੀ ਉਸਾਰੀ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।