ਮੰਦਰ ’ਚ ਮਹਾਸ਼ਿਵਰਤਰੀ ਸਬੰਧੀ ਮੇਲਾ ਸ਼ੁਰੂ
ਸ਼ਰਧਾਲੂਆਂ ਦੀ ਸ਼ਰਧਾਂ ਹੈ ਕਿ ਭੋਲੇ ਸ਼ੰਕਰ ਨਲਾਸ ਵਿੱਚ ਜਾਂ ਕੈਲਾਸ਼ ਵਿੱਚ
Publish Date: Sat, 14 Feb 2026 04:58 PM (IST)
Updated Date: Sat, 14 Feb 2026 05:00 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪਿੰਡ ਨਲਾਸ ’ਚ ਉੱਤਰੀ ਭਾਰਤ ਦੇ ਕਰੀਬ 554 ਸਾਲ ਪੁਰਾਣੇ ਹਿੰਦੂ ਧਾਰਮਿਕ ਪ੍ਰਾਚੀਨ ਇਤਿਹਾਸਕ ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਮੰਦਰ ’ਚ ਮਹਾਸ਼ਿਵਰਾਤਰੀ ਸਬੰਧੀ 3 ਦਿਨਾਂ ਸ਼ਿਵਰਾਤਰੀ ਮੇਲਾ 14 ਫਰਵਰੀ 2026 ਤੋਂ ਸ਼ੁਰੂ ਹੋ ਗਿਆ ਹੈ ਤੇ 15 ਫਰਵਰੀ 2026 ਨੂੰ ਮਹਾਸ਼ਿਵਰਾਤਰੀ ਦਾ ਦਿਹਾੜਾ ਹੈ ਤੇ 16 ਫਰਵਰੀ 2025 ਤਕ ਸ਼ਰਧਾਲੂਆਂ ਦਾ ਨਤਮਸਤਕ ਹੋਣ ਲਈ ਆਉਣਾ ਜਾਰੀ ਰਹੇਗਾ। ਸ਼ਰਧਾਲੂਆਂ ’ਚ ਇਹ ਸ਼ਰਧਾ ਹੈ ਕਿ ਸ਼ਿਵ ਕੈਲਾਸ਼ ਵਿੱਚ ਜਾਂ ਫਿਰ ਨਲਾਸ ਵਿੱਚ ਹਨ। ਇਸ ਸ਼ਰਧਾ ਨੂੰ ਲੈ ਕੇ ਹਰੇਕ ਸਾਲ ਲੱਖਾਂ ਦੀ ਸੰਖਿਆਂ ’ਚ ਸ਼ਰਧਾਲੂ ਦੇਸ਼ਾ-ਵਿਦੇਸ਼ਾਂ ਤੇ ਦੂਰ-ਦੂਰਾਡੇ ਤੋਂ ਪੈਦਲ ਤੇ ਵਾਹਨਾਂ ਰਾਹੀਂ ਇੱਥੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਇਸ ਸਥਾਨ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਕੀ ਹੈ ਇਸ ਮੰਦਰ ਦਾ ਧਾਰਮਿਕ ਇਤਿਹਾਸ : ਮੰਨਣਾ ਹੈ ਕਿ ਪਿੰਡ ਨਲਾਸ ਦੀ ਇਸ ਥਾਂ ’ਤੇ ਕਿਸੇ ਵੀ ਸ਼ਰਧਾਲੂ ਦੁਆਰਾ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਗਿਆ ਸਗੋਂ ਇੱਥੇ ਧਰਤੀ ਵਿਚੋਂ ਹੀ ਸ਼ਿਵਲਿੰਗ ਪ੍ਰਗਟ ਹੋਇਆ ਸੀ। ਪੁਰਾਣੇ ਸਮੇਂ ’ਚ ਇੱਥੇ ਜੰਗਲ ਹੁੰਦਾ ਸੀ ਤੇ ਇੱਥੇ ਕੁਝ ਗੁੱਜਰਾਂ ਦੇ ਘਰ ਸਨ। ਜਿਨ੍ਹਾਂ ਕੋਲ ਗਊਆਂ ਰੱਖੀਆਂ ਹੋਈਆਂ ਸਨ ਤੇ ਇਨ੍ਹਾਂ ਗਊਆਂ ਵਿਚੋਂ ਇੱਕ ਕਪਿਲਾ ਗਾਂ ਸੀ, ਜਿਹੜੀ ਜਦੋਂ ਰੋਜ਼ਾਨਾ ਜੰਗਲ ’ਚ ਘਾਹ ਚਰਨ ਲਈ ਜਾਂਦੀ ਸੀ ਤਾਂ ਵਾਪਸੀ ਸਮੇਂ ਝਾੜੀਆਂ ਦੇ ਪਿੱਛੇ ਗਾਂ ਦੇ ਥਣਾਂ ਵਿਚੋਂ ਆਪਣੇ ਆਪ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਥਣ ਖਾਲੀ ਹੋਣ ਉਪਰੰਤ ਗਾਂ ਘਰ ਆ ਜਾਂਦੀ। ਇੱਕ ਦਿਨ ਕਪਿਲਾ ਗਾਂ ਦੇ ਮਾਲਕ ਗੁਜ਼ਰ ਨੇ ਗੁੱਸੇ ’ਚ ਆ ਕੇ ਝਾੜੀਆਂ ਦੀ ਖੁਦਾਈ ਸ਼ੁਰੂ ਕਰ ਦਿੱਤੀ। ਇਸ ਖੁਦਾਈ ਕਰਨ ਸਮੇਂ ਜਦੋਂ ਧਰਤੀ ਹੇਠਾਂ ਸ਼ਿਵਲਿੰਗ ’ਤੇ ਕਹੀ ਵੱਜੀ ਤਾਂ ਉਸ ਵਿਚੋਂ ਖੂਨ ਦੀ ਧਾਰ ਨਿਕਲੀ ਤੇ ਉੱਥੇ ਸਾਰੇ ਇਕੱਤਰ ਲੋਕਾਂ ਨੇ ਇਸ ਨੂੰ ਦੇਖਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਬੜ ਦੇ ਦਰੱਖਤ ਦੇ ਥੱਲੇ ਸਵਾਮੀ ਕਰਮ ਗਿਰੀ ਜੀ ਤਪੱਸਿਆ ਕਰ ਰਹੇ ਸਨ ਤੇ ਉਨ੍ਹਾਂ ਦੀ ਤਪੱਸਿਆ ਭੰਗ ਹੋ ਗਈ। ਦੂਜੇ ਪਾਸੇ ਮਹਾਰਾਜਾ ਘਰਾਣਾ ਪਟਿਆਲਾ ਦੇ ਰਾਜ ਕੁਮਾਰ ਮਹਾਰਾਜ਼ਾ ਕਰਮ ਸਿੰਘ ਨੂੰ ਸੁਪਨੇ ’ਚ ਭਗਵਾਨ ਸ਼ਿਵ ਨੇ ਦਰਸ਼ਨ ਦਿੱਤੇ ਤੇ ਕਿਹਾ ਕਿ ਤੇਰੇ ਰਾਜ ’ਚ ਮੇਰਾ ਅਪਮਾਨ ਹੋ ਰਿਹਾ ਹੈ। ਮਹਾਰਾਜਾ ਨੇ ਪੁੱਛਿਆ ਕਿ ਕਿੱਥੇ ਅਪਮਾਨ ਹੋ ਰਿਹਾ ਹੈ ਤਾਂ ਉੱਤਰ ਮਿਲਿਆ ਕਿ ਜਿੱਥੇ ਤੇਰਾ ਹਾਥੀ ਰੁਕੇਗਾ, ਉੱਥੇ ਹੀ ਮੇਰਾ ਸਥਾਨ ਹੈ। ਸੁਪਨੇ ਅਨੁਸਾਰ ਮਹਾਰਾਜਾ ਨੇ ਆਪਣੇ ਹਾਥੀ ਨੂੰ ਬਿਨਾਂ ਮਹਾਵਤ ਦੇ ਖੁੱਲਾ ਛੱਡ ਦਿੱਤਾ। ਹਾਥੀ ਪਿੰਡ ਨਲਾਸ ’ਚ ਸਥਿਤ ਝਾੜੀਆਂ ਦੇ ਨੇੜੇ ਰੁਕ ਗਿਆ ਤੇ ਝਾੜੀਆਂ ਦੇ ਦੁਆਲੇ ਪਰਿਕਰਮਾ ਕਰਨ ਲੱਗ ਪਿਆ। ਮਹਾਰਾਜਾ ਨੇ ਪਿੰਡ ਨਲਾਸ ਦੇ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਮੰਗੀ। ਇਸ ਸਮੇਂ ਕਪਿਲਾ ਗਾਂ ਦੇ ਥਣਾਂ ਵਿਚੋਂ ਆਪਣੇ ਆਪ ਦੁੱਧ ਦੀਆਂ ਧਾਰਾਂ ਨਿਕਦੀਆਂ ਦੇਖ ਮਹਾਰਾਜਾ ਸਾਹਿਬ ਨੇ ਭਗਵਾਨ ਸ਼ਿਵ ਜੀ ਤੋਂ ਮਾਫ਼ੀ ਮੰਗੀ ਤੇ ਇਸ ਧਰਤੀ ਹੇਠਾਂ ਤੋਂ ਪ੍ਰਗਟ ਹੋਏ ਸ਼ਿਵਲਿੰਗ ਵਾਲੀ ਥਾਂ ’ਤੇ ਮੰਦਰ ਦੀ ਸਥਾਪਨਾ ਦਾ ਕਾਰਜ ਸ਼ੁਰੂ ਕਰਵਾਇਆ। ਇਸ ਸਮੇਂ ਪ੍ਰਾਚੀਨ ਸ਼ਿਵ ਮੰਦਰ ’ਚ ਮੌਜੂਦਾ ਮਹੰਤ ਲਾਲ ਗਿਰੀ ਜੀ ਮਹਾਰਾਜ ਦੀ ਦੇਖ-ਰੇਖ ਹੇਠ ਮੰਦਰ ਦਾ ਵਿਕਾਸ ਕਾਰਜ ਚੱਲ ਰਿਹਾ ਹੈ। ਮੰਦਰ ਦੇ ਬਾਹਰ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ 65 ਫੁੱਟ ਉੱਚੀ ਮੂਰਤੀ ਅਤੇ ਮੰਦਰ ਦੇ ਅਹਾਤੇ ਅੰਦਰ 114 ਫੁੱਟ ਉੱਚਾ ਤ੍ਰਿਸ਼ੂਲ ਵੀ ਖੜ੍ਹਾ ਕੀਤਾ ਗਿਆ ਹੈ। ਜਿਸ ਦੇ ਮੂਹਰੇ ਭਾਰਤ ਦੇਸ਼ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀ ਭਰ ਕੇ ਨਤਮਸਤਕ ਹੁੰਦੀਆਂ ਹਨ। ਇਸ ਸ਼ਿਵਲਿੰਗ ਵਾਲੀ ਥਾਂ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ 108 ਫੁੱਟ ਉੱਚਾ ਵਿਸ਼ਾਲ ਗੁੰਬਦ ਬਣ ਚੁੱਕਿਆ ਹੈ। ਇੱਥੇ ਹੀ ਵੱਡਾ ਲੰਗਰ ਹਾਲ ਤੇ ਸਰੋਵਰ ਵੀ ਬਣਾਇਆ ਹੋਇਆ ਹੈ। ਪਿੰਡ ਨਲਾਸ ਕਲਾਂ ਅਤੇ ਨਲਾਸ ਖੁਰਦ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਮੱਥਾ ਟੇਕਣ ਲਈ ਪਹੁੰਚਦੀ ਸੰਗਤਾਂ ਲਈ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸ ਤਰ੍ਹਾਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਰਸਤੇ ਵਿੱਚ ਥਾਂ-ਥਾਂ ’ਤੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਸੰਗਤਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਕ੍ਰਿਪਾਲ ਸਿੰਘ ਮੋਹੀ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਥਾਣਾ ਸਦਰ ਪੁਲਿਸ ਟੀਮ ਵਿਸ਼ੇਸ਼ ਤੌਰ ’ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਏਗੀ ਤੇ ਬਾਹਰ ਤੋਂ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ।