ਪਟਿਆਲਾ ਵਿਖੇ 4 ਰੋਜ਼ਾ ਕੌਮੀ ਕਾਨਫਰੰਸ ਨੈੱਟਕਾਨ-2026 ਸੰਪੰਨ ਪਟਿਆਲਾ ਵਿਖੇ 4 ਰੋਜ਼ਾ ਕੌਮੀ ਕਾਨਫਰੰਸ ਨੈੱਟਕਾਨ-2026 ਸੰਪੰਨ
Publish Date: Sun, 04 Oct 2026 06:13 PM (IST)
Updated Date: Sun, 04 Oct 2026 06:14 PM (IST)
- ਫੇਫੜਿਆਂ ਦੇ ਕੈਂਸਰ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਤੇ ਇਲਾਜ ਜ਼ਰੂਰੀ: ਡਾ. ਅਨੰਤ ਮੋਹਨ ਫੋਟੋ 04ਪੀਟੀਐੱਲ-35 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਟੀਬੀ ਤੇ ਛਾਤੀ ਦੀਆਂ ਬਿਮਾਰੀਆਂ ਸਬੰਧੀ 81ਵੀਂ ਕੌਮੀ ਕਾਨਫਰੰਸ (ਨੈੱਟਕਾਨ 2026) ਅੱਜ ਪਟਿਆਲਾ ਵਿਖੇ ਸਫ਼ਲਤਾਪੂਰਵਕ ਸੰਪੰਨ ਹੋ ਗਈ। ਕਾਨਫਰੰਸ ਦੇ ਸਮਾਪਤੀ ਦੇ ਮੌਕੇ ਦੇਸ਼ ਭਰ ਤੋਂ ਪਹੁੰਚੇ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਮਾਹਿਰਾਂ, ਡਾਕਟਰਾਂ, ਖੋਜਕਰਤਾਵਾਂ ਅਤੇ ਸਿਹਤ ਮਾਹਿਰਾਂ ਨੇ ਸਾਹ ਦੀਆਂ ਬਿਮਾਰੀਆਂ, ਖਾਸ ਕਰਕੇ ਫੇਫੜਿਆਂ ਦੇ ਕੈਂਸਰ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ’ਤੇ ਵਧੇਰੇ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪਲਮੋਨਰੀ ਮੈਡੀਸਨ ਵਿਭਾਗ ਵੱਲੋਂ ਪੰਜਾਬ ਸਟੇਟ ਟੀਬੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਅਤੇ ਟੀਬੀ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕਰਵਾਏ ਗਈ ਚਾਰ ਰੋਜ਼ਾ ਨੈੱਟਕਾਨ-2026 ਕਾਨਫਰੰਸ ’ਚ ਦੇਸ਼ ਭਰ ਤੋਂ 500 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ, ਨੈੱਟਕਾਨ-2026 ਅਤੇ ਮੈਡੀਕਲ ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਡਾ. ਵਿਸ਼ਾਲ ਚੋਪੜਾ ਅਤੇ ਆਰਗੇਨਾਈਜ਼ਿੰਗ ਕਮੇਟੀ ਦੇ ਸਕੱਤਰ ਡਾ. ਕ੍ਰਾਂਤੀ ਗਰਗ ਨੇ ਕਿਹਾ ਕਿ ਪਟਿਆਲਾ ਵਿਚ ਕੌਮੀ ਪੱਧਰ ਦੀ ਇਸ ਕਾਨਫਰੰਸ ਦਾ ਖੇਤਰ ਦੇ ਮੈਡੀਕਲ ਭਾਈਚਾਰੇ ਲਈ ਇਕ ਮਹੱਤਵਪੂਰਨ ਉਪਲੱਬਧੀ ਹੈ। ਕਾਨਫਰੰਸ ਦੇ ਅੱਜ ਆਖ਼ਰੀ ਦਿਨ ਆਪਣੇ ਸੰਬੋਧਨ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ) ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅਨੰਤ ਮੋਹਨ ਨੇ ਕਿਹਾ ਕਿ ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਦਾ ਵਧ ਰਿਹਾ ਬੋਝ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫੇਫੜਿਆਂ ਦਾ ਕੈਂਸਰ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨਾਲ-ਨਾਲ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਵਿੱਚ ਵੀ ਪਾਇਆ ਜਾ ਰਿਹਾ ਹੈ। ਸਿਗਰਟਨੋਸ਼ੀ ਅਤੇ ਵਧਦੀ ਉਮਰ ਇਸ ਦੇ ਮੁੱਖ ਜੋਖ਼ਮ ਕਾਰਣਾਂ ਵਿਚ ਸ਼ਾਮਲ ਹਨ। ਦੇਰ ਨਾਲ ਪਛਾਣ ਹੋਣ ਕਾਰਨ ਕੈਂਸਰ ਅਕਸਰ ਅਗਲੇ ਪੜਾਅ ’ਤੇ ਪਹੁੰਚ ਜਾਂਦਾ ਹੈ। ਡਾ. ਮੋਹਨ ਨੇ ਚੇਤਾਵਨੀ ਦਿੱਤੀ ਕਿ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਵੀ ਧੂੰਏਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਨੇ ਲੋਕਾਂ ਵਿਚ ਜੋਖ਼ਮ ਕਾਰਕਾਂ ਬਾਰੇ ਜਾਗਰੂਕਤਾ ਵਧਾਉਣ, ਤੰਬਾਕੂ ’ਤੇ ਕੰਟਰੋਲ, ਸਾਫ਼ ਹਵਾ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਜੋਖ਼ਮ ਵਾਲੇ ਵਿਅਕਤੀਆਂ, ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਅਤੇ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਆਪਣੇ ਡਾਕਟਰ ਨਾਲ ਫੇਫੜਿਆਂ ਦੇ ਕੈਂਸਰ ਦੀ ਜਾਂਚ ਬਾਰੇ ਸਲਾਹ ਕਰਨੀ ਚਾਹੀਦੀ ਹੈ। ਡਾ. ਮੋਹਨ ਨੇ ਕਿਹਾ ਕਿ ਫੇਫੜਿਆਂ ਦੇ ਕੈਂਸਰ ਨਾਲ ਨਜਿੱਠਣ ਲਈ ਤੰਬਾਕੂ ’ਤੇ ਕੰਟਰੋਲ, ਦੂਜਿਆਂ ਦੇ ਧੂੰਏਂ ਤੋਂ ਬਚਾਅ, ਹਵਾ ਦੀ ਗੁਣਵੱਤਾ ਵਿੱਚ ਸੁਧਾਰ, ਜੀਵਨ-ਸ਼ੈਲੀ ਵਿੱਚ ਸੁਧਾਰ, ਲੋਕਾਂ ਵਿੱਚ ਜਾਗਰੂਕਤਾ ਅਤੇ ਉੱਚ-ਜੋਖ਼ਮ ਵਾਲੇ ਵਿਅਕਤੀਆਂ ਦੀ ਢੁਕਵੀਂ ਜਾਂਚ ਸਮੇਤ ਬਹੁਪੱਖੀ ਰਣਨੀਤੀ ਅਪਣਾਉਣ ਦੀ ਲੋੜ ਹੈ। ਪਹਿਲੀ ਵਾਰ ਪਟਿਆਲਾ ਵਿੱਚ ਕਰਵਾਈ ਗਈ ਇਸ ਕਾਨਫਰੰਸ ਨੇ ਮਾਹਿਰਾਂ ਅਤੇ ਸਿਹਤ ਪੇਸ਼ੇਵਰਾਂ ਨੂੰ ਟੀਬੀ, ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਦੇ ਕੈਂਸਰ ਅਤੇ ਹੋਰ ਪਲਮੋਨਰੀ ਬਿਮਾਰੀਆਂ ਸਬੰਧੀ ਨਵੀਆਂ ਤਰੱਕੀਆਂ ਅਤੇ ਉਭਰ ਰਹੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ।