Nabha News : ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਿਆਂ ਦਾ ਪਿੰਡ ਬਾਬਰਪੁਰ ਦੇ ਲੋਕਾਂ ਨੇ ਕੀਤਾ ਬਾਈਕਾਟ ਦਾ ਐਲਾਨ, ਮਤਾ ਪਾਸ
ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਬਾਬਰਪੁਰ ਵਿਖੇ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਮਤਾ ਪਾਇਆ ਗਿਆ ਹੈ ਕਿ ਪਿੰਡ ਦੇ ਜੋ ਨੌਜਵਾਨ ਮੁੰਡੇ ਕੁੜੀਆਂ ਆਪਣੇ ਘਰੋਂ ਭੱਜ ਕੇ ਵਿਆਹ ਕਰਵਾਉਣਗੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ ਤੇ ਕੋਈ ਵੀ ਵਿਅਕਤੀ ਉਨ੍ਹਾਂ ਦੀ ਹਮਾਇਤ ਨਹੀਂ ਕਰੇਗਾ।
Publish Date: Tue, 31 Mar 2026 06:13 PM (IST)
Updated Date: Tue, 31 Mar 2026 06:16 PM (IST)
ਅਮਨਦੀਪ ਸਿੰਘ ਲਵਲੀ•ਪੰਜਾਬੀ ਜਾਗਰਣ•ਨਾਭਾ : ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਬਾਬਰਪੁਰ ਵਿਖੇ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਮਤਾ ਪਾਇਆ ਗਿਆ ਹੈ ਕਿ ਪਿੰਡ ਦੇ ਜੋ ਨੌਜਵਾਨ ਮੁੰਡੇ ਕੁੜੀਆਂ ਆਪਣੇ ਘਰੋਂ ਭੱਜ ਕੇ ਵਿਆਹ ਕਰਵਾਉਣਗੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ ਤੇ ਕੋਈ ਵੀ ਵਿਅਕਤੀ ਉਨ੍ਹਾਂ ਦੀ ਹਮਾਇਤ ਨਹੀਂ ਕਰੇਗਾ।
ਪਿੰਡ ਦੇ ਸਰਪੰਚ ਚਮਕੌਰ ਸਿੰਘ ,ਕਿਸਾਨ ਆਗੂ ਗਮਦੂਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਕਿਸਾਨ ਆਗੂ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤਕਰੀਬਨ ਪਿਛਲੇ ਦੋ ਸਾਲਾਂ ਤੋਂ ਪਿੰਡ ਦੇ ਮੁੰਡੇ ਕੁੜੀਆਂ ਘਰੋਂ ਭੱਜ ਕੇ ਵਿਆਹ ਕਰਵਾ ਰਹੇ ਹਨ ਅਤੇ ਇਹ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ, ਜਿਸ ਕਾਰਨ ਪਿੰਡ ਦੀ ਬਦਨਾਮੀ ਹੋ ਰਹੀ ਹੈ ਅਤੇ ਬੱਚਿਆਂ ’ਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।
ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੂੰ ਆਪਣੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਨ ਵਿੱਚ ਵੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇਹ ਮਤਾ ਪਾਇਆ ਗਿਆ ਕਿ ਜੇਕਰ ਪਿੰਡ ਦੇ ਮੁੰਡੇ ਕੁੜੀ ਕੋਈ ਵੀ ਭੱਜ ਕੇ ਵਿਆਹ ਕਰਾਵੇਗਾ ਤਾਂ ਉਨਾਂ ਦਾ ਸਮੁੱਚਾ ਪਿੰਡ ਅਤੇ ਪੰਚਾਇਤ ਸਮਾਜਿਕ, ਕਾਨੂੰਨੀ ਅਤੇ ਆਰਥਿਕ ਤੌਰ ’ਤੇ ਬਾਈਕਾਟ ਕਰੇਗੀ ਅਤੇ ਜੇਕਰ ਉਨਾਂ ਦਾ ਪਰਿਵਾਰਿਕ ਮੈਂਬਰ ਜਾ ਕੋਈ ਪਿੰਡ ਵਾਸੀ ਜਾਂ ਹੋਰ ਕੋਈ ਮੈਂਬਰ ਕਿਸੇ ਵੀ ਤਰ੍ਹਾਂ ਦੀ ਮਦਦ ਕਰਦਾ ਹੈ ਤਾਂ ਉਨਾਂ ਦਾ ਵੀ ਪਿੰਡ ਅਤੇ ਪੰਚਾਇਤ ਵੱਲੋਂ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਪਾਇਆ ਗਿਆ ਮਤਾ ਵੱਡੀ ਗਿਣਤੀ ’ਚ ਹਾਜ਼ਰ ਪਿੰਡ ਵਾਸੀਆਂ ਨੂੰ ਪੰਚਾਇਤ ਸੈਕਟਰੀ ਵੱਲੋਂ ਪੜ੍ਹ ਕੇ ਸੁਣਾਇਆ ਗਿਆ, ਜਿਸਦੀ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ।