ਬੂਰੜ ਦੇ ਸਰਪੰਚ ਦੇ ਪਤੀ ਤੇ ਕਾਤਲਾਨਾ ਹਮਲਾ, ਸਰਪੰਚ 'ਚ ਭਾਰੀ ਰੋਸ ਬੂਰੜ ਦੇ ਸਰਪੰਚ ਦੇ ਪਤੀ ਤੇ ਕਾਤਲਾਨਾ ਹਮਲਾ, ਸਰਪੰਚ 'ਚ ਭਾਰੀ ਰੋਸ
Publish Date: Tue, 24 Nov 2026 06:30 PM (IST)
Updated Date: Tue, 24 Nov 2026 06:31 PM (IST)
ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਬਲਾਕ ਪਾਤੜਾਂ ਅਧੀਨ ਆਉਂਦੇ ਪਿੰਡ ਬੂਰੜ ਦੀ ਸਰਪੰਚ ਦੇ ਪਤੀ ’ਤੇ ਸੋਮਵਾਰ ਸ਼ਾਮ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਤਲਵਾਰਾਂ ਨਾਲ ਕੀਤੇ ਗਏ ਕਾਤਲਾਨਾ ਹਮਲੇ ’ਚ ਸਰਪੰਚ ਦਾ ਪਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਸਰਪੰਚ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੇ ਜਾਣ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਕਰਮਚਾਰੀਆਂ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਪੰਚਾਂ ਨੇ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਰਾਤ ਗਲੀ ਵਿੱਚ ਖੜ੍ਹਾ ਸੀ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਆ ਕੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸਨੇ ਆਪਣੀ ਕੁੱਛੜ ਬੱਚਾ ਚੁੱਕਿਆ ਹੋਇਆ ਸੀ। ਉਕਤ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਸਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਹਮਲਾਵਰ ਨੇ ਉਸ ’ਤੇ ਤਲਵਾਰ ਨਾਲ ਕਈ ਵਾਰ ਕਰ ਦਿੱਤੇ, ਜਿਸ ਨਾਲ ਉਸਦੇ ਬਾਂਹ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਹਸਪਤਾਲ ਵਿੱਚ ਪੁੱਜੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਬਚਿੱਤਰ ਸਿੰਘ ਹਰਿਆਊ, ਤਲਵਿੰਦਰ ਸਿੰਘ ਸਰਪੰਚ ਮੌਲਵੀਵਾਲਾ, ਜੁਗਨ ਸੇਖੋ ਸਰਪੰਚ ਦਿਓਗੜ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਪਰਿਵਾਰਕ ਝਗੜੇ ਦਾ ਸਰਪੰਚ ਨੇ ਫੈਸਲਾ ਕਰਵਾਇਆ ਸੀ, ਜਿਸ ਨੂੰ ਲੈ ਕੇ ਉਕਤ ਵਿਅਕਤੀ ਵੱਲੋਂ ਸਰਪੰਚ ਦੇ ਪਰਿਵਾਰ ਉੱਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਦਾ ਮੋਹਤਬਰ ਵਿਅਕਤੀ ਹੀ ਸੁਰੱਖਿਅਤ ਨਹੀਂ ਤਾਂ ਆਮ ਬੰਦਾ ਕਿਵੇਂ ਸੁਰੱਖਿਅਤ ਹੋ ਸਕਦਾ ਹੈ। ਇਸ ਦੌਰਾਨ ਸਰਪੰਚਾਂ ਨੇ ਰੋਸ ਜ਼ਾਹਿਰ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਵਿੱਚ ਕਈ ਪਿੰਡਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਵਿੱਚ ਸਰਪੰਚਾਂ ਜਾਂ ਹੋਰ ਮੋਹਤਬਰ ਵਿਅਕਤੀਆਂ ’ਤੇ ਹਮਲੇ ਹੋ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਪੰਚ ’ਤੇ ਹਮਲੇ ਦੇ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਉਹ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਖਾਸਪੁਰ ਖੁਸ਼ਪਾਲ ਸਿੰਘ, ਬਿਕਰਮਜੀਤ ਸਿੰਘ ਡਰੋਲੀ ਜਸਵੀਰ ਸਿੰਘ ਸਰਪੰਚ ਤੰਬੂ ਵਾਲਾ ਕਵਲਜੀਤ ਸਿੰਘ ਸਰਪੰਚ ਲਾਲਵਾ ਚਮਕੌਰ ਸਿੰਘ ਹੈਪੀ ਸਰਪੰਚ, ਸਰਪੰਚ ਗੱਜਣ ਸਿੰਘ ਹਰਿਆਊ, ਸਰਪੰਚ ਗੁਰਮੀਤ ਸਿੰਘ ਬੂਰੜ, ਕਾਲਾ ਹਰਿਆਊ ਕਲਾਂ ਅਤੇ ਕਰਨ ਜਿਉਣਪੁਰਾ ਆਦਿ ਹਾਜ਼ਰ ਸਨ।