ਨਿਗਮ ਚੋਣਾਂ : ਸੁਪਰੀਮ ਕੋਰਟ ਦੀ ਜਾਂਚ ਕਮੇਟੀ ਨੇ ਰਿਪੋਰਟ ਕੀਤੀ ਪੇਸ਼ ਨਿਗਮ ਚੋਣਾਂ : ਸੁਪਰੀਮ ਕੋਰਟ ਦੀ ਜਾਂਚ ਕਮੇਟੀ ਨੇ ਰਿਪੋਰਟ ਕੀਤੀ ਪੇਸ਼
Publish Date: Mon, 17 Aug 2026 07:11 PM (IST)
Updated Date: Mon, 17 Aug 2026 07:15 PM (IST)
--ਭਾਜਪਾ ਦਾ ਦਾਅਵਾ : ਮੁੜ ਹੋਣਗੀਆਂ ਕਈ ਵਾਰਡਾਂ ਦੀਆਂ ਚੋਣਾਂ ਫੋਟੋ : 17ਪੀਟੀਐਲ : 52,53 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਜਨਤਾ ਪਾਰਟੀ ਨੇ ਪਟਿਆਲਾ ਨਗਰ ਨਿਗਮ ਚੋਣਾਂ ਦੇ ਮਾਮਲੇ ’ਚ ਕਾਨੂੰਨੀ ਲੜਾਈ ਦੌਰਾਨ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਤੇ ਲੋਕਤੰਤਰ ਵਿਚ ਆਮ ਲੋਕਾਂ ਦਾ ਵਿਸ਼ਵਾਸ ਬਹਾਲ ਹੋਇਆ ਹੈ, ਨਾਮਜ਼ਦਗੀ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਔਰਤਾਂ ਨਾਲ ਧੱਕੇਸ਼ਾਹੀ ਕੀਤੀ ਗਈ, ਫਾਰਮ ਫਾੜੇ ਗਏ ਅਤੇ ਬਦਸਲੂਕੀ ਕਰਦਿਆਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਸਾਡੀ ਆਵਾਜ਼ ਸੁਣੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਫੈਕਟ ਫਾਈਂਡਿੰਗ ਕਮੇਟੀ ਦੇ ਇਨ੍ਹਾਂ ਹੈਰਾਨਕੁਨ ਤੱਥਾਂ ਤੋਂ ਬਾਅਦ ਹੁਣ ਪੂਰੀ ਉਮੀਦ ਹੈ ਕਿ ਅਦਾਲਤ ਵੱਲੋਂ ਇਨ੍ਹਾਂ ਹੇਰਾਫੇਰੀਆਂ ਦਾ ਗੰਭੀਰ ਨੋਟਿਸ ਲਿਆ ਜਾਵੇਗਾ। ਧੱਕੇਸ਼ਾਹੀ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਹੇਰਾਫੇਰੀ ਕਰਕੇ ਬਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਤੁਰੰਤ ਬਰਖਾਸਤ ਕੀਤਾ ਜਾਵੇਗਾ ਤੇ ਪਟਿਆਲਾ ਨਿਗਮ ਦੀਆਂ ਚੋਣਾਂ ਨਿਰਪੱਖ ਤਰੀਕੇ ਨਾਲ ਦੁਬਾਰਾ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਨੇ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਇਸ ਮਾਮਲੇ ਨੂੰ ਮੋਹਰੀ ਹੋ ਕੇ ਅਦਾਲਤ ਵਿਚ ਉਠਾਇਆ ਅਤੇ ਪਾਰਟੀ ਦੇ ਹੱਕ ਵਿਚ ਇਹ ਅਹਿਮ ਪੜਾਅ ਹਾਸਲ ਕੀਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਨੇ ਦਾਅਵਾ ਕੀਤਾ ਕਿ ਰਿਪੋਰਟ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਕਿ ਵਾਰਡ ਨੰਬਰ 01, 12, 32, 33, 36, 41, 43, 44, 45, 48, 50, 51 ਤੇ 52 ਵਿਚ ਨਾਮਜ਼ਦਗੀ ਪੱਤਰ ਕਥਿਤ ਤੌਰ ਤੇ ਜ਼ਬਰਦਸਤੀ ਰੋਕੇ ਗਏ ਜਾਂ ਗਲਤ ਢੰਗ ਨਾਲ ਰੱਦ ਕੀਤੇ ਗਏ, ਤਾਂ ਜੋ ਸੱਤਾਧਿਰ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਲਾਭ ਪਹੁੰਚਾਇਆ ਜਾ ਸਕੇ। ਵਿਜੇ ਕੂਕਾ ਨੇ ਕਿਹਾ ਕਿ ਵਾਰਡ ਨੰਬਰ 04, 06, 14, 16, 22, 26, 28, 37, 38, 40, 46, 53, 55 ਅਤੇ 57 ਵਿੱਚ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ। ਇਸ ਦੇ ਬਾਵਜੂਦ ਇਨ੍ਹਾਂ ਵਾਰਡਾਂ ਵਿਚ ਚੋਣ ਅਮਲ ਪੂਰਾ ਕੀਤਾ ਗਿਆ। ਭਾਜਪਾ ਪ੍ਰਧਾਨ ਨੇ ਕਿਹਾ ਕਿ ਵਾਰਡ ਨੰਬਰ 15 ਅਤੇ 58 ਵਿਚ ਵੱਡੇ ਪੱਧਰ ਤੇ ਜਾਅਲੀ ਵੋਟਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਇਕੱਲੇ ਵਾਰਡ ਨੰਬਰ 58 ਵਿੱਚੋਂ ਅਜਿਹੇ ਵੱਡੀ ਗਿਣਤੀ ਮਾਮਲੇ ਸਾਹਮਣੇ ਆਏ ਹਨ। ਭਾਜਪਾ ਦਾ ਦਾਅਵਾ ਹੈ ਕਿ ਵਾਰਡ ਨੰਬਰ 34 ਵਿਚ 25 ਜਾਅਲੀ ਵੋਟਾਂ ਦੇ ਨਾਲ-ਨਾਲ 7 ਮ੍ਰਿਤਕ ਵਿਅਕਤੀਆਂ ਦੇ ਨਾਵਾਂ ਤੇ ਵੋਟਾਂ ਭੁਗਤਾਏ ਜਾਣ ਦਾ ਖੁਲਾਸਾ ਹੋਇਆ ਹੈ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਚੋਣਾਂ ਦੌਰਾਨ ਲੋਕਤੰਤਰੀ ਮਰਿਆਦਾਵਾਂ ਨੂੰ ਪਾਸੇ ਰੱਖ ਕੇ ਕੰਮ ਕੀਤਾ ਗਿਆ ਸੀ, ਪਰ ਹੁਣ ਜਾਂਚ ਕਮੇਟੀ ਦੀ ਰਿਪੋਰਟ ਰਾਹੀਂ ਸੱਚਾਈ ਅਦਾਲਤ ਦੇ ਸਾਹਮਣੇ ਆ ਚੁੱਕੀ ਹੈ।