ਨਗਰ ਕੌਂਸਲ ਦੀ ਮੁਨਾਦੀ ਬੇਅਸਰ, ਫੇਰ ਲੱਗਣ ਲੱਗੇ ਕੂੜੇ ਦੇ ਢੇਰ ਨਗਰ ਕੌਂਸਲ ਦੀ ਮੁਨਾਦੀ ਬੇਅਸਰ, ਫੇਰ ਲੱਗਣ ਲੱਗੇ ਕੂੜੇ ਦੇ ਢੇਰ
Publish Date: Sat, 18 Jul 2026 04:11 PM (IST)
Updated Date: Sun, 19 Jul 2026 04:01 AM (IST)
11ਵੇਂ ਦਿਨ ਵੀ ਸਫ਼ਾਈ ਕਾਮਿਆਂ ਦੀ ਹੜਤਾਲ ਜਾਰੀ ਰਹੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ੁੱਕਰਵਾਰ ਨੂੰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਕੂੜੇ ਦੇ ਢੇਰਾਂ ਦੀ ਸਫਾਈ ਕਰਵਾ ਦਿੱਤੀ ਸੀ ਅਤੇ ਮੁਨਾਦੀ ਕਰਕੇ ਲੋਕਾਂ ਨੂੰ ਸੜਕਾਂ ਤੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ, ਪ੍ਰੰਤੂ ਨਗਰ ਕੌਂਸਲ ਦੀ ਮੁਨਾਦੀ ਦਾ ਸ਼ਾਇਦ ਲੋਕਾਂ ਤੇ ਕੋਈ ਅਸਰ ਹੁੰਦਾ ਵਿਖਾਈ ਨਹੀ ਦੇ ਰਿਹਾ। ਸ਼ਨਿੱਚਰਵਾਰ ਦਿਨ ਚੜਦਿਆਂ ਹੀ ਫੇਰ ਤੋਂ ਸੜਕਾਂ ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ। ਦੂਜੇ ਪਾਸੇ, ਸਫਾਈ ਸੇਵਕਾਂ ਦੀ ਹੜਤਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਪਿਛਲੇ 10 ਦਿਨਾਂ ਤੋ ਕੰਮ ਛੱਡ ਹੜਤਾਲ ਤੇ ਹਨ। ਇਨ੍ਹਾਂ ਦਸ ਦਿਨਾਂ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜੇ ਦੇ ਵੱਡੇ ਢੇਰ ਲੱਗ ਗਏ ਸਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ। ਹਾਲਾਂਕਿ, ਵੀਰਵਾਰ ਨੂੰ ਨਗਰ ਕੌਂਸਲ ਨੇ ਆਪਣੇ ਤੌਰ ਤੇ ਸਫਾਈ ਕਰਵਾਉਣੀ ਸ਼ੁਰੂ ਕੀਤੀ ਤਾਂ ਹੜਤਾਲੀ ਸਫਾਈ ਸੇਵਕਾਂ ਨੇ ਇਸਦਾ ਵਿਰੋਧ ਕੀਤਾ ਅਤੇ ਵੱਡਾ ਹੰਗਾਮਾ ਖੜਾ ਹੋ ਗਿਆ। ਇਸ ਦੌਰਾਨ ਪੁਲਿਸ ਨੇ ਦਸ ਸਫਾਈ ਸੇਵਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ। ਹਾਲਾਂਕਿ, ਸ਼ਾਮ ਤੱਕ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਨਗਰ ਕੌਂਸਲ ਨੇ ਸਾਰੇ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਸਫਾਈ ਕਰਵਾ ਦਿੱਤੀ ਸੀ ਅਤੇ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰਾਂ ਤੋ ਇਕ ਵਾਰ ਰਾਹਤ ਮਿਲਦੀ ਨਜ਼ਰ ਆਈ। ਕੌਂਸਲ ਨੇ ਬਕਾਇਦਾ ਸ਼ਹਿਰ ਵਿੱਚ ਮੁਨਾਦੀ ਕਰਵਾਕੇ ਲੋਕਾਂ ਨੂੰ ਸੜਕਾਂ ਤੇ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ ਸੀ, ਪ੍ਰੰਤੂ ਲੋਕਾਂ ਨੇ ਇਸ ਅਪੀਲ ਨੂੰ ਦਰਕਿਨਾਰ ਕਰ ਦਿੱਤਾ ਅਤੇ ਸ਼ਨੀਵਾਰ ਨੂੰ ਹਾਲਾਤ ਪਹਿਲਾਂ ਵਰਗੇ ਬਣਦੇ ਵਿਖਾਈ ਦਿੱਤੇ। ਸਿਵਲ ਹਸਪਤਾਲ ਦੇ ਸਾਹਮਣੇ, ਰੈਸਟ ਹਾਊਸ ਦੇ ਨੇੜੇ, ਕਲੱਬ ਰੋਡ, ਐਕਸਚੇਜ ਰੋਡ, ਰਣਬੀਰ ਕਾਲਜ ਰੋਡ, ਨਾਭਾ ਗੇਟ ਅਤੇ ਹੋਰਨਾਂ ਥਾਵਾਂ ਤੇ ਦੁਬਾਰਾ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਸਫਾਈ ਸੇਵਕ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਜਦੋ ਤੱਕ ਉਨ੍ਹੰ ਦੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਜਾਂਦਾ, ਉਦੋ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਠੇਕੇਦਾਰੀ ਪ੍ਰਣਾਲੀ ਖ਼ਤਮ ਕੀਤੀ ਜਾਵੇ ਅਤੇ 10 ਸਾਲਾ ਨੀਤੀ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।