ਨਗਰ ਨਿਗਮ ਵੱਲੋਂ ਭਾਜਪਾ ਦੇ ਝੰਡੇ ਉਤਾਰੇ ਜਾਣ 'ਤੇ ਭੜਕੀ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ, ਮੌਕੇ 'ਤੇ ਰੋਕੀ ਨਿਗਮ ਦੀ ਗੱਡੀ
ਦੌਰੇ ਦੌਰਾਨ ਜੈ ਇੰਦਰ ਕੌਰ ਨੇ ਭਾਜਪਾ ਦੇ ਉਤਾਰੇ ਗਏ ਝੰਡਿਆਂ ਨਾਲ ਭਰੀ ਹੋਈ ਨਗਰ ਨਿਗਮ ਦੀ ਗੱਡੀ ਨੂੰ ਰਸਤੇ ’ਚ ਹੀ ਘੇਰ ਕੇ ਰੋਕ ਲਿਆ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਨਿਗਮ ਮੁਲਾਜ਼ਮਾਂ ਦੀ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ।
Publish Date: Mon, 24 Aug 2026 11:33 AM (IST)
Updated Date: Mon, 24 Aug 2026 11:37 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਸ਼ਹਿਰ ’ਚ ਨਗਰ ਨਿਗਮ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸਿਆਸੀ ਮਾਹੌਲ ਉਸ ਸਮੇਂ ਭਖ ਗਿਆ ਜਦੋਂ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲੱਗੇ ਭਾਜਪਾ ਦੇ ਝੰਡੇ ਅਤੇ ਫਲੈਕਸ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ ਗਏ। ਇਸ ਕਾਰਵਾਈ ਦੀ ਖ਼ਬਰ ਮਿਲਦੇ ਹੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਗੁੱਸੇ ’ਚ ਆ ਗਈ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਤੁਰੰਤ ਸੜਕਾਂ 'ਤੇ ਉੱਤਰ ਆਏ।
ਦੌਰੇ ਦੌਰਾਨ ਜੈ ਇੰਦਰ ਕੌਰ ਨੇ ਭਾਜਪਾ ਦੇ ਉਤਾਰੇ ਗਏ ਝੰਡਿਆਂ ਨਾਲ ਭਰੀ ਹੋਈ ਨਗਰ ਨਿਗਮ ਦੀ ਗੱਡੀ ਨੂੰ ਰਸਤੇ ’ਚ ਹੀ ਘੇਰ ਕੇ ਰੋਕ ਲਿਆ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਨਿਗਮ ਮੁਲਾਜ਼ਮਾਂ ਦੀ ਕਾਰਵਾਈ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ।
ਬੀਬਾ ਜੈ ਇੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪਟਿਆਲਾ ਵਿਖੇ ਭਾਜਪਾ ਦੀ ਅਹਿਮ ਸੰਗਠਨਾਤਮਕ ਮੀਟਿੰਗ ਹੋਣ ਜਾ ਰਹੀ ਹੈ ਪਰ ਇਸ ਮੀਟਿੰਗ ਤੋਂ ਠੀਕ ਪਹਿਲਾਂ ਨਗਰ ਨਿਗਮ ਵੱਲੋਂ ਜਾਣਬੁੱਝ ਕੇ ਪਾਰਟੀ ਦੇ ਝੰਡੇ ਅਤੇ ਪ੍ਰਚਾਰ ਫਲੈਕਸਾਂ ਨੂੰ ਨਿਸ਼ਾਨਾ ਬਣਾ ਕੇ ਉਤਾਰਿਆ ਗਿਆ ਹੈ, ਜੋ ਕਿ ਸਰਾਸਰ ਪੱਖਪਾਤੀ ਅਤੇ ਨਿੰਦਣਯੋਗ ਕਾਰਵਾਈ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ’ਚ ਹਰ ਸਿਆਸੀ ਪਾਰਟੀ ਦਾ ਇਹ ਸੰਵਿਧਾਨਕ ਅਧਿਕਾਰ ਹੈ ਕਿ ਉਹ ਝੰਡੇ, ਬੈਨਰ ਅਤੇ ਫਲੈਕਸ ਲਗਾ ਕੇ ਆਪਣੀ ਗੱਲ ਅਤੇ ਵਿਚਾਰਧਾਰਾ ਆਮ ਜਨਤਾ ਤੱਕ ਪਹੁੰਚਾ ਸਕੇ। ਨਿਗਮ ਵੱਲੋਂ ਕੀਤੀ ਗਈ ਇਹ ਕਾਰਵਾਈ ਲੋਕਤੰਤਰੀ ਮਰਿਆਦਾਵਾਂ ਦਾ ਸ਼ਰੇਆਮ ਘਾਣ ਹੈ।
ਜੈ ਇੰਦਰ ਕੌਰ ਨੇ ਵਿਰੋਧੀ ਧਿਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੂਬੇ ’ਚ ਭਾਰਤੀ ਜਨਤਾ ਪਾਰਟੀ ਦਾ ਜਨ-ਅਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਲੋਕਾਂ ’ਚ ਭਾਜਪਾ ਪ੍ਰਤੀ ਵਧਦੇ ਸਮਰਥਨ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਗਈਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਆਪਣੀ ਇਸੇ ਹਤਾਸ਼ਾ ਕਾਰਨ ਵਿਰੋਧੀ ਧਿਰਾਂ ਹੁਣ ਸਰਕਾਰੀ ਤੰਤਰ ਅਤੇ ਨਗਰ ਨਿਗਮ ਦੀ ਦੁਰਵਰਤੋਂ ਕਰਕੇ ਸ਼ਰੇਆਮ ਧੱਕੇਸ਼ਾਹੀ 'ਤੇ ਉੱਤਰ ਆਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਦਬਾਅ ਬਣਾਉਣ ਵਾਲੀਆਂ ਕਾਰਵਾਈਆਂ ਨਾਲ ਭਾਜਪਾ ਵਰਕਰਾਂ ਦੇ ਹੌਸਲੇ ਪਸਤ ਨਹੀਂ ਕੀਤੇ ਜਾ ਸਕਦੇ।