ਅਮਰੀਕਾ-ਭਾਰਤ ਫ੍ਰੀ ਟਰੇਡ ਡੀਲ ਦੇ ਵਿਰੋਧ ’ਚ ਕੱਢਿਆ ਮੋਟਰਸਾਈਕਲ ਮਾਰਚ ਅਮਰੀਕਾ-ਭਾਰਤ ਫ੍ਰੀ ਟਰੇਡ ਡੀਲ ਦੇ ਵਿਰੋਧ ਵਿੱਚ ਕੱਢਿਆ ਮੋਟਰਸਾਈਕਲ ਮਾਰਚ
Publish Date: Wed, 15 Jul 2026 05:19 PM (IST)
Updated Date: Wed, 15 Jul 2026 05:21 PM (IST)
ਫੋਟੋ 15ਪੀਟੀਐਲ: 26: ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ (ਮੈਂਬਰ ਦੇਸ਼ ਬਚਾਓ ਮੋਰਚਾ) ਵੱਲੋਂ ਅਮਰੀਕਾ ਤੇ ਭਾਰਤ ਦਰਮਿਆਨ ਹੋਣ ਜਾ ਰਹੀ ਫ੍ਰੀ ਟਰੇਡ ਡੀਲ ਦੇ ਵਿਰੋਧ ’ਚ ਬਨੂੜ ਵਿਖੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਲਗਭਗ 800 ਤੋਂ 1000 ਮੋਟਰਸਾਈਕਲਾਂ ਦਾ ਵਿਸ਼ਾਲ ਕਾਫਲਾ ਸ਼ਾਮਲ ਹੋਇਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਸਮੂਹ ਅਹੁਦੇਦਾਰਾਂ ਤੇ ਇਲਾਕੇ ਦੇ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਫ੍ਰੀ ਟਰੇਡ ਡੀਲ ਦਾ ਡਟ ਕੇ ਵਿਰੋਧ ਕੀਤਾ। ਯੂਨੀਅਨ ਦੇ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਮਰੀਕਾ-ਭਾਰਤ ਫ੍ਰੀ ਟਰੇਡ ਡੀਲ ਨਾਲ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਡੀਲ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਦੇ ਨੁਕਸਾਨ ਹੋਣਗੇ, ਜਿਸ ਕਾਰਨ ਦੇਸ਼ ਦਾ ਅੰਨਦਾਤਾ ਆਰਥਿਕ ਸੰਕਟ ਵਿੱਚ ਫਸ ਸਕਦਾ ਹੈ। ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਡੀਲ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਆਗੂਆਂ ਨੇ 21 ਜੁਲਾਈ ਨੂੰ ਦਿੱਲੀ ਦੇ ਕਿਸਾਨ ਘਾਟ ਵਿਖੇ ਹੋਣ ਵਾਲੇ ਇਕੱਠ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ।ਮਾਰਚ ਦੇ ਅੰਤ ਵਿਚ ਯੂਨੀਅਨ ਦੇ ਵਫ਼ਦ ਨੇ ਨਾਇਬ ਤਹਿਸੀਲਦਾਰ ਬਨੂੜ ਉਦੇ ਵੋਹਰਾ ਨੂੰ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ, ਜਿਸ ਵਿਚ ਫ੍ਰੀ ਟਰੇਡ ਡੀਲ ਨੂੰ ਰੱਦ ਕਰਨ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ ਗਈ। ਇਸ ਉਪਰੰਤ ਮੋਟਰਸਾਈਕਲ ਮਾਰਚ ਸ਼ਾਂਤੀਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਨਿਰਮਲ ਸਿੰਘ ਸੇਖਣ ਮਾਜਰਾ ਪੰਜਾਬ ਪ੍ਰਧਾਨ, ਤੇਜਿੰਦਰ ਸਿੰਘ ਮੋਹੀ, ਲੱਖਾ ਸਿੰਘ ਕਬੂਲਪੁਰ, ਲੱਖਾ ਸਿੰਘ ਸੋਂਟੀ, ਗੁਰਦੀਪ ਸਿੰਘ ਸੋਨੀ, ਗੁਰਚਰਨ ਸਿੰਘ ਚੌਹਾਨ, ਜੋਗਿੰਦਰ ਸਿੰਘ ਟਾਈਗਰ, ਜਗਪਾਲ ਸਿੰਘ ਰਾਣਾ, ਗੁਰਵਿੰਦਰ ਸਿੰਘ ਖਡੌਲੀ, ਅਵਤਾਰ ਸਿੰਘ ਗਿੱਲ, ਗੁਰਮੀਤ ਸਿੰਘ ਅਕਬਰਪੁਰ, ਸੁਰਿੰਦਰ ਸਿੰਘ ਸੈਦਖੇੜੀ, ਗੁਰਚੈਨ ਸਿੰਘ ਬਪਰੌਰ, ਨੋਨੂੰ ਮੋਹੀ, ਸੁਰਿੰਦਰ ਪਾਲ ਮੋਹੀ, ਸੋਨੂੰ ਜੰਗਪੁਰਾ, ਬਿਲਾ ਜੰਗਪੁਰਾ, ਬੱਗਾ ਆਲਮਪੁਰ, ਗੁਰਪ੍ਰੀਤ ਸਿੰਘ ਛੜਬੜ, ਸੋਨੂੰ ਨੰਡਿਆਲੀ, ਸੋਹੀਬ ਖਾਨ ਅਤੇ ਹੋਰ ਵੱਖੋ ਵੱਖ ਅਹੁਦੇਦਾਰ ਹਾਜ਼ਰ ਸਨ।