ਜਨਹਿੱਤ ਸੰਮਤੀ ਦੀ ਹਾਫ ਮੈਰਾਥਨ ’ਚ 1500 ਤੋਂ ਵੱਧ ਦੌੜਾਕਾਂ ਨੇ ਲਿਆ ਹਿੱਸਾ ਜਨਹਿੱਤ ਸੰਮਤੀ ਦੀ ਹਾਫ ਮੈਰਾਥਨ ਵਿੱਚ 1500 ਤੋਂ ਵੱਧ ਦੌੜਾਕਾਂ ਨੇ ਲਿਆ ਹਿੱਸਾ
Publish Date: Sun, 15 Nov 2026 04:35 PM (IST)
Updated Date: Sun, 15 Nov 2026 04:36 PM (IST)
ਫੋਟੋ 15ਪੀਟੀਐਲ: 8: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੀ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵੱਲੋਂ ਪ੍ਰਧਾਨ ਐੱਸਕੇ ਗੌਤਮ ਤੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ 13ਵੀਂ ਹਾਫ ਮੈਰਾਥਨ ਕਰਵਾਈ ਗਈ। ਬ੍ਰਿਟਿਸ਼ ਇੰਡੀਅਨ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ ਇਹ ਦੌੜ ਯੁੱਧ ਨਸ਼ਿਆਂ ਵਿਰੁੱਧ , ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ 1500 ਤੋਂ ਵੱਧ ਨੌਜਵਾਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਭਾਗ ਲਿਆ। ਸਮਾਗਮ ਵਿਚ ਐੱਸਪੀ ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਛਿੱਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤੇਜਿੰਦਰ ਮਹਿਤਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਦੌੜ ਦਾ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਅਤੇ ਬਲਜਿੰਦਰ ਸ਼ਰਮਾ ਪੰਜੋਲਾ ਨੇ ਕੀਤੀ। ਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜਨਹਿੱਤ ਸੰਮਤੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਸੰਮਤੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੈਰਾਥਨ 21, 10, 5, 2.5 ਅਤੇ 1 ਕਿਲੋਮੀਟਰ ਦੀਆਂ ਸ਼੍ਰੇਣੀਆਂ ਵਿਚ ਚਿੱਪ ਰਾਹੀਂ ਕਰਵਾਈ ਗਈ। ਜੇਤੂਆਂ ਨੂੰ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਨਿੰਗ ਕਲੱਬਾਂ ਦੇ ਮੈਂਬਰਾਂ ਅਤੇ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ।