ਮੌਨਸੂਨ ਦੀ ਬੇਰੁਖੀ: ਮੀਂਹ ਦੀ ਘਾਟ, ਵਧੀ ਹੁੰਮਸ ਨੇ ਝੋਨੇ ਦੀ ਫ਼ਸਲ ਕੀਤੀ ਪ੍ਰਭਾਵਿਤ ਮੌਨਸੂਨ ਦੀ ਬੇਰੁਖੀ: ਮੀਂਹ ਦੀ ਘਾਟ, ਵਧੀ ਹੁੰਮਸ ਨੇ ਝੋਨੇ ਦੀ ਫ਼ਸਲ ਕੀਤੀ ਪ੍ਰਭਾਵਿਤ
Publish Date: Sun, 26 Jul 2026 05:17 PM (IST)
Updated Date: Mon, 27 Jul 2026 04:01 AM (IST)
ਸੋਕੇ ਜਿਹੇ ਬਣ ਰਹੇ ਹਾਲਾਤ, ਕਿਸਾਨ ਚਿੰਤਾ ’ਚ ਡੁੱਬੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਕਈ ਦਿਨਾਂ ਤੋਂ ਅਸਮਾਨ ’ਚ ਸੰਘਣੇ ਬੱਦਲ ਛਾਏ ਰਹਿਣ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਲਗਾਤਾਰ ਵਧ ਰਹੀ ਹੁੰਮਸ ਅਤੇ ਬਾਰਿਸ਼ ਦੀ ਘਾਟ ਦਾ ਸਭ ਤੋਂ ਵੱਧ ਅਸਰ ਝੋਨੇ ਦੀ ਫ਼ਸਲ ਤੇ ਪੈ ਰਿਹਾ ਹੈ। ਖੇਤਾਂ ਵਿੱਚ ਨਮੀ ਤੇਜ਼ੀ ਨਾਲ ਘੱਟ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵਾਰ-ਵਾਰ ਸਿੰਚਾਈ ਕਰਨੀ ਪੈ ਰਹੀ ਹੈ। ਐਤਵਾਰ ਨੂੰ ਵੱਧੋ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ 28 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਚੰਗੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਸੀ, ਪਰ ਕਿਸਾਨ ਅਤੇ ਆਮ ਲੋਕ ਉਡੀਕ ਹੀ ਕਰਦੇ ਰਹਿ ਗਏ। ਤਿੰਨ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਛਾ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਖੇਤਾਂ ਵਿੱਚ ਲੋੜੀਂਦਾ ਪਾਣੀ ਨਾ ਪਹੁੰਚਣ ਕਾਰਨ ਮਿੱਟੀ ਸੁੱਕਣ ਲੱਗੀ ਹੈ ਅਤੇ ਕਈ ਥਾਵਾਂ ਤੇ ਤਰੇੜਾਂ ਵੀ ਨਜ਼ਰ ਆਉਣ ਲੱਗੀਆਂ ਹਨ। ਦੂਜੇ ਪਾਸੇ, ਬਿਜਲੀ ਦੀ ਪੂਰੀ ਨਾ ਮਿਲਣ ਕਾਰਨ ਸਪਲਾਈ ਕਾਰਨ ਸਮੇਂ ਸਿਰ ਸਿੰਚਾਈ ਨਹੀਂ ਹੋ ਰਹੀ, ਜਿਸ ਨਾਲ ਸਮੱਸਿਆ ਹੋਰ ਗੰਭੀਰ ਬਣਦੀ ਜਾ ਰਹੀ ਹੈ। ਅਨੁਮਾਨ ਹੈ ਕਿ ਇਸ ਹਫ਼ਤੇ ਵੀ ਮੌਸਮ ਦਾ ਮਿਜ਼ਾਜ ਇਸੇ ਤਰ੍ਹਾਂ ਰਹੇਗਾ। ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਕਿਸਾਨ ਬਲਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਧੰਨਾ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ ਇਸ ਸਮੇਂ ਤੱਕ ਪੈਣ ਵਾਲਾ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਲਾਭਦਾਇਕ ਹੁੰਦਾ ਹੈ, ਪਰ ਇਸ ਵਾਰ ਬੱਦਲ ਤਾਂ ਆ ਰਹੇ ਹਨ, ਪਰ ਵਰ੍ਹ ਨਹੀਂ ਰਹੇ। ਇਸ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਸਹਾਰੇ ਸਿੰਚਾਈ ਕਰਨੀ ਪੈ ਰਹੀ ਹੈ। ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਖੇਤਾਂ ਤੱਕ ਲੋੜੀਂਦਾ ਪਾਣੀ ਪਹੁੰਚਾਉਣਾ ਮੁਸ਼ਕਲ ਹੋ ਰਿਹਾ ਹੈ। ਝੋਨੇ ਦੇ ਨਾਲ-ਨਾਲ ਸਬਜ਼ੀ ਉਤਪਾਦਕਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਵਧਦੀ ਹੁੰਮਸ ਅਤੇ ਨਮੀ ਦੇ ਅਸੰਤੁਲਨ ਕਾਰਨ ਤੋਰੀ, ਭਿੰਡੀ, ਬੈਂਗਣ, ਹਰੀ ਮਿਰਚ, ਸ਼ਿਮਲਾ ਮਿਰਚ, ਕੱਦੂ ਅਤੇ ਕਰੇਲੇ ਵਰਗੀਆਂ ਫ਼ਸਲਾਂ ਵਿੱਚ ਕੀੜਿਆਂ ਦਾ ਹਮਲਾ ਵਧਣ ਲੱਗਾ ਹੈ ਅਤੇ ਕਈ ਥਾਵਾਂ ਤੇ ਪੌਦਿਆਂ ਦੇ ਗਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਵਿੱਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਮੀਂਹ ਪੈਣ ਨਾਲ ਖੇਤੀ ਨੂੰ ਮਿਲੇਗਾ ਵੱਡਾ ਲਾਭ ਟਿਊਬਵੈੱਲ ਦਾ ਪਾਣੀ ਭਾਵੇਂ ਖੇਤਾਂ ਨੂੰ ਨਮੀ ਪ੍ਰਦਾਨ ਕਰਦਾ ਹੈ, ਪਰ ਇਹ ਮੀਂਹ ਵਾਂਗ ਪੂਰੇ ਖੇਤ ਨੂੰ ਇੱਕੋ ਵਾਰ ਨਹੀਂ ਭਿਉਂਦਾ ਅਤੇ ਨਾ ਹੀ ਮਿੱਟੀ ਦਾ ਤਾਪਮਾਨ ਘਟਾਉਂਦਾ ਹੈ। ਤੇਜ਼ ਧੁੱਪ ਅਤੇ ਵੱਧ ਤਾਪਮਾਨ ਕਾਰਨ ਪਾਣੀ ਜਲਦੀ ਭਾਫ਼ ਬਣ ਕੇ ਉੱਡ ਜਾਂਦਾ ਹੈ। ਇਸ ਲਈ ਟਿਊਬਵੈੱਲ ਨਾਲ ਵਾਰ-ਵਾਰ ਸਿੰਚਾਈ ਕਰਨੀ ਪੈਂਦੀ ਹੈ। ਜੇਕਰ ਝੋਨੇ ਨੂੰ ਸਮੇਂ ਸਿਰ ਪਾਣੀ ਨਾ ਮਿਲੇ ਤਾਂ ਫ਼ਸਲ ਸੁੱਕਣ ਲੱਗਦੀ ਹੈ। ਸਿਰਫ਼ ਟਿਊਬਵੈੱਲਾਂ ਦੇ ਸਹਾਰੇ ਸਿੰਚਾਈ ਕਰਨਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਇਸ ਲਈ ਬਿਜਲੀ ਜਾਂ ਡੀਜ਼ਲ ਦੀ ਲੋੜ ਹੁੰਦੀ ਹੈ, ਜਿਸ ਨਾਲ ਕਿਸਾਨਾਂ ਦਾ ਖ਼ਰਚਾ ਵਧ ਜਾਂਦਾ ਹੈ। ਇਸ ਲਈ ਚੰਗੀ ਪੈਦਾਵਾਰ ਲਈ ਕੁਦਰਤੀ ਮੀਂਹ ਬਹੁਤ ਜ਼ਰੂਰੀ ਹੈ। ਝੋਨੇ ਨੂੰ ਇਸ ਸਮੇਂ ਮੀਂਹ ਦੇ ਪਾਣੀ ਦੀ ਸਖ਼ਤ ਲੋੜ : ਡਾ. ਹਰਬੰਸ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਮੀਂਹ ਦੇ ਪਾਣੀ ਦੀ ਸਖ਼ਤ ਲੋੜ ਹੈ। ਇਸ ਲੋੜ ਨੂੰ ਸਿਰਫ਼ ਟਿਊਬਵੈੱਲ ਪੂਰਾ ਨਹੀਂ ਕਰ ਸਕਦੇ। ਚੰਗੀ ਬਾਰਿਸ਼ ਹੋਣ ਨਾਲ ਝੋਨੇ ਦੀ ਪੈਦਾਵਾਰ ਨੂੰ ਵੱਡਾ ਲਾਭ ਮਿਲੇਗਾ ਅਤੇ ਕੁਦਰਤੀ ਮੀਂਹ ਨਾਲ ਫ਼ਸਲ ਦਾ ਵਾਧਾ ਵੀ ਤੇਜ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ ਪੂਰੇ ਹਫ਼ਤੇ ਦੌਰਾਨ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਜੇਕਰ ਚੰਗਾ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਟਿਊਬਵੈੱਲ ਚਲਾਉਣ ਦਾ ਬੋਝ ਵੀ ਘੱਟ ਹੋਵੇਗਾ।