ਮੌਨਸੂਨ ਦੀ ਦਸਤਕ: ਸੀਵਰੇਜ ਜਾਮ, ਕੂੜੇ ਦੇ ਢੇਰ, ਬਾਰਿਸ਼ ਬਣੀ ਆਫਤ ਮੌਨਸੂਨ ਦੀ ਦਸਤਕ: ਸੀਵਰੇਜ ਜਾਮ, ਕੂੜੇ ਦੇ ਢੇਰ, ਬਾਰਿਸ਼ ਬਣੀ ਆਫਤ
Publish Date: Sat, 11 Jul 2026 05:32 PM (IST)
Updated Date: Sun, 12 Jul 2026 04:06 AM (IST)
ਬਾਰਿਸ਼ ਨੇ ਵਧਾਈ ਪ੍ਰੇਸ਼ਾਨੀ, ਗੰਦਗੀ ਦੇ ਢੇਰਾਂ ਚੋਂ ਆਉਣ ਲੱਗੀ ਬਦਬੂ ਸ਼ਹਿਰ ’ਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਪਹਿਲਾਂ ਹੀ ਗੰਦਗੀ ਦੇ ਢੇਰਾਂ ਤੋਂ ਪਰੇਸ਼ਾਨੀ ਝੱਲ ਰਹੇ ਸ਼ਹਿਰਵਾਸੀਆਂ ਲਈ ਬਾਰਿਸ਼ ਆਫਤ ਬਣਕੇ ਵਰ੍ਹੀ। ਪਿਛਲੇ ਚਾਰ ਦਿਨਾਂ ਤੋਂ ਸ਼ਹਿਰ ਦੀਆਂ ਗਲੀਆਂ, ਸੜਕਾਂ ਤੇ ਘਰਾਂ ਵਿੱਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਕੂੜੇ ’ਤੇ ਡਿੱਗੀ ਬਾਰਿਸ਼ ਨੇ ਮੁਸੀਬਤਾਂ ਹੋਰ ਵਧਾ ਦਿੱਤੀਆਂ। ਕੂੜੇ ਦੇ ਗਿੱਲਾ ਹੋਣ ਨਾਲ ਇਸ ਵਿੱਚੋਂ ਬਦਬੂ ਮਾਰਨ ਲੱਗ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ ਦਾ ਵਾਤਾਵਰਣ ਦੂਸ਼ਿਤ ਹੋ ਗਿਆ ਹੈ। ਇਸਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਵੀ ਹੋਰ ਗੰਭੀਰ ਹੁੰਦੀ ਨਜਰ ਆ ਰਹੀ ਹੈ। ਜਿਸ ਕਾਰਨ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ਸਫਾਈ ਸੇਵਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਦ ਤੇ ਅੜੇ ਹੋਏ ਹਨ ਅਤੇ ਉਨ੍ਹਾਂ ਦੀ ਚੌਥੇ ਦਿਨ ਵੀ ਹੜਤਾਲ ਜਾਰੀ ਰਹੀ। ਜਿਸਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌਨਸੂਨ ਦੇ ਆਉਣ ਤੋਂ ਪਹਿਲਾਂ ਨਗਰ ਕੌਂਸਲ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਕਈ ਹਿੱਸਿਆਂ ’ਚ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਬਣ ਚੁੱਕੀ ਹੈ ਤੇ ਬਾਰਿਸ਼ ਦੇ ਦਿਨਾਂ ਵਿੱਚ ਹਾਲਾਤ ਕੀ ਹੋਣਗੇ ਇਸਦਾ ਅੰਦਾਜਾ ਲਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਸ਼ਹਿਰ ਦੀ ਸੁੰਦਰ ਬਸਤੀ ਦੇ ਹਾਲਾਤ ਸਭ ਤੋਂ ਜ਼ਿਆਦਾ ਬਦਤਰ ਬਣੇ ਹੋਏ ਹਨ। ਇੱਥੇ ਹਰ ਗਲੀ, ਹਰ ਘਰ ਦੇ ਅੱਗੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ। ਕਿਉਂਕਿ ਸੀਵਰੇਜ ਪਾਈਪ ਲਾਈਨ ਪਾਇਆ ਨੂੰ ਕਈ ਦਹਾਕੇ ਹੋ ਗਏ ਹਨ ਉਂਝ ਸੀਵਰੇਜ ਲਾਈਨ ਥਾਂ-ਥਾਂ ਤੋਂ ਟੁੱਟ ਭੱਜ ਗਈ ਹੈ, ਇੱਥੇ ਸੀਵਰੇਜ ਜਾਮ ਤੇ ਓਵਰਫਲੋ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਇੱਥੋ ਤੱਕ ਕਿ ਇੱਥੇ ਸਥਿਤ ਪ੍ਰਾਇਮਰੀ ਸਕੂਲ ਵੀ ਇਸ ਸਮੱਸਿਆ ਤੋਂ ਵਾਂਝਾ ਨਹੀਂ ਹੈ। ਰੋਜ਼ਾਨਾ ਸਕੂਲ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਇਸ ਗੰਦੇ ਸੀਵਰੇਜ ਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਇੱਥੋ ਦੇ ਲੋਕਾਂ ਦਾ ਦੁੱਖ ਹੈ ਕਿ ਸ਼ਾਇਦ ਇਹ ਸਲੱਮ ਏਰੀਆ ਹੋਣ ਕਾਰਨ ਇਸ ਪਾਸੇ ਕੋਈ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਿਹਾ ਤੇ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਜਿਊਣ ਲਈ ਛੱਡਿਆ ਹੋਇਆ ਹੈ। ਸੁੰਦਰ ਬਸਤੀ ਦੇ ਬਸ਼ਿੰਦੇ ਆਖਦੇ ਹਨ ਕਿ ਚੋਣਾਂ ਵੇਲੇ ਵੋਟਾਂ ਲੈਣ ਲਈ ਸਿਆਸੀ ਆਗੂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਦੇ ਹਨ, ਪ੍ਰੰਤੂ ਚੋਣਾਂ ਜਿੱਤਣ ਮਗਰੋਂ ਆ ਕੇ ਇਹ ਵੀ ਨਹੀਂ ਵੇਖਦੇ ਕਿ ਇੱਥੋਂ ਦੇ ਲੋਕ ਕਿਸ ਹਾਲ ਆਪਣਾ ਜੀਵਨ ਬਸਰ ਕਰਦੇ ਹਨ। ਇਸਤੋਂ ਇਲਾਵਾ ਸ਼ਹਿਰ ਦੇ ਪਟਿਆਲਾ ਗੇਟ, ਧੂਰੀ ਗੇਟ, ਸੁਨਾਮੀ ਗੇਟ ਅਤੇ ਨਾਭਾ ਗੇਟ ਦੇ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਨਿੱਚਰਵਾਰ ਤੜਕਸਾਰ ਹੋਈ ਬਾਰਿਸ਼ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਤਾਂ ਦੇ ਦਿੱਤੀ ਪ੍ਰੰਤੂ ਇਸਦੇ ਨਾਲ ਹੀ ਪ੍ਰੇਸ਼ਾਨੀਆਂ ਵੀ ਵਧਾ ਦਿੱਤੀਆਂ। ਥਾਂ-ਥਾਂ ਖਿੱਲਰੇ ਕੂੜੇ ਤੇ ਮੀਂਹ ਪੈਣ ਕਾਰਨ ਕੂੜਾ ਗਿੱਲਾ ਹੋ ਗਿਆ ਤੇ ਇਸ ਵਿੱਚੋਂ ਬਦਬੂ ਮਾਰਨ ਲੱਗ ਪਈ, ਜਿੱਥੋਂ ਲੰਘਣਾ ਵੀ ਰਾਹਗੀਰਾਂ ਦਾ ਔਖਾ ਹੋ ਗਿਆ। ਸ਼ਹਿਰ ਰਣਬੀਰ ਕਲੱਬ ਦੇ ਗੇਟ ਕੋਲ ਲੱਗੇ ਕੂੜੇ ਦੇ ਢੇਰ ’ਚ ਬਾਰਿਸ਼ ਦਾ ਪਾਣੀ ਭਰ ਗਿਆ ਤੇ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਬਣ ਗਏ ਤੇ ਇਹ ਰਸਤਾ ਲੋਕਾਂ ਲਈ ਪੂਰੀ ਤਰ੍ਹਾਂ ਬੰਦ ਹੋ ਕੇ ਰਹਿ ਗਿਆ। ਇਸਦੇ ਨੇੜੇ ਹੀ ਸਬਜ਼ੀ ਮੰਡੀ ਹੈ, ਜਿੱਥੋ ਰੋਜ਼ਾਨਾ ਲੋਕ ਵੱਡੀ ਗਿਣਤੀ ਸਬਜ਼ੀ ਤੇ ਫਲ ਖਰੀਦਣ ਆਉਦੇ ਹਨ। ਸ਼ਹਿਰ ਵਾਸੀਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਕਰੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।