ਸਵੱਛਤਾ ਤੇ ਵਾਤਾਵਰਣ ਸੰਭਾਲ ’ਤੇ ਮਹਿੰਦਰਾ ਕਾਲਜ ਸਨਮਾਨਿਤ ਸਵੱਛਤਾ ਅਤੇ ਵਾਤਾਵਰਣ ਸੰਭਾਲ ’ਤੇ ਮਹਿੰਦਰਾ ਕਾਲਜ ਸਨਮਾਨਿਤ
Publish Date: Tue, 17 Nov 2026 04:33 PM (IST)
Updated Date: Tue, 17 Nov 2026 04:36 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਨਗਰ ਨਿਗਮ ਪਟਿਆਲਾ ਵੱਲੋਂ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਨਿਰਦੇਸ਼ਾਂ ਹੇਠ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੂੰ ਸਮੁੱਚੇ ਕੈਂਪਸ ਨੂੰ ਕੂੜਾ-ਮੁਕਤ ਬਣਾਉਣ ਤੇ ਠੋਸ ਕੂੜਾ ਪ੍ਰਬੰਧਨ ਦੀਆਂ ਸੁਚੱਜੀਆਂ ਵਿਵਸਥਾਵਾਂ ਲਾਗੂ ਕਰਨ ਲਈ ਵਿਸ਼ੇਸ਼ ਸਨਮਾਨ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ, ਸੀ.ਐੱਫ. ਮਨੀ ਸਿੰਘ, ਸੀ.ਐੱਫ. ਮਨਦੀਪ ਕੌਰ, ਅਨੀਤਾ (ਮਾਲਣ) ਸਮੇਤ ਕਮੇਟੀ ਮੈਂਬਰ ਕਿਰਨਜੀਤ ਕੌਰ, ਗਗਨਦੀਪ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਕੰਚਨ ਰਾਣੀ, ਸੰਦੀਪ ਕੌਰ ਅਤੇ ਰਾਜਵੰਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਦੀ ਵਿਸ਼ੇਸ਼ ਅਗਵਾਈ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਦੀ ਦੂਰਅੰਦੇਸ਼ੀ ਅਗਵਾਈ ਸਦਕਾ ਸਾਰਿਆਂ ਨੇ ਸਵੱਛਤਾ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਵਜੋਂ ਅਪਣਾਇਆ ਹੈ। ਕਾਲਜ ਕੈਂਪਸ ਵਿੱਚ ਗਿੱਲੇ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਵਿਸ਼ੇਸ਼ ਪਿੱਟਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਗਬਾਨੀ ਰਹਿੰਦ-ਖੂੰਹਦ ਜਿਵੇਂ ਸੁੱਕੇ ਪੱਤੇ, ਘਾਹ ਅਤੇ ਪੌਦਿਆਂ ਦੀ ਕਟਾਈ ਤੋਂ ਨਿਕਲਣ ਵਾਲੇ ਅਵਸ਼ੇਸ਼ਾਂ ਦਾ ਵੀ ਵਿਵਸਥਿਤ ਪ੍ਰਬੰਧਨ ਕਰਕੇ ਕੂੜੇ ਨੂੰ ਇੱਕ ਉਪਯੋਗੀ ਸਰੋਤ ਵਜੋਂ ਵਰਤਿਆ ਜਾ ਰਿਹਾ ਹੈ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਦਾ ਇਹ ਉਪਰਾਲਾ ਪੂਰੇ ਸ਼ਹਿਰ ਦੀਆਂ ਵਿੱਦਿਅਕ ਅਤੇ ਹੋਰ ਸੰਸਥਾਵਾਂ ਲਈ ਇੱਕ ਪ੍ਰੇਰਨਾਦਾਇਕ ਮਾਡਲ ਹੈ। ਉਨ੍ਹਾਂ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸਾਲ ਤੋਂ ਸੇਧ ਲੈਂਦਿਆਂ ਆਪਣੇ ਘਰਾਂ, ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਸਰੋਤ ਪੱਧਰ ਤੇ ਹੀ ਵੱਖ-ਵੱਖ ਕਰਨ ਅਤੇ ਵਿਗਿਆਨਕ ਤਰੀਕੇ ਨਾਲ ਇਸ ਦਾ ਨਿਪਟਾਰਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣਾ ਕੇਵਲ ਨਗਰ ਨਿਗਮ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।