- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਚੋਣ ਸਾਖਰਤਾ ਮੁਕਾਬਲਿਆਂ ’ਚ ਮੱਲਾਂ ਮਾਰੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਚੋਣ ਸਾਖਰਤਾ ਕਲੱਬ ਦੇ ਵਿਦਿਆਰਥੀਆਂ ਨੇ ਸਵੀਪ ਪ੍ਰੋਗਰਾਮ ਤਹਿਤ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕਰਵਾਏ ਗਏ ਵਿਧਾਨ ਸਭਾ ਹਲਕਾ 115-ਪਟਿਆਲਾ ਪੱਧਰੀ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵੋਟ ਦੀ ਮਹੱਤਤਾ, ਚੋਣ ਪ੍ਰਕਿਰਿਆ ਤੇ ਲੋਕਤੰਤਰ ਵਿਚ ਨਾਗਰਿਕਾਂ ਦੀ ਭਾਗੀਦਾਰੀ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ। ਕਾਲਜ ਦੇ ਵਿਦਿਆਰਥੀਆਂ ਨੇ ਨਾਅਰਾ ਲਿਖਣ, ਮਹਿੰਦੀ, ਭਾਸ਼ਣ, ਪੋਸਟਰ ਬਣਾਉਣ ਅਤੇ ਰੰਗੋਲੀ ਸਮੇਤ ਪੰਜ ਮੁਕਾਬਲਿਆਂ ਵਿਚ ਭਾਗ ਲਿਆ। ਇਨ੍ਹਾਂ ’ਚੋਂ ਦੋ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸਥਾਨ ਹਾਸਲ ਕੀਤਾ। ਬੀ.ਕਾਮ. ਦੂਜੇ ਸਾਲ ਦੀ ਵਿਦਿਆਰਥਣ ਦਿਲਜੀਤ ਕੌਰ ਨੇ ਨਾਅਰਾ ਲਿਖਣ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਬੀ.ਏ. ਤੀਜੇ ਸਾਲ ਦੀ ਵਿਦਿਆਰਥਣ ਬਬੀਤਾ ਨੇ ਮਹਿੰਦੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕਲਾ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਈਐਲਸੀ ਇੰਚਾਰਜ ਅਤੇ ਸਵੀਪ ਦੀ ਨੋਡਲ ਅਫ਼ਸਰ ਡਾ. ਮਨਿੰਦਰ ਦੀਪ ਚੀਮਾ ਵੱਲੋਂ ਵਿਦਿਆਰਥੀਆਂ ਵਿਚ ਵੋਟਰ ਸਿੱਖਿਆ, ਚੋਣ ਜਾਗਰੂਕਤਾ ਅਤੇ ਲੋਕਤੰਤਰ ਵਿਚ ਸਰਗਰਮ ਭਾਗੀਦਾਰੀ ਦੀ ਭਾਵਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।