- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਬਰਾ ਵਾਟਰ ਟ੍ਰੀਟਮੈਂਟ ਪਲਾਂਟ ਵਿਖੇ ਕਲੋਰੀਨ ਤੇ ਅੱਗ ਤੋਂ ਬਚਾਅ ਲਈ ਮੌਕ ਡਰਿੱਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੱਬਰਾ ਸਰਫੇਸ ਵਾਟਰ ਪ੍ਰੋਜੈਕਟ, ਘਨੌਰ ਵਿਖੇ ਕਲੋਰੀਨ ਤੇ ਅੱਗ ਤੋਂ ਸੁਰੱਖਿਆ ਸਬੰਧੀ ਐਕਸਪੋਜ਼ਰ ਵਿਜ਼ਿਟ-ਕਮ-ਮੌਕ ਡਰਿੱਲ ਕਰਵਾਈ ਗਈ। ਇਸ ਦਾ ਉਦੇਸ਼ ਵਾਟਰ ਟ੍ਰੀਟਮੈਂਟ ਪਲਾਂਟਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰੀ ਵਧਾਉਣਾ ਸੀ। ਪ੍ਰੋਗਰਾਮ ਦੌਰਾਨ ਕਾਰਜਕਾਰੀ ਇੰਜੀਨੀਅਰ ਤੇ ਸੀਨੀਅਰ ਵਾਤਾਵਰਣ ਮਾਹਿਰ ਸਰਬਜੀਤ ਸਿੰਘ ਨੇ ਕੰਮਕਾਜੀ ਸੁਰੱਖਿਆ, ਰੋਕਥਾਮ ਦੇ ਉਪਾਵਾਂ ਤੇ ਐਮਰਜੈਂਸੀ ਲਈ ਅਗਾਊਂ ਤਿਆਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਸਰਫੇਸ ਵਾਟਰ ਪ੍ਰੋਜੈਕਟਾਂ ਨਾਲ ਸਬੰਧਤ ਉਪ-ਮੰਡਲ ਇੰਜੀਨੀਅਰਾਂ, ਜੂਨੀਅਰ ਇੰਜੀਨੀਅਰਾਂ ਅਤੇ ਪ੍ਰੋਜੈਕਟ ਮੈਨੇਜਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਫਾਇਰ ਸਰਵਿਸਿਜ਼ ਦੇ ਰਮਨ ਕੁਮਾਰ ਨੇ ਅੱਗ ਬੁਝਾਊ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਅਤੇ ਅੱਗ ਲੱਗਣ ਸਮੇਂ ਕੀਤੀ ਜਾਣ ਵਾਲੀ ਕਾਰਵਾਈ ਦਾ ਵਿਹਾਰਕ ਪ੍ਰਦਰਸ਼ਨ ਕੀਤਾ। ਬੋਡਲ ਕੈਮੀਕਲਜ਼ ਲਿਮਟਿਡ ਦੇ ਮਾਹਿਰ ਨੇ ਕਲੋਰੀਨ ਦੀ ਸੁਰੱਖਿਅਤ ਵਰਤੋਂ, ਭੰਡਾਰਨ ਅਤੇ ਲੀਕੇਜ ਦੀ ਸਥਿਤੀ ਵਿੱਚ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਵਿਭਾਗੀ ਅਧਿਕਾਰੀਆਂ ਅਤੇ ਕੇ.ਐਨ.ਕੇ. ਪ੍ਰਾਈਵੇਟ ਲਿਮਟਿਡ ਦੀ ਟੀਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹਿਆ।