ਮਨਰੇਗਾ ਮੁਲਾਜ਼ਮਾਂ ਨੇ ਕਾਪੀਆਂ ਸਾੜੀਆਂ, ਕੀਤੀ ਨਾਅਰੇਬਾਜ਼ੀ ਮਨਰੇਗਾ ਮੁਲਾਜ਼ਮਾਂ ਨੇ ਕਾਪੀਆਂ ਸਾੜੀਆਂ ,ਨਾਅਰੇਬਾਜੀ ਕੀਤੀ
Publish Date: Mon, 13 Jul 2026 04:34 PM (IST)
Updated Date: Tue, 14 Jul 2026 04:01 AM (IST)
15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਘੇਰਨ ਲਈ ਲਾਮਬੰਦੀ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਭੱਜੀ ਸਰਕਾਰ, ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਛੱਡੇ ਮੁਲਾਜ਼ਮ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਮਰਜ਼ ਕਰ ਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਮਨਰੇਗਾ ਮੁਲਾਜ਼ਮਾਂ ਵੱਲੋਂ ਸਬ ਡਿਵੀਜ਼ਨਲ ਕੰਪਲੈਕਸ ਵਿੱਚ ਵਿਭਾਗ ਵੱਲੋਂ ਮਨਰੇਗਾ ਮੁਲਾਜ਼ਮਾ ਦੇ ਖ਼ਿਲਾਫ ਜਾਰੀ ਕੀਤੇ ਜਾ ਰਹੇ ਪੱਤਰਾਂ ਨੂੰ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਕੇ ਸਾੜਿਆ ਗਿਆ । ਜਾਣਕਾਰੀ ਦਿੰਦੇ ਹੋਏ ਮਨਰੇਗਾ ਕਰਮਚਾਰੀ ਯੂਨੀਅਨ ਦਿੜ੍ਹਬਾ ਦੇ ਬਲਾਕ ਪ੍ਰਧਾਨ ਬਿੱਕਰ ਸਿੰਘ ਕਮਾਲਪੁਰ ਤੇ ਸਕੱਤਰ ਹਾਕਮ ਸਿੰਘ ਨੇ ਦੱਸਿਆ ਕਿ ਉਹ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਨੌਕਰੀ ਕਰ ਰਹੇ ਹਨ। ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਨਰੇਗਾ ਮੁਲਾਜ਼ਮਾਂ ਨੂੰ ਵਰਤਿਆ ਜਾਂਦਾ ਰਿਹਾ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਅੱਜ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਸਰਕਾਰ ਦਾ ਅਫ਼ਸਰਸ਼ਾਹੀ ਦੀਆਂ ਮਨਮਾਨੀਆਂ ਤੇ ਕੋਈ ਕੰਟਰੋਲ ਨਹੀਂ ਹੈ। ਪਿਛਲੇ 43 ਦਿਨਾਂ ਵਿੱਚ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਦੋ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਤਿੰਨ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ। ਦੋਵਾਂ ਮੰਤਰੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਣ ਤੋਂ ਬਾਅਦ ਵੀ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਦਾ ਕੱਖ ਨਹੀਂ ਕੀਤਾ। 7 ਜੁਲਾਈ ਨੂੰ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਅਫ਼ਸਰਸ਼ਾਹੀ ਵੱਲੋਂ 15 ਸਾਲ ਪੁਰਾਣੇ ਲਾਰਿਆਂ ਤੋਂ ਇਲਾਵਾ ਮੁਲਾਜ਼ਮਾਂ ਲਈ ਕੁੱਝ ਵੀ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅਫਸਰਾਂ ਵੱਲੋਂ ਫਾਈਲ ਤਿਆਰ ਕਰਨ ਦੀ ਰੱਟ ਲਾਈ ਰੱਖੀ ਜਦੋਂ ਕਿ 1 ਜੂਨ ਦੀ ਮੀਟਿੰਗ ਵਿੱਚ ਵੀ ਇਹੀ ਬਹਾਨਾ ਸੀ ਪਰ ਮੰਤਰੀ ਜੀ ਨੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ। ਮੰਤਰੀ ਅਫ਼ਸਰਸ਼ਾਹੀ ਅੱਗੇ ਬੇਵੱਸ ਨਜ਼ਰ ਆਏ। ਜਿਸਦੇ ਰੋਸ ਵਜੋਂ ਹੀ ਇਹ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਸਾਰੇ ਬਲਾਕਾਂ ਵਿਚ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਖੰਨਾ ਰਿਹਾਇਸ਼ ਦੇ ਘਿਰਾਓ ਦੌਰਾਨ 20 ਹਜ਼ਾਰ ਤੋਂ ਵੱਧ ਦਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਰਮਨਪ੍ਰੀਤ ਕੌਰ, ਰਣਧੀਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਰਜਨਪ੍ਰੀਤ ਸਿੰਘ ਆਦਿ ਹਾਜ਼ਰ ਸਨ।