ਵਿਧਾਇਕ ਦੇ ਪਿੰਡ ’ਚ ਮੰਡੀ ਦੀ ਹਾਲਤ ਮਾੜੀ ਵਿਧਾਇਕ ਦੇ ਪਿੰਡ ’ਚ ਮੰਡੀ ਦੀ ਹਾਲਤ ਮਾੜੀ
Publish Date: Thu, 08 Oct 2026 06:20 PM (IST)
Updated Date: Thu, 08 Oct 2026 06:23 PM (IST)
ਮਾਹੜੂ ਦੀ ਇੱਟਾਂ ਵਾਲੀ ਮੰਡੀ ਪੁੱਟ ਕੇ ਕੱਚੀ ਥਾਂ ’ਤੇ ਝੋਨਾ ਸੁੱਟਣ ਲਈ ਮਜਬੂਰ ਕਿਸਾਨ ਨਾ ਬਿਜਲੀ, ਨਾ ਪਾਣੀ, ਬੁਨਿਆਦੀ ਸਹੂਲਤਾਂ ਦੀ ਘਾਟ ਨਵੀਂ ਮੰਡੀ ਪੱਕੀ ਹੋਣ ਤੱਕ ਪੁਰਾਣੀਆਂ ਇੱਟਾਂ ਨਾ ਪੁੱਟਣ ਦੀ ਅਪੀਲ ਦੇ ਬਾਵਜੂਦ ਵਿਭਾਗ ਨੇ ਇੱਟਾਂ ਪੁੱਟਵਾਈਆਂ : ਸਰਪੰਚ ਕਰਮਵੀਰ ਸਿੰਘ ਮਰਦਾਂਪੁਰ•, ਪੰਜਾਬੀ ਜਾਗਰਣ• ਘਨੌਰ : ਝੋਨੇ ਦੇ ਸੁਰੂ ਹੋਏ ਸੀਜ਼ਨ ’ਚ ਕਿਸਾਨ ਇੱਟਾਂ ਵਾਲੀ ਮੰਡੀ ਪੁੱਟਣ ਕਾਰਨ ਕੱਚੀ ਥਾਂ ’ਤੇ ਝੋਨਾ ਸੁੱਟਣ ਲਈ ਮਜਬੂਰ ਹਨ। ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਦੇ ਜੱਦੀ ਪਿੰਡ ਮਾਹੜੂ ਵਿਖੇ ਝੋਨੇ ਦੀ ਖਰੀਦ ਲਈ ਬਣੇ ਖਰੀਦ ਕੇਂਦਰ ਦੀ ਇੱਟਾਂ ਵਾਲੀ ਮੰਡੀ ਨੂੰ ਪੁੱਟ ਕੇ ਕੱਚੀ ਥਾਂ ’ਤੇ ਤਬਦੀਲ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੱਚੀ ਮੰਡੀ ਵਿੱਚ ਫਸਲ ਸੁੱਟਣ ਕਾਰਨ ਕਾਰਨ ਨਮੀ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਲਈ ਕਈ-ਕਈ ਦਿਨ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ। ਕਿਸਾਨਾਂ ਨੇ ਆਖਿਆ ਕਿ ਜਦੋਂ ਪੱਕੀ ਮੰਡੀ ਵਿੱਚ ਝੋਨਾ ਸੁੱਟਿਆ ਜਾਂਦਾ ਹੈ ਤਾਂ ਫਸਲ ਹੇਠੋਂ ਆਉਣ ਵਾਲੀ ਸਲਾਬ ਤੋਂ ਬਚੀ ਰਹਿੰਦੀ ਹੈ ਅਤੇ ਨਮੀ ਵੀ ਕਾਬੂ ਵਿੱਚ ਰਹਿੰਦੀ ਹੈ ਪਰ ਕੱਚੀ ਮੰਡੀ ਵਿੱਚ ਜ਼ਮੀਨ ਦੀ ਸਲਾਬ ਕਾਰਨ ਝੋਨੇ ਦੀ ਨਮੀ ਵਧ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੰਡੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਉਨ੍ਹਾਂ ਨੂੰ ਦੂਰੋਂ ਪਾਣੀ ਲਿਆਉਣਾ ਪੈ ਰਿਹਾ ਹੈ ਤੇ ਬਿਜਲੀ ਦਾ ਵੀ ਪੁਖਤਾ ਪ੍ਰਬੰਧ ਨਹੀਂ ਹੈ। ਪਿੰਡ ਮਾਹੜੂ ਦੇ ਸਰਪੰਚ ਬਲਜਿੰਦਰ ਸਿੰਘ ਬੱਖੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਜਦੋਂ ਤੱਕ ਨਵੀਂ ਜਗ੍ਹਾ ’ਤੇ ਮੰਡੀ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੁਰਾਣੀ ਇੱਟਾਂ ਵਾਲੀ ਮੰਡੀ ਦੀਆਂ ਇੱਟਾਂ ਨਾ ਪੁੱਟੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵਿਭਾਗ ਵੱਲੋਂ ਇੱਟਾਂ ਪੁੱਟਵਾ ਦਿੱਤੀਆਂ ਗਈਆਂ ਅਤੇ ਹੁਣ ਕਿਸਾਨਾਂ ਨੂੰ ਕੱਚੀ ਜਗ੍ਹਾ ’ਤੇ ਝੋਨਾ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੱਖੂ ਨੇ ਦੋਸ਼ ਲਾਇਆ ਕਿ ਪੰਚਾਇਤ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਹਲਕਾ ਵਿਧਾਇਕ ਦੇ ਦਬਾਅ ਹੇਠ ਪੁਰਾਣੀ ਮੰਡੀ ਦੀਆਂ ਇੱਟਾਂ ਪੁੱਟਵਾ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਮੰਡੀ ਵਿੱਚ ਪਹਿਲਾਂ ਮੁਕੰਮਲ ਪ੍ਰਬੰਧ ਕੀਤੇ ਜਾਂਦੇ ਤਾਂ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਸਰਪੰਚ ਬਲਜਿੰਦਰ ਸਿੰਘ ਬੱਖੂ ਨੇ ਇਹ ਵੀ ਦੋਸ਼ ਲਾਇਆ ਕਿ ਮੰਡੀ ਵਿੱਚ ਬਿਜਲੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪ੍ਰਬੰਧ ਆਪਣੇ ਹੀ ਪਿੰਡ ਦੀ ਮੰਡੀ ਵਿੱਚ ਨਹੀਂ ਕੀਤਾ ਜਾ ਸਕਦਾ, ਉਸ ਤੋਂ ਇਲਾਕੇ ਦੇ ਕਿਸਾਨਾਂ ਲਈ ਕੀ ਉਮੀਦ ਕੀਤੀ ਜਾ ਸਕਦੀ ਹੈ। ਕਿਸਾਨ ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਅਮਨਿੰਦਰ ਸਿੰਘ ਨੇ ਮੰਗ ਕੀਤੀ ਕਿ ਮੰਡੀ ਵਿੱਚ ਤੁਰੰਤ ਢੁਕਵੇਂ ਪ੍ਰਬੰਧ ਕੀਤੇ ਜਾਣ । ਉਨ੍ਹਾਂ ਕਿਹਾ ਕਿ ਮਾਹੜੂ ਦੀ ਇਸ ਮੰਡੀ ਵਿੱਚ ਲਗਭਗ ਡੇਢ ਦਰਜਨ ਪਿੰਡਾਂ ਦੇ ਕਿਸਾਨ ਆਪਣੀ ਫਸਲ ਵੇਚਣ ਲਈ ਆਉਂਦੇ ਹਨ ਅਤੇ ਇਹ ਮੰਡੀ ਹਰਿਆਣਾ ਦੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੰਡੀ ਵਿੱਚ ਸਮੇਂ ਸਿਰ ਸਹੂਲਤਾਂ ਨਾ ਮਿਲੀਆਂ ਤਾਂ ਕੁਝ ਕਿਸਾਨ ਮਜਬੂਰੀਵੱਸ ਆਪਣਾ ਝੋਨਾ ਹਰਿਆਣਾ ਦੀਆਂ ਮੰਡੀਆਂ ਵਿੱਚ ਵੇਚਣ ਲਈ ਜਾਣ ਲੱਗ ਪੈਣਗੇ। ਡੱਬੀ- ਬਿਜਲੀ ਸਪਲਾਈ ਲਈ ਕਾਰਵਾਈ ਜਾਰੀ : ਮੰਡੀ ਸੁਪਰਵਾਈਜ਼ਰ ਇਸ ਸਬੰਧੀ ਮੰਡੀ ਸੁਪਰਵਾਈਜ਼ਰ ਚਰਨਜੀਤ ਸਿੰਘ ਬਾਜਵਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੰਡੀ ਵਿਚ ਸਮਰਸੀਬਲ ਬੋਰ ਕਰਾਇਆ ਹੋਇਆ ਹੈ ਤੇ ਸ਼ਾਮ ਸਮੇਂ ਜਨਰੇਟਰ ਚਲਾ ਕੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦਾ ਕੁਨੈਕਸ਼ਨ ਲਗਭਗ ਇੱਕ ਕਿਲੋਮੀਟਰ ਦੂਰੋਂ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਿਜਲੀ ਦਾ ਕੁਨੈਕਸ਼ਨ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਲਗਭਗ 10 ਦਿਨਾਂ ਦਾ ਸੀਜ਼ਨ ਲੰਘ ਚੁੱਕਾ ਅਜੇ ਤਕ ਵਿਭਾਗ ਨੇ ਬਿਜਲੀ ਕੁਨੈਕਸ਼ਨ ਨਹੀਂ ਕਰਾਇਆ।