ਵਿਧਾਇਕ ਪਠਾਣਮਾਜਰਾ ਨੇ ਵਿਧਾਨ ਸਭਾ ’ਚ ਚੁੱਕੇ ਸਕੂਲ ਤੇ ਜੇਲ੍ਹਾਂ ਦੇ ਮੁੱਦੇ, ਸਰਕਾਰੀ ਸਕੂਲਾਂ ’ਚ ਬਿਜਲੀ ਤੇ ਜੇਲ੍ਹਾਂ ’ਚ ਪਾਣੀ ਦੀ ਸਮੱਸਿਆ ਬਾਰੇ ਕੀਤੀ ਗੱਲਬਾਤ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਕਾਰੀ ਸਕੂਲਾਂ ਦੀ ਬਿਜਲੀ ਵਿਵਸਥਾ ਤੇ ਜੇਲ੍ਹਾਂ ’ਚ ਪੀਣ ਵਾਲੇ ਪਾਣੀ ਦੀ ਘਾਟ ਵਰਗੇ ਗੰਭੀਰ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ। ਸਕੂਲਾਂ ’ਚ ਬਿਜਲੀ ਤੇ ਏ.ਸੀ. ਦਾ ਮੁੱਦਾ ਵਿਧਾਇਕ ਪਠਾਣਮਾਜਰਾ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ’ਚ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਏ.ਸੀ ਲਗਾਏ ਗਏ ਹਨ, ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਸੁਖਾਵੇਂ ਮਾਹੌਲ ’ਚ ਪੜ੍ਹਾਈ ਕਰ ਸਕਣ, ਪਰ ਅਫ਼ਸੋਸ ਦੀ ਗੱਲ ਹੈ ਕਿ ਬਿਜਲੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰਕੇ ਇਹ ਏ.ਸੀ. ਸਿਰਫ਼ ‘ਸ਼ੋਅ ਪ
Publish Date: Thu, 06 Aug 2026 11:33 AM (IST)
Updated Date: Thu, 06 Aug 2026 11:35 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਕਾਰੀ ਸਕੂਲਾਂ ਦੀ ਬਿਜਲੀ ਵਿਵਸਥਾ ਤੇ ਜੇਲ੍ਹਾਂ ’ਚ ਪੀਣ ਵਾਲੇ ਪਾਣੀ ਦੀ ਘਾਟ ਵਰਗੇ ਗੰਭੀਰ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ। ਸਕੂਲਾਂ ’ਚ ਬਿਜਲੀ ਤੇ ਏ.ਸੀ. ਦਾ ਮੁੱਦਾ ਵਿਧਾਇਕ ਪਠਾਣਮਾਜਰਾ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ’ਚ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਏ.ਸੀ ਲਗਾਏ ਗਏ ਹਨ, ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਸੁਖਾਵੇਂ ਮਾਹੌਲ ’ਚ ਪੜ੍ਹਾਈ ਕਰ ਸਕਣ, ਪਰ ਅਫ਼ਸੋਸ ਦੀ ਗੱਲ ਹੈ ਕਿ ਬਿਜਲੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰਕੇ ਇਹ ਏ.ਸੀ. ਸਿਰਫ਼ ‘ਸ਼ੋਅ ਪੀਸ’ ਬਣ ਕੇ ਰਹਿ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਮੀਰਾਂ ਦੇ ਬੱਚੇ ਤਾਂ ਨਿੱਜੀ ਸਕੂਲਾਂ ’ਚ ਜਾਂ ਵਿਦੇਸ਼ਾਂ ’ਚ ਪੜ੍ਹ ਰਹੇ ਹਨ, ਜਦ ਕਿ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਸੁਵਿਧਾਵਾਂ ਤੋਂ ਵਾਂਝੇ ਹਨ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੂੰ ਡਰ ਹੈ ਕਿ ਜੇਕਰ ਏ.ਸੀ. ਚਲਾਏ ਗਏ ਤਾਂ ਬਿਜਲੀ ਦਾ ਬਿੱਲ ਜ਼ਿਆਦਾ ਆਵੇਗਾ ਤੇ ਬਿੱਲ ਨਾ ਭਰਨ ਦੀ ਸੂਰਤ ’ਚ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਪਠਾਣਮਾਜਰਾ ਨੇ ਯਾਦ ਦਿਵਾਇਆ ਕਿ ਪਿਛਲੇ ਸਮੇਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਕੂਲਾਂ ’ਚ ਸੋਲਰ ਪਲਾਂਟ ਲਗਾਉਣ ਦਾ ਭਰੋਸਾ ਦਿੱਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਪੇਡਾ ਰਾਹੀਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਕਾਲਜ ਤੇ ਹੋਰ ਮਹਿਕਮਿਆਂ ’ਚ ਸੋਲਰ ਸਿਸਟਮ ਲਗਾਉਣ ਲਈ ਹੁਣ ਵੀ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਕਿਸੇ ਵਲੋਂ ਲਿਖਤੀ ਤੌਰ ’ਤੇ ਮੰਗ ਆਉਂਦੀ ਹੈ ਤਾਂ ਇਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਭਰੋਸਾ ਦਿਵਾਇਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਿੱਲ ਨਾ ਭਰਨ ਦੇ ਆਧਾਰ ’ਤੇ ਕਿਸੇ ਵੀ ਸਰਕਾਰੀ ਸਕੂਲ ਦਾ ਬਿਜਲੀ ਕਨੈਕਸ਼ਨ ਨਾ ਕੱਟਿਆ ਜਾਵੇ।
ਬਠਿੰਡਾ ਜੇਲ੍ਹ ’ਚ ਪਾਣੀ ਦੀ ਕਿੱਲਤ ਦਾ ਮੁੱਦਾ ਇਸ ਤੋਂ ਇਲਾਵਾ, ਵਿਧਾਇਕ ਪਠਾਣਮਾਜਰਾ ਨੇ ਬਠਿੰਡਾ ਜੇਲ੍ਹ ’ਚ ਕੈਦੀਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਦੋ ਹਜ਼ਾਰ ਤੋਂ ਵੱਧ ਕੈਦੀ ਹਨ, ਪਰ ਉੱਥੇ ਸਿਰਫ਼ ਇੱਕ ਹੀ ਵਾਟਰ ਕੂਲਰ ਹੈ, ਜਿਸ ਨਾਲ ਕੈਦੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਨਿਰਾਲੇ ਅੰਦਾਜ਼ ’ਚ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ‘ਮੈਨੂੰ ਤਾਂ ਜੇਲ੍ਹ ਜਾਣ ਦਾ ਤਜਰਬਾ ਹੈ ਹੀ, ਪਰ ਹੁਣ ਤਾਂ ਕਈ ਹੋਰ ਵੀ ਜੇਲ੍ਹ ਜਾ ਚੁੱਕੇ ਹਨ। ਕੀ ਪਤਾ ਕਦੋਂ ਕਿਸ ਨੂੰ ਜੇਲ੍ਹ ਜਾਣਾ ਪੈ ਜਾਵੇ! ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਮੰਨਿਆ ਕਿ ਜੇਲ੍ਹਾਂ ’ਚ ਸਮਰੱਥਾ ਤੋਂ ਵੱਧ ਕੈਦੀ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਜੇਲ੍ਹਾਂ ’ਚ ਆਰ.ਓ ਵਾਲੇ ਕਰੀਬ 43 ਵਾਟਰ ਕੂਲਰ ਲਗਾਉਣ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਇਹ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ।