ਵਿਧਾਇਕਾ ਮਿੱਤਲ ਨੇ ਸਰਕਾਰੀ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਵਿਧਾਇਕਾ ਨੀਨਾ ਮਿੱਤਲ ਨੇ ਸਰਕਾਰੀ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Wed, 25 Mar 2026 04:50 PM (IST)
Updated Date: Wed, 25 Mar 2026 04:53 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸੂਬੇ ਅੰਦਰ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਕਣਕ ਦੀ ਸਾਂਭ ਸੰਭਾਲ ਲਈ ਬਾਰਦਾਨੇ, ਢੋਆ-ਢੁਆਈ ਲਈ ਆਵਾਜਾਈ ਦੇ ਸਾਧਨਾਂ ਸਮੇਤ ਲੇਬਰ ਤੇ ਮੰਡੀਆਂ ਚ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਬਾਰੇ ਇਕ ਅਹਿਮ ਮੀਟਿੰਗ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਆਂ, ਟਰਾਂਸਪੋਰਟ ਤੇ ਲੇਬਰ ਠੇਕੇਦਾਰਾਂ ਨਾਲ ਬੈਠਕ ਕਰਦਿਆਂ ਕਿਹਾ ਕਿ ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਪ੍ਰਸ਼ਾਸਨ ਵੱਲੋਂ ਸੁਚੱਜੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਬੰਧਾਂ ਦੀ ਅਗੇਤੀ ਤਿਆਰੀ ਕਰ ਲਈ ਗਈ ਹੈ ਅਤੇ ਸਰਕਾਰ ਵੱਲੋ ਕਿਸਾਨਾਂ ਦੀ ਜਿਣਸ ਦਾ ਦਾਣਾ-ਦਾਣਾ ਸਮੇਂ ਸਿਰ ਖਰੀਦਿਆ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਮਿੱਤਰ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਪ੍ਰਬੰਧਾਂ ਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਮੱਠ ਨਹੀਂ ਹੋਣੀ ਚਾਹੀਦੀ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਣਕ ਦੇ ਖਰੀਦ ਪ੍ਰਬੰਧਾਂ ਦੀ ਸਮੁਚੀ ਦੇਖਰੇਖ ਖ਼ੁਦ ਕਰ ਰਹੇ ਹਨ। ਇਸ ਮੌਕੇ ਆੜਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਆੜ੍ਹਤੀ ਅਤੇ ਕਿਸਾਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਖੇਤੀ ਪੰਜਾਬ ਦੀ ਰੀਡ ਦੀ ਹੱਡੀ ਹੈ ਅਤੇ ਫ਼ਸਲ ਦੀ ਖਰੀਦ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਕਟਵਾਉਣ ਅਤੇ ਮੰਡੀ ਵਿਚ ਸੁਕੀ ਕਣਕ ਲੈ ਕੇ ਆਉਣ। ਇਸ ਮੌਕੇ ਏਐੱਫਓ ਵਰਿੰਦਰ ਕੁਮਾਰ, ਸੈਕਟਰੀ ਮਾਰਕੀਟ ਕਮੇਟੀ ਜਸਵਿੰਦਰ ਸਿੰਘ, ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਮਾਰਕਫੈੱਡ ਇੰਸਪੈਕਟਰ ਲਖਬੀਰ ਸਿੰਘ, ਆੜ੍ਹਤੀ ਲਲਿਤ ਡਾਹਰਾ, ਜਤਿੰਦਰ ਨਾਟੀ, ਹਰੀਸ਼ ਨਰੂਲਾ, ਵਿਜੈ ਕਕੜ, ਰਵੀ ਅਹੂਜਾ, ਸੰਜੀਵ ਗੋਇਲ, ਮਨੀਸ਼ ਜਿੰਦਲ ਸਮੇਤ ਅਧਿਕਾਰੀ ਅਤੇ ਆੜ੍ਹਤੀ ਮੌਜੂਦ ਸਨ।